ਪੱਕੇ ਮੋਰਚਿਆਂ ’ਚ ਕਿਸਾਨਾਂ ਦੇ ਹੌਸਲੇ ਬੁਲੰਦ

March 10 2021

ਸੰਯੁਕਤ ਕਿਸਾਨ ਮੋਰਚਾ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਲੜੀਵਾਰ ਧਰਨੇ ਦੀ ਅਗਵਾਈ ਅੱਜ ਵੀ ਅਮਨਦੀਪ ਕੌਰ, ਮਹਿੰਦਰ ਕੌਰ, ਰਾਜਿੰਦਰ ਕੌਰ ਅਤੇ ਸੁਖਵਿੰਦਰ ਕੌਰ ਕਿਸਾਨ ਭੈਣਾਂ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਸੁਰਜੀਤ ਸਿੰਘ ਸੀਲੋ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਘੋਲ ਦਿੱਲੀ ਦੀਆਂ ਸਰਹੱਦਾਂ ਉੱਪਰ ਜਾਰੀ ਹੈ ਅਤੇ ਹੁਣ ਅਗਲੇ ਪੜਾਅ ਵਿੱਚ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਤੇਜ਼ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਨ੍ਹਾਂ ਚਿਰ ਇਹ ਘੋਲ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਸੈਂਬਲੀ ਚੋਣਾਂ ਵਾਲੇ ਪੰਜ ਰਾਜਾਂ ਵਿੱਚ ਕਿਸਾਨ ਆਗੂ ਕਿਸਾਨਾਂ ਮਜ਼ਦੂਰਾਂ ਨੂੰ ਜਾਗਰੂਕ ਕਰਨ ਲਈ ਡੇਰੇ ਲਾਉਣਗੇ। ਇਸ ਮੌਕੇ ਨੌਜਵਾਨ ਆਗੂ ਹਰਨੇਕ ਸਿੰਘ ਗੁੱਜਰਵਾਲ, ਕਲੈਕਟਰ ਸਿੰਘ ਨਾਰੰਗਵਾਲ, ਹਰਜਿੰਦਰ ਸਿੰਘ, ਜਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ। ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਹਿੱਸੋਵਾਲ ਟੌਲ ਪਲਾਜ਼ਾ ਉੱਪਰ ਵੀ ਕਿਸਾਨਾਂ ਵੱਲੋਂ ਧਰਨਾ ਜਾਰੀ ਹੈ।

ਇਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸਥਾਨਕ ਰੇਲਵੇ ਪਾਰਕ ’ਚ ਚੱਲ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਅੱਜ 160ਵੇਂ ਦਿਨ ’ਚ ਦਾਖ਼ਲ ਹੋ ਗਿਆ। ਕਿਸਾਨ ਆਗੂ ਦਰਸ਼ਨ ਸਿੰਘ ਗਾਲਿਬ ਦੀ ਅਗਵਾਈ ’ਚ ਅੱਜ ਪੰਜ ਸਾਥੀ ਭੁੱਖ ਹੜਤਾਲ ’ਚ ਸ਼ਾਮਲ ਹੋਏ। ਇਨਾਂ ’ਚ ਅਮਰਜੀਤ ਸਿੰਘ ਪ੍ਰਦੇਸੀ, ਬਾਪੂ ਗਿੰਦਰ ਸਿੰਘ, ਸੁਖਦੇਵ ਸਿੰਘ ਗਾਲਿਬ, ਨਛੱਤਰ ਸਿੰਘ, ਗੁਰਚਰਨ ਸਿੰਘ ਕਾਉਂਕੇ ਸ਼ਾਮਲ ਸਨ। ਕਿਸਾਨ ਆਗੂ ਹਰਚੰਦ ਸਿੰਘ ਢੋਲਣ ਨੇ ਬੀਤੇ ਦਿਨ ਔਰਤ ਮੁਕਤੀ ਦਿਵਸ ’ਤੇ ਸੰਬੋਧਨ ਕਰਨ ਵਾਲੀਆਂ ਔਰਤ ਆਗੂਆਂ ਦਾ ਧੰਨਵਾਦ ਕੀਤਾ, ਜਿਨਾਂ ਨੇ ਪੂਰੀ ਬੇਬਾਕੀ ਨਾਲ ਵਿਚਾਰ ਪ੍ਰਗਟ ਕਰਕੇ ਸਮਾਗਮ ਨੂੰ ਸਫ਼ਲ ਬਣਾਇਆ। ਅੱਜ ਦੇ ਧਰਨੇ ’ਚ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ, ਅਧਿਆਪਕ ਆਗੂ ਅਵਤਾਰ ਸਿੰਘ ਗਿੱਲ, ਹਰਭਜਨ ਸਿੰਘ ਦੌਧਰ, ਜਗਦੀਸ਼ ਸਿੰਘ ਆਦਿ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਵੋਟ ਸਿਆਸਤ ਤੋਂ ਪ੍ਰੇਰਿਤ ਲੰਗੜਾ ਬਜਟ ਕਰਾਰ ਦਿੱਤਾ। ਇਸ ਬਜਟ ’ਚ ਚਾਰ ਸਾਲ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਕੀਤੇ ਵਾਅਦਿਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਕਿਸਾਨਾਂ, ਮਜ਼ਦੂਰਾਂ ਲਈ ਸਿਰਫ ਨਾਮਾਤਰ ਰਕਮ ਰੱਖੀ ਗਈ ਹੈ। ਮੁਲਾਜ਼ਮ ਵਰਗ ਨੂੰ ਬੁੱਧੂ ਬਨਾਉਣ ਦਾ ਕੋਝਾ ਯਤਨ ਕੀਤਾ ਗਿਆ ਹੈ। ਹਰ ਤਰ੍ਹਾਂ ਦੇ ਕਰਜ਼ੇ ਰੱਦ ਕਰਨ, ਹਰ ਘਰ ਨੌਕਰੀ, ਹਰ ਨੌਜਵਾਨ ਨੂੰ ਸਮਾਰਟ ਫੋਨ ਆਦਿ ਵਾਅਦੇ ਅਲੋਪ ਹੋ ਚੁੱਕੇ ਹਨ। ਇਸ ਸਮੇਂ ਪੰਜਾਬ ਸਰਕਾਰ ਤੋਂ ਪੈਟਰੋਲ ਅਤੇ ਡੀਜ਼ਲ ’ਤੇ ਸੂਬਾ ਸਰਕਾਰ ਦੇ ਟੈਕਸ ਖ਼ਤਮ ਕਰਕੇ ਲੋਕਾਂ ’ਤੇ ਮਾਲੀ ਬੋਝ ਘਟਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ।

ਇਕ ਮਤੇ ਰਾਹੀਂ ਬੀਤੇ ਦਿਨੀਂ ਪਟਿਆਲਾ ਵਿੱਚ ਔਰਤ ਦਿਵਸ ’ਤੇ ਹੱਕ ਮੰਗਦੇ ਬੇਰੁਜ਼ਗਾਰ ਨੌਜਵਾਨਾਂ ਵਿਸ਼ੇਸ਼ ਕਰ ਕੇ ਔਰਤਾਂ ’ਤੇ ਲਾਠੀਚਾਰਜ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਨਿੰਦਾ ਕੀਤੀ ਗਈ। ਇਸ ਮੌਕੇ ਪਰਵਾਰ ਸਿੰਘ ਗਾਲਿਬ, ਰਾਮਜੀ ਦਾਸ, ਦਲਜੀਤ ਸਿੰਘ ਬਿੱਲੂ, ਪ੍ਰੋ. ਸਰਬਜੀਤ ਸਿੰਘ ਗਰੇਵਾਲ, ਹਰਬੰਸ ਸਿੰਘ ਬਾਰਦੇਕੇ, ਜਸਵਿੰਦਰ ਸਿੰਘ ਕਾਉਂਕੇ ਆਦਿ ਹਾਜ਼ਰ ਸਨ।

ਕਿਸਾਨਾਂ ਵੱਲੋਂ ਜਿੱਤ ਕੇ ਮੁੜਨ ਦਾ ਅਹਿਦ

ਗਰਮੀ ਦਾ ਮੌਸਮ ਸ਼ੁਰੂ ਹੋਣ ’ਤੇ ਦਿੱਲੀ ਦੀਆਂ ਬਰੂਹਾਂ ’ਤੇ ਤਿੰਨ ਖੇਤੀ ਕਾਨੰਨਾਂ ਵਿਰੁੱਧ ਚੱਲ ਰਹੇ ਲੋਕ ਅੰਦੋਲਨ ਵਿੱਚ ਸ਼ਾਮਲ ਯੋਧਿਆਂ ਲਈ, ਲੁਧਿਆਣੇ ਤੋਂ 32 ਪੱਖੇ ਦੇਣ ਗਿਆ ਕਾਫ਼ਲਾ ਅੰਤਰਰਾਸ਼ਟਰੀ ਔਰਤ ਦਿਵਸ ਵਿੱਚ ਭਾਗ ਲੈਣ ਉਪਰੰਤ ਰਾਤੀਂ ਵਾਪਸ ਪੁੱਜਿਆ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਆਗੂਆਂ ਬੂਟਾ ਸਿੰਘ ਬੁਰਜਗਿੱਲ, ਮਨਜੀਤ ਸਿੰਘ ਧਨੇਰ ਅਤੇ ਗੁਰਦੀਪ ਸਿੰਘ ਰਾਮਪੁਰਾ ਨੇ ਇਹ ਪੱਖੇ ਪ੍ਰਾਪਤ ਕਰਦਿਆਂ ਕਾਫ਼ਲੇ ਦਾ ਧੰਨਵਾਦ ਕੀਤਾ। ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਇਸ ਮੌਕੇ ਕਿਹਾ ਕਿ ਅਸੀਂ ਲੋਕਾਂ ਵੱਲੋਂ ਦਿੱਤੇ ਅਥਾਹ ਸਹਿਯੋਗ ਨੂੰ ਅਜਾਈਂ ਨਹੀਂ ਗੁਆਵਾਂਗੇ ਸਗੋਂ ਉਨ੍ਹਾਂ ਦੀਆਂ ਉਮੀਦਾਂ ਤੇ ਪੂਰੇ ਉਤਰਕੇ, ਇਸ ਸੰਘਰਸ਼ ਨੂੰ ਜਿੱਤ ਕੇ ਹੀ ਵਾਪਸ ਮੁੜਾਂਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune