ਬਨੂੜ ਖੇਤਰ ਵਿੱਚ ਅਗੇਤੇ ਝੋਨੇ ਦੀ ਵਾਢੀ ਆਰੰਭ

September 11 2020

ਬਨੂੜ ਖੇਤਰ ਵਿੱਚ ਅਗੇਤੇ ਝੋਨੇ ਦੀ ਕਟਾਈ ਆਰੰਭ ਹੋ ਗਈ ਹੈ। ਪਿੰਡ ਗੋਬਿੰਦਗੜ੍ਹ ਵਿਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਪਰਵਾਸੀ ਮਜ਼ਦੂਰ ਝੋਨੇ ਦੀ ਹੱਥਾਂ ਨਾਲ ਕਟਾਈ ਕਰ ਰਹੇ ਹਨ। ਪਿੰਡ ਸਨੇਟਾ, ਬਠਲਾਣਾ, ਤਸੌਲੀ ਤੇ ਹੋਰ ਕਈ ਪਿੰਡਾਂ ਵਿੱਚ ਅਗੇਤੀਆਂ ਕਿਸਮਾਂ ਦਾ ਝੋਨਾ ਪੱਕਿਆ ਖੜ੍ਹਾ ਹੈ ਤੇ ਇਸ ਦੀ ਕਟਾਈ ਅਗਲੇ ਇਕ-ਦੋ ਦਿਨਾਂ ਵਿੱਚ ਆਰੰਭ ਹੋ ਜਾਵੇਗੀ।

ਗੋਬਿੰਦਗੜ੍ਹ ਦੇ ਕਿਸਾਨ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਛੇ ਏਕੜ ਦੇ ਰਕਬੇ ਵਿੱਚ ਸਿਪਟ ਗੋਲਡਨ ਨਾਮ ਦੀ ਝੋਨੇ ਦੀ ਕਿਸਮ ਲਗਾਈ ਸੀ। ਇਹ ਝੋਨਾ 10 ਜੂਨ ਨੂੰ ਲਗਾਇਆ ਸੀ ਤੇ 90 ਦਿਨ ਤੋਂ ਵੀ ਪਹਿਲਾਂ ਪੱਕ ਗਿਆ ਹੈ। ਉਨ੍ਹਾਂ ਕਿਹਾ ਕਿ ਝੋਨੇ ਦਾ ਝਾੜ ਠੀਕ ਰਹਿਣ ਦੀ ਸੰਭਾਵਨਾ ਹੈ। ਕਿਸਾਨ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਝੋਨੇ ਦੀ ਕਟਾਈ ਆਰੰਭ ਕਰਵਾਈ ਸੀ ਤੇ ਅੱਜ ਇਕ ਏਕੜ ਥਾਂ ਦੀ ਝੜਾਈ ਵੀ ਹੋ ਗਈ ਹੈ। ਖਾਲੀ ਹੋਏ ਖੇਤਾਂ ਵਿੱਚ ਆਲੂ ਤੇ ਹੋਰ ਫ਼ਸਲਾਂ ਦੀ ਕਾਸ਼ਤ ਕੀਤੀ ਜਾਵੇਗੀ।

ਇਸੇ ਦੌਰਾਨ ਪੱਕੇ ਹੋਏ ਝੋਨੇ ਨੂੰ ਕੱਟਣ ਦੀ ਉਡੀਕ ਕਰ ਰਹੇ ਕਿਸਾਨਾਂ ਵਿੱਚ ਝੋਨੇ ਦੀ ਖਰੀਦ ਨੂੰ ਲੈਕੇ ਭੰਬਲਭੂਸਾ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਆਰੰਭ ਹੋਣੀ ਹੈ ਪਰ ਉਦੋਂ ਤੱਕ ਤਾਂ ਬਨੂੜ ਖੇਤਰ ਵਿੱਚ 50 ਫ਼ੀਸਦੀ ਝੋਨਾ ਕੱਟ ਜਾਵੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਆਰੰਭ ਕਰਾਈ ਜਾਵੇ।

ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗੀ: ਚੇਅਰਮੈਨ

ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ ਨੇ ਦੱਸਿਆ ਕਿ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਆਰੰਭ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲੋਂ ਹਰਿਆਣਾ ਦੇ ਨੇੜੇ ਪੈਂਦੀਆਂ ਮੰਡੀਆਂ ਵਾਲੇ ਖੇਤਰਾਂ ਤੋਂ ਝੋਨਾ ਅੰਬਾਲਾ ਜਾਣ ਤੋਂ ਰੋਕਣ ਲਈ ਜਲਦੀ ਖਰੀਦ ਆਰੰਭ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਕਾਰਨ ਬਨੂੜ ਮੰਡੀ ਵਿੱਚ ਭੀੜ ਨੂੰ ਰੋਕਣ ਲਈ ਕਰਾਲਾ ਅਤੇ ਪਰਲਜ਼ ਦੇ ਮੈਦਾਨ ਵਿੱਚ ਵੀ ਝੋਨੇ ਦੀ ਖਰੀਦ ਕਰਾਉਣ ਦਾ ਪ੍ਰਸਤਾਵ ਸਰਕਾਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਨੂੜ ਮੰਡੀ ਵਿੱਚ ਸਾਰੇ ਪ੍ਰਬੰਧ ਮੁਕੰਮਲ ਹਨ ਪਰ ਝੋਨੇ ਦੀ ਖਰੀਦ ਏਜੰਸੀਆਂ ਨੇ ਕਰਨੀ ਹੈ ਤੇ ਉਸ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune