ਬਦਲਦੇ ਮੌਸਮ ਨੂੰ ਲੈ ਕੇ ਕਿਸਾਨਾਂ ’ਚ ਪਾਇਆ ਜਾ ਰਿਹੈ ਨਿਰਾਸ਼ਾ ਦਾ ਆਲਮ

April 09 2019

20ਵੀਂ ਸਦੀ ’ਚ ਕਿਸਾਨ ਹੱਥੀਂ ਦਾਤਰੀ ਨਾਲ ਕਣਕ ਦੀ ਫ਼ਸਲ ਕੱਟਦੇ ਤੇ ਸੰਭਾਲਦੇ ਹੁੰਦੇ ਸਨ। ਵਿਸਾਖੀ ਮੇਲੇ ਤੋਂ ਪਹਿਲਾਂ-ਪਹਿਲਾਂ ਕਿਸਾਨ ਕਣਕ ਤੇ ਤੂਡ਼ੀ ਸੰਭਾਲ ਕੇ, ਵਿਹਲੇ ਹੋ ਕੇ, ਰਲ-ਮਿਲ ਕੇ, ਨੱਚਦੇ-ਟੱਪਦੇ ਵਿਸਾਖੀ ਦਾ ਮੇਲਾ ਵੇਖਣ ਜਾਂਦੇ ਸਨ। ‘ਜੱਟਾ ਆਈ ਵਿਸਾਖੀ ਮੁੱਕ ਗਈ ਕਣਕਾਂ ਦੀ ਰਾਖੀ’ ਆਦਿ ਮੁਹਾਵਰੇ ਪ੍ਰਚੱਲਤ ਸਨ ਪਰੰਤੂ 21ਵੀਂ ਸਦੀ ਵਿਚ ਇਹ ਮੁਹਾਵਰਾ ਬਿਲਕੁਲ ਉਲਟ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਹੈ। ਜੱਟਾ ਆਈ ਵਿਸਾਖੀ ਪੈ ਗਈ ਕਰਨੀ ਕਣਕਾਂ ਦੀ ਰਾਖੀ, ਹੌਲੀ-ਹੌਲੀ ਬਦਲਦੇ ਮੌਸਮ, ਮੀਂਹ-ਹਨੇਰੀਆਂ ਕਾਰਨ ਹਰ ਸਾਲ ਕਣਕ ਦੀ ਕਟਾਈ ਵਿਸਾਖੀ ਮੇਲੇ ਤੋਂ ਕਾਫ਼ੀ ਦਿਨ ਬਾਅਦ ਹੀ ਹੋਣ ਲੱਗ ਪਈ ਹੈ। ਚਿੰਤਤ ਹੋਏ ਕਿਸਾਨਾਂ ਨੂੰ ਵਿਸਾਖੀ ਮੇਲਾ ਫਿੱਕਾ-ਫਿੱਕਾ ਮਹਿਸੂਸ ਹੋਣ ਲੱਗਾ ਹੈ। ਇਸ ਸਬੰਧੀ ਕੁੱਝ ਕਿਸਾਨਾਂ ਜਗਪ੍ਰੀਤ ਸਿੰਘ, ਤਰਲੋਕ ਸਿੰਘ, ਪ੍ਰਭਦਿਆਲ ਸਿੰਘ, ਧਨਵੰਤ ਸਿੰਘ ਢਿੱਲੋਂ ਪਾਖਰਪੁਰਾ, ਹਰਦੀਪ ਸਿੰਘ ਮਰਡ਼, ਜਥੇ. ਜੋਗਿੰਦਰ ਸਿੰਘ ਜੈਂਤੀਪੁਰ, ਅਜੀਤ ਸਿੰਘ ਘਸੀਟਪੁਰਾ ਤੇ ਹਰਜਿੰਦਰ ਸਿੰਘ ਰੌਡ਼ੀਵਾਲ ਆਦਿ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਹਰ ਸਾਲ ਕਣਕ ਦੀ ਕਟਾਈ ਵਿਸਾਖੀ ਮੇਲੇ ਤੋਂ 15-20 ਦਿਨਾਂ ਮਗਰੋਂ ਹੀ ਸ਼ੁਰੂ ਹੁੰਦੀ ਹੈ। ਦੂਜਾ ਕਣਕ ਪੱਕ ਜਾਣ ’ਤੇ ਮਾਲਵੇ ਖੇਤਰ ’ਚ ਆਉਣ ਵਾਲੀਆਂ ਕੰਬਾਈਨਾਂ ਦੀ ਵੀ 10-12 ਦਿਨ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਅਰਦਾਸ ਕੀਤੀ ਕਿ ਸਾਡੀ ਪੁੱਤਾਂ ਵਾਂਗ ਪਾਲੀ ਕਣਕ ਸਹੀ ਸਲਾਮਤ ਰਹੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Jagbani