ਪੰਜਾਬ ’ਚ ਮੀਂਹ ਤੇ ਝੱਖੜ ਕਾਰਨ ਵੀਹ ਹਜ਼ਾਰ ਹੈਕਟੇਅਰ ਰਕਬੇ ਵਿੱਚ ਫ਼ਸਲਾਂ ਦਾ ਨੁਕਸਾਨ

October 18 2023

ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਪਏ ਬੇਮੌਸਮੇ ਮੀਂਹ ਤੇ ਝੱਖੜ ਨੇ ਖੇਤਾਂ ਵਿੱਚ ਤਿਆਰ ਖੜ੍ਹੀਆਂ ਫਸਲਾਂ ਨੂੰ ਧਰਤੀ ’ਤੇ ਵਿਛਾ ਦਿੱਤਾ ਹੈ। ਇਸ ਨਾਲ ਸੂਬੇ ’ਚ ਜ਼ਿਆਦਾਤਰ ਥਾਵਾਂ ’ਤੇ ਫਸਲ ਨੁਕਸਾਨੀ ਗਈ ਹੈ ਜਿਸ ਨਾਲ ਝਾੜ ’ਤੇ ਵੀ ਅਸਰ ਪਵੇਗਾ। ਜਾਣਕਾਰੀ ਅਨੁਸਾਰ ਬੇਮੌਸਮੇ ਮੀਂਹ ਤੇ ਝੱਖੜ ਕਰਕੇ ਪੰਜਾਬ ਭਰ ਵਿੱਚ 20 ਹਜ਼ਾਰ ਹੈਕਟੇਅਰ ਦੇ ਕਰੀਬ ਫ਼ਸਲ ਪ੍ਰਭਾਵਿਤ ਹੋ ਗਈ ਹੈ। ਪਟਿਆਲਾ ਤੇ ਗੁਰਦਾਸਪੁਰ ਜ਼ਿਲ੍ਹੇ ’ਚ ਗੜੇਮਾਰੀ ਕਰਕੇ ਸਭ ਤੋਂ ਵੱਧ ਫਸਲ ਨੁਕਸਾਨੀ ਗਈ ਹੈ। ਉੱਧਰ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਫ਼ਸਲਾਂ ਦੇ ਖਰਾਬੇ ਸਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਬਲਾਕ ਭੁਨਰਹੇੜੀ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਜ਼ਿਲ੍ਹਾ ਗੁਰਦਾਸਪੁਰ ’ਚ 15 ਫ਼ੀਸਦ ਦੇ ਕਰੀਬ ਫਸਲ ਨੁਕਸਾਨੀ ਗਈ ਹੈ। ਬਲਾਕ ਡੇਰਾ ਬਾਬਾ ਨਾਨਕ ਤੇ ਬਟਾਲਾ ਵਿੱਚ ਜ਼ਿਆਦਾ ਨੁਕਸਾਨ ਹੋਇਆ ਹੈ। ਬਲਾਕ ਫਾਜ਼ਿਲਕਾ ਵਿੱਚ 30 ਫ਼ੀਸਦ, ਜਲਾਲਾਬਾਦ ’ਚ 12 ਫ਼ੀਸਦ ਤੇ ਫਤਿਹਗੜ੍ਹ ਸਾਹਿਬ ਵਿੱਚ 2 ਫ਼ੀਸਦ ਫਸਲ ਪ੍ਰਭਾਵਿਤ ਹੋਈ ਹੈ। ਹਾਲਾਂਕਿ ਬਲਾਕ ਲੰਬੀ ਵਿੱਚ 4 ਹਜ਼ਾਰ ਹੈਕਟੇਅਰ ਦੇ ਕਰੀਬ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।ਪੰਜਾਬ ਵਿੱਚ ਮੀਂਹ ਤੇ ਝੱਖੜ ਕਰਕੇ ਫਸਲਾਂ ਦੀ ਕਟਾਈ ਅਤੇ ਮੰਡੀਆਂ ਵਿੱਚ ਖਰੀਦ ਰੁਕ ਗਈ ਹੈ। ਫ਼ਸਲਾਂ ਦੀ ਖਰੀਦ ਰੁਕਣ ਕਰਕੇ ਸੂਬੇ ਦੀਆਂ ਮੰਡੀਆਂ ’ਚ ਝੋਨੇ ਦੀਆਂ ਬੋਰੀਆਂ ਦੇ ਢੇਰ ਲੱਗ ਗਏ ਹਨ।

ਸਰੋਤ: ਪੰਜਾਬੀ ਟ੍ਰਿਬਿਊਨ