ਬਨੂੜ ਖੇਤਰ ’ਚ ਗੋਭੀ ਸਰ੍ਹੋਂ ਦੀ ਕਾਸ਼ਤ ਹੇਠ ਰਕਬਾ ਵਧਿਆ

March 07 2022

ਪਿਛਲੇ ਵਰ੍ਹੇ ਗੋਭੀ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਇਲਾਵਾ ਮਿਲਦੇ ਚੰਗੇ ਭਾਅ ਕਾਰਨ ਬਨੂੜ ਖੇਤਰ ਵਿੱਚ ਇਸ ਵਰ੍ਹੇ ਵੱਡੀ ਕਿਸਾਨਾਂ ਨੇ ਪੱਧਰ ਉੱਤੇ ਗੋਭੀ ਸਰ੍ਹੋਂ ਦੀ ਫ਼ਸਲ ਬੀਜੀ ਹੋਈ ਹੈ। ਇਲਾਕੇ ਦੇ ਤਕਰੀਬਨ ਸਾਰੇ ਪਿੰਡਾਂ ਦੇ ਖੇਤਾਂ ਵਿੱਚ ਇਨ੍ਹੀਂ ਦਿਨੀਂ ਗੋਭੀ ਸਰ੍ਹੋਂ ਦੇ ਖਿੜ ਰਹੇ ਫੁੱਲ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੇ ਹਨ।

ਇਲਾਕੇ ਦੇ ਕਿਸਾਨਾਂ ਦੇ ਦੱਸਿਆ ਕਿ ਪਿਛਲੇ ਵਰ੍ਹੇ ਵੀ ਗੋਭੀ ਸਰ੍ਹੋਂ ਪੰਜ ਹਜ਼ਾਰ ਰੁਪਏ ਕੁਇੰਟਲ ਤੋਂ ਵੱਧ ਕੀਮਤ ’ਤੇ ਵਿਕਦੀ ਰਹੀ ਹੈ। ਗੋਭੀ ਸਰ੍ਹੋਂ ਦੇ ਤੇਲ ਦੀ ਮੰਗ ਵਧਣ ਕਾਰਨ ਇਸ ਵਰ੍ਹੇ ਇਨ੍ਹਾਂ ਫ਼ਸਲਾਂ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਹੈ। ਪਿਛਲੇ ਦਿਨੀਂ ਪਏ ਮੀਂਹ ਨੇ ਗੋਭੀ ਸਰ੍ਹੋਂ ਦਾ ਕਾਫੀ ਫ਼ਾਇਦਾ ਕੀਤਾ ਹੈ, ਜਿਸ ਕਾਰਨ ਇਸ ਵਰ੍ਹੇ ਇਸ ਫ਼ਸਲ ਦਾ ਝਾੜ ਹੋਰ ਵਧੀਆ ਰਹਿਣ ਦੀ ਸਭਾਵਨਾ ਹੈ। ਗੋਭੀ ਸਰ੍ਹੋਂ ਅੱਠ ਤੋਂ 10 ਕੁਇੰਟਲ ਪ੍ਰਤੀ ਏਕੜ ਦਾ ਝਾੜ ਦੇ ਦਿੰਦੀ ਹੈ, ਜਿਸ ਨਾਲ ਕਿਸਾਨਾਂ ਨੂੰ 50 ਤੋਂ 60 ਹਜ਼ਾਰ ਰੁਪਏ ਦੀ ਆਮਦਨ ਹੋ ਜਾਂਦੀ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਵੀ ਹੁੰਦੀ ਹੈ।

ਗੋਭੀ ਸਰ੍ਹੋਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਜੇਕਰ ਇਸ ਵਰ੍ਹੇ ਸਹੀ ਭਾਅ ਮਿਲ ਗਿਆ ਅਤੇ ਝਾੜ ਠੀਕ ਰਿਹਾ ਤਾਂ ਉਹ ਅਗਲੇ ਵਰ੍ਹੇ ਉਹ ਇਸ ਫਸਲ ਦੀ ਕਾਸ਼ਤ ਹੇਠ ਰਕਬਾ ਹੋਰ ਵਧਾਉਣਗੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੂੰ ਕਿਸਾਨਾਂ ਲਈ ਗੋਭੀ ਸਰ੍ਹੋਂ ਅਤੇ ਅਜਿਹੀਆਂ ਹੋਰ ਫ਼ਸਲਾਂ ਲਈ ਮੁਫ਼ਤ ਬੀਜ, ਦਵਾਈਆਂ ਦੇਣ ਤੋਂ ਇਲਾਵਾ ਸਰਕਾਰ ਵੱਲੋਂ ਸੁਚੱਜੇ ਮੰਡੀਕਰਨ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਸਾਰੀਆਂ ਤੇਲ ਬੀਜਾਂ ਅਤੇ ਦਾਲਾਂ ਵਾਲੀਆਂ ਫ਼ਸਲਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ਅਨੁਸਾਰ ਯਕੀਨੀ ਬਣਾਉਣੀ ਚਾਹੀਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune