ਬਗ਼ੈਰ ਜ਼ਮੀਨ ਤੋਂ ਖੇਤੀ ਕਰ ਮੁਟਿਆਰ ਕਮਾ ਰਹੀ 8 ਕਰੋੜ ਸਾਲਾਨਾ

April 08 2019

ਅੱਜ-ਕੱਲ੍ਹ ਖੇਤੀ ਨੂੰ ਘਾਟੇ ਦਾ ਸੌਦਾ ਸਮਝਿਆ ਜਾਣ ਲੱਗਾ ਹੈ। ਉੱਥੇ ਹੀ ਕੁਝ ਅਗਾਂਹਵਧੂ ਕਿਸਾਨ ਅਜਿਹੇ ਹਨ ਜੋ ਥੋੜ੍ਹੇ ਵਿੱਚੋਂ ਵੀ ਚੋਖੀ ਆਮਦਨ ਹਾਸਲ ਕਰ ਰਹੇ ਹਨ। ਅਜਿਹੇ ਕਿਸਾਨਾਂ ਵਿੱਚੋਂ ਇੱਕ ਹੈ 37 ਸਾਲਾ ਮਹਿਲਾ ਕਿਸਾਨ ਗੀਤਾਂਜਲੀ ਰਾਜਾਮਣੀ। ਉਹ ਪੋਸਟ ਗ੍ਰੈਜੂਏਟ ਹੈ। ਪਹਿਲਾਂ ਛੱਤ ਤੇ ਬਾਗ਼ਬਾਨੀ ਕੰਪਨੀ ਤੇ ਹੁਣ ਕੁਦਰਤੀ ਖੇਤੀ ਕੰਪਨੀ ਨਾਲ ਕਰੋੜਾਂ ਦੀ ਕਮਾਈ ਕਰ ਰਹੀ ਹੈ।

14 ਜੂਨ, 1981 ਚ ਹੈਦਰਾਬਾਦ ਚ ਜਨਮੀ ਗੀਤਾਂਜਲੀ ਜਦ ਦੋ ਕੁ ਸਾਲਾਂ ਦੀ ਸੀ, ਉਸ ਦੇ ਪਿਤਾ ਦੀ ਮੌਤ ਹੋ ਗਈ। ਮਾਂ ਨੇ ਉਸ ਨੂੰ ਤੇ ਉਸ ਦੇ ਵੱਡੇ ਭਰਾ ਨੂੰ ਪੜ੍ਹਾਇਆ-ਲਿਖਾਇਆ। ਗੀਤਾਂਜਲੀ ਨੇ ਸਾਲ 2004 ਵਿੱਚ ਐਮਬੀਏ ਦੀ ਡਿਗਰੀ ਕਰ ਲਈ ਤੇ 12 ਸਾਲ ਨੌਕਰੀ ਕੀਤੀ। ਸਾਲ 2014 ਵਿੱਚ ਉਸ ਨੇ ਛੱਤ ਤੇ ਬਾਗ਼ ਯਾਨੀ ਰੂਫ ਟਾਪ ਗਾਰਡਨਿੰਗ, ਟੈਰੇਸ ਗਾਰਡਨਿੰਗ ਡਿਜ਼ਾਈਨਿੰਗ ਦਾ ਕੰਮ ਕਰਨ ਵਾਲੀ ਕੰਪਨੀ ਗ੍ਰੀਨ ਮਾਇ ਲਾਈਫ ਦੀ ਸ਼ੁਰੂਆਤ ਕੀਤੀ। ਇਸ ਕੰਪਨੀ ਦਾ ਸਾਲਾਨਾ ਕਾਰੋਬਾਰ ਛੇ ਕਰੋੜ ਰੁਪਏ ਦਾ ਹੈ।

ਇਸ ਤੋਂ ਬਾਅਦ ਗੀਤਾਂਜਲੀ ਨੇ ਫਾਰਮੀਜਨ ਕੰਪਨੀ ਖੋਲ੍ਹੀ। ਆਪਣੇ ਦੋ ਦੋਸਤਾਂ ਨਾਲ ਰਲ ਕੇ ਖੋਲ੍ਹੀ ਕੰਪਨੀ ਵਿੱਚ ਉਸ ਨੇ 600X600 ਵਰਗ ਫੁੱਟ ਯਾਨੀ ਤਕਰੀਬਨ ਸਵਾ ਦੋ ਮਰਲੇ ਥਾਂ ਨੂੰ ਲੋਕਾਂ ਲਈ ਕਿਰਾਏ ਤੇ ਲੈਣ ਦੀ ਪੇਸ਼ਕਸ਼ ਕੀਤੀ, ਜਿਸ ਵਿੱਚ ਉਹ ਆਪਣੀ ਮਰਜ਼ੀ ਦੀਆਂ ਸਬਜ਼ੀਆਂ ਲਵਾ ਸਕਦੇ ਹੋਣ। ਉਨ੍ਹਾਂ ਦੀ ਕੰਪਨੀ ਗਾਹਕਾਂ ਨੂੰ ਕੁਦਰਤੀ ਰੂਪ ਨਾਲ ਜ਼ਹਿਰ ਮੁਕਤ ਸਬਜ਼ੀਆਂ ਪੈਦਾ ਕਰਕੇ ਦਰ ਤੇ ਪਹੁੰਚਦਾ ਕਰਨ ਦਾ ਕੰਮ ਕਰਦੀ ਹੈ।

ਫਾਰਮੀਜਨ ਚ ਪੈਦਾ ਹੋਣ ਵਾਲੀਆਂ ਸਬਜ਼ੀਆਂ, ਫਲ ਤੇ ਉਹ ਨਿੰਮ ਦਾ ਤੇਲ, ਅਰੰਡੀ ਤੇਲ ਆਦਿ ਦਾ ਛਿੜਕਾਅ ਕੀਤਾ ਜਾਂਦਾ ਹੈ। ਗੀਤਾਂਜਲੀ ਲੋਕਾਂ ਨੂੰ ਇਹ ਉਦਾਹਰਣ ਦੇ ਕੇ ਕੁਦਰਤੀ ਖੇਤੀ ਵੱਲ ਪ੍ਰੇਰਿਤ ਕਰਦੀ ਹੈ ਕਿ ਜੇਕਰ ਕੀੜਾ ਇਸ ਸਬਜ਼ੀ ਨੂੰ ਖਾ ਕੇ ਜਿਊਂਦਾ ਰਹਿ ਸਕਦਾ ਹੈ ਤਾਂ ਤੁਸੀਂ ਵੀ ਰਹਿ ਸਕਦੇ ਹੋ, ਅਜਿਹਾ ਕਰਦਿਆਂ ਤੁਸੀਂ ਯਕੀਨਨ ਜ਼ਹਿਰ ਤਾਂ ਨਹੀਂ ਖਾ ਰਹੇ।

ਗੀਤਾਂਜਲੀ ਤੇ ਉਸ ਦੇ ਦੋਸਤਾਂ ਨੇ ਬੈਂਗਲੁਰੂ, ਹੈਦਰਾਬਾਦ ਤੇ ਸੂਰਤ ਵਿੱਚ ਕੁੱਲ 46 ਏਕੜ ਰਕਬੇ ਤੋਂ 8.40 ਕਰੋੜ ਰੁਪਏ ਦਾ ਟਰਨਓਵਰ ਲੈਂਦੀ ਹੈ। ਗੀਤਾਂਜਲੀ ਦੀ ਯੋਜਨਾ ਦੀ ਖ਼ਾਸ ਗੱਲ ਇਹ ਹੈ ਕਿ ਉਸ ਨੇ ਇਹ ਜ਼ਮੀਨ ਖਰੀਦੀ ਨਹੀਂ ਬਲਕਿ ਕਿਸਾਨਾਂ ਤੋਂ ਹੀ ਆਰਗੈਨਿਕ ਖੇਤੀ ਵਾਸਤੇ ਲਈ ਹੈ। ਇਸ ਵਿੱਚ ਕੰਮ ਵੀ ਕਿਸਾਨ ਹੀ ਕਰਦੇ ਹਨ। ਫਾਰਮੀਜਨ ਤੇ ਕਿਸਾਨ 50-50 ਸਾਂਝੇਦਾਰੀ ਕਰਦੇ ਹਨ ਤੇ ਗਾਹਕਾਂ ਨੂੰ ਪਲਾਟ ਦੇ 2,500 ਰੁਪਏ ਵਸੂਲੇ ਜਾਂਦੇ ਹਨ। ਹੁਣ ਗੀਤਾਂਜਲੀ ਵ੍ਹੱਟਸਐਪ ਦੀ ਮਦਦ ਨਾਲ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਵਿੱਚ ਲੱਗੀ ਹੋਈ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Sanjha