ਪੱਛਮੀ ਗੜਬੜੀ ਫਿਰ ਸਰਗਰਮ, ਇਨ੍ਹਾਂ ਰਾਜਾਂ ’ਚ ਭਾਰੀ ਮੀਂਹ ਤੇ ਬਰਫ਼ਬਾਰੀ ਦੇ ਆਸਾਰ

April 05 2021

ਮੌਸਮ ਵਿਭਾਗ ਅਨੁਸਾਰ ਅੱਜ ਪੱਛਮੀ ਗੜਬੜਾ ਮੁੜ ਸਰਗਰਮ ਹੋ ਰਹੀ ਹੈ, ਜਿਸ ਕਾਰਣ ਮੌਸਮ ਵਿਭਾਗ ਨੇ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅੱਜ ਕਈ ਰਾਜਾਂ ’ਚ ਗਰਮੀ ਵਧੇਗੀ। ਉੱਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਪਹਾੜੀ ਇਲਾਕਿਆਂ ’ਚ ਮੀਂਹ ਤੇ ਬਰਫ਼ਬਾਰੀ ਦਾ ਅਨੁਮਾਨ ਹੈ।

ਕੇਰਲ ਤੇ ਕੁਝ ਹੋਰ ਰਾਜਾਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ 4 ਅਪ੍ਰੈਲ ਤੋਂ ਪੱਛਮੀ ਗੜਬੜੀ ਸ਼ੁਰੂ ਹੋਵੇਗੀ। ਇਸ ਕਾਰਣ ਮੌਸਮ ਤੇਜ਼ੀ ਨਾਲ ਪਾਸਾ ਬਦਲੇਗਾ ਤੇ ਉੱਤਰਾਖੰਡ ’ਚ 7 ਅਪ੍ਰੈਲ ਨੂੰ ਮੀਂਹ ਪੈ ਸਕਦਾ ਹੈ।

ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼, ਗੁਜਰਾਤ ਸਮੇਤ ਕਈ ਰਾਜਾਂ ਵਿੱਚ ਲੂ ਚੱਲਣ ਦੀ ਸੰਭਾਵਨਾ ਹੈ। ਇੰਝ ਹੁਣ ਲੋਕਾਂ ਨੂੰ ਤੀਖਣ ਗਰਮੀ ਦਾ ਵੀ ਸਾਹਮਣਾ ਕਰਨਾ ਪਵੇਗਾ। ਉੱਧਰ ਕੇਰਲ, ਓੜੀਸ਼ਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਜਿਹੇ ਰਾਜਾਂ ਵਿੱਚ ਮੀਂਹ ਦਾ ਅਲਰਟ ਹੈ। ਜੇ ਪਹਾੜੀ ਰਾਜਾਂ ਦੀ ਗੱਲ ਕਰੀਏ, ਤਾਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ, ਗਿਲਗਿਤ ਬਾਲਟਿਸਤਾਨ ਵਿੱਚ ਹਲਕੀ ਵਰਖਾ ਦੀ ਚੇਤਾਵਨੀ ਹੈ।

ਕੱਲ੍ਹ ਤੋਂ ਹਲਕਾ ਮੀਂਹ ਤੇ ਉਚਾਈ ਵਾਲੇ ਇਲਾਕਿਆਂ ’ਚ ਬਰਫ਼ਬਾਰੀ ਹੋ ਸਕਦੀ ਹੈ। ਕਈ ਰਾਜਾਂ ’ਚ ਮੌਸਮ ਵਿਭਾਗ ਨੇ ‘ਯੈਲੋ ਅਲਰਟ’ ਵੀ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ ’ਚ ਚਾਰ ਅਪ੍ਰੈਲ ਤੋਂ ਪੱਛਮੀ ਗੜਬੜੀ ਕਾਰਣ ਮੌਸਮ ਬਦਲੇਗਾ। ਪੰਜ ਤੋਂ ਸੱਤ ਅਪ੍ਰੈਲ ਤੱਕ ਮੈਦਾਨੀ ਤੇ ਦਰਮਿਆਨੀ ਉਚਾਈ ਵਾਲੇ ਭਾਗਾਂ ’ਚ ਮੀਂਹ ਪੈਣ ਤੇ ਝੱਖੜ ਝੁੱਲਣ ਦੀ ਸੰਭਾਵਨਾ ਹੈ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਪੰਜ, ਛੇ ਤੇ ਸੱਤ ਅਪ੍ਰੈਲ ਨੂੰ ਊਨਾ, ਬਿਲਾਸਪੁਰ, ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸੋਲਨ ਤੇ ਸਿਰਮੌਰ ਦੇ ਕੁਝ ਸਥਾਨਾਂ ਉੱਤੇ ਝੱਖੜ ਝੁੱਲਣ ਤੇ ਗੜੇ ਪੈਲਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪੂਰਵ ਅਨੁਮਾਨ ਅਨੁਸਾਰ ਸ਼ਿਮਲਾ, ਕੁੱਲੂ, ਮੰਡੀ, ਸੋਲਨ, ਚੰਬਾ, ਸਿਰਮੌਰ ’ਚ ਪੰਜ ਤੇ ਛੇ ਅਪ੍ਰੈਲ ਨੂੰ ਭਾਰੀ ਮੀਂਹ ਪਵੇਗਾ, ਝੱਖੜ ਝੁੱਲ ਸਕਦਾ ਹੈ ਤੇ ਗੜੇ ਵੀ ਪੈ ਸਕਦੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: abplive