ਫਸਲ ਦਾ ਸਰਕਾਰੀ ਮੁੱਲ ਨਾ ਮਿਲਣ ਕਾਰਨ ਕਿਸਾਨ ਪਰੇਸ਼ਾਨ

April 04 2019

ਪੰਜਾਬ ਦੇ ਕਿਸਾਨ ਕਦੇ ਕੁਦਰਤ ਅਤੇ ਕਦੇ ਸਰਕਾਰਾਂ ਦੀ ਮਾਰ ਕਾਰਨ ਕੱਖੋ ਹੋਲੇ ਹੋ ਰਹੇ ਹਨ ਅਤੇ ਕਰਜ਼ੇ ਦੇ ਭਾਰ ਹੇਠ ਦੱਬ ਰਹੇ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਤਲਵੰਡੀ ਸਾਬੋ ਦੇ ਇਲਾਕੇ ਦਾ ਸਾਹਮਣੇ ਆਇਆ ਹੈ, ਜਿੱਥੋਂ ਦੇ ਕਿਸਾਨਾਂ ਨੂੰ ਸਰ੍ਹੋਂ ਦੀ ਫਸਲ ਚ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਸਰਕਾਰ ਦੀਆਂ ਸਿਫਾਰਸ਼ਾਂ ਤੇ ਫਸਲੀ ਚੱਕ ਚੋਂ ਨਿਕਲ ਕੇ ਕਿਸਾਨ ਭਾਵੇਂ ਹੋਰ ਫਸਲ ਦੀ ਬੀਜਾਈ ਕਰ ਲੈਂਦੇ ਹਨ ਪਰ ਉਨ੍ਹਾਂ ਨੂੰ ਨਿਮੋਸ਼ੀ ਦਾ ਸਾਹਮਣਾ ਤਾਂ ਕਰਨਾ ਹੀ ਪੈਦਾ ਹੈ। ਸਰ੍ਹੋਂ ਦੀ ਫਸਲ ਦਾ ਸਰਕਾਰੀ ਮੁੱਲ 4200 ਦੇ ਕਰੀਬ ਹੈ ਪਰ ਫਸਲ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫਸਲ 3300 ਦੇ ਕਰੀਬ ਨਿੱਜੀ ਕੰਪਨੀਆਂ ਜਾਂ ਆੜਤੀਆਂ ਨੂੰ ਵੇਚਣੀ ਪੈ ਰਹੀ ਹੈ। 

ਇਸ ਸਬੰਧੀ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰ੍ਹੋਂ ਦੀ ਫਸਲ ਚੋਂ ਇਸ ਵਾਰ ਝਾੜ ਘੱਟ ਨਿਕਲੀ ਹੈ ਅਤੇ ਫਸਲ ਦਾ ਪੂਰਾ ਮੁੱਲ ਵੀ ਉਨ੍ਹਾਂ ਨੂੰ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪੂਰਾ ਭਾਅ ਦੇਣ ਦਾ ਵਾਅਦਾ ਤਾਂ ਕਰਦੀ ਹੈ ਪਰ ਜ਼ਮੀਨੀ ਹਕੀਕਤ ਚ ਅਜਿਹਾ ਕੁਝ ਨਹੀਂ ਹੁੰਦਾ। ਦੂਜੇ ਪਾਸੇ ਬੀ.ਕੇ.ਯੂ. ਲੱਖੋਵਾਲ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਰੋਂ੍ਹ ਦੀ ਐੱਮ.ਐੱਸ.ਪੀ. 4200 ਨਿਰਧਾਰਤ ਕੀਤੀ ਹੈ ਪਰ ਕਿਸਾਨ 700-800 ਰੁਪਏ ਦਾ ਘਾਟਾ ਪਾ ਕੇ ਆਪਣੀ ਫਸਲ ਵੇਚ ਰਿਹਾ ਹੈ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਉਨ੍ਹਾਂ ਦੀ ਫਸਲ ਖਰੀਦ ਕਰਨ ਅਤੇ ਜਾਂ ਕਿਸਾਨਾਂ ਨੂੰ ਹੋ ਰਹੇ ਘਾਟੇ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ।  

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Jagbani