ਪੰਜਾਬ ’ਚ ਮੀਂਹ ਤੇ ਝੱਖੜ ਕਾਰਨ ਝੋਨਾ ਵਿੱਛਿਆ

October 11 2023

ਪੰਜਾਬ ਵਿਚ ਕਈ ਥਾਵਾਂ ਉਤੇ ਬੀਤੀ ਰਾਤ ਝੱਖੜ ਤੇ ਮੀਂਹ ਨੇ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਹਨੇਰੀ ਤੇ ਮੀਂਹ ਇੰਨੇ ਤੇਜ਼ ਸਨ ਕਿ ਖੇਤਾਂ ਵਿਚ ਖੜ੍ਹੀ ਫਸਲ ਵਿੱਛ ਗਈ ਹੈ। ਮੰਡੀਆਂ ਵਿਚ ਪਿਆ ਝੋਨਾ ਵੀ ਗਿੱਲਾ ਹੋ ਗਿਆ ਹੈ। ਉਧਰ, ਮੌਸਮ ਵਿਭਾਗ ਵੱਲੋਂ ਤਾਜ਼ਾ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਅੱਜ ਯਾਨੀ ਮੰਗਲਵਾਰ (10 ਅਕਤੂਬਰ) ਨੂੰ ਦਿੱਲੀ-ਐਨਸੀਆਰ ਸਮੇਤ ਉੱਤਰਾਖੰਡ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਵਿਭਾਗ ਨੇ ਹਿਮਾਚਲ ਪ੍ਰਦੇਸ਼ ਚ ਮੀਂਹ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਪੰਜਾਬ ਵਿੱਚ ਵੀ ਮੰਗਲਵਾਰ ਦੀ ਸਵੇਰ ਚੰਗੀ ਬਾਰਿਸ਼ ਹੋਈ ਹੈ। ਜਿਸ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਮਹਿਸੂਸ ਕੀਤੀ ਗਈ। ਲੁਧਿਆਣੇ ’ਚ ਸਵੇਰ ਤੋਂ ਦੁਪਹਿਰ ਤੱਕ ਕਈ ਵਾਰ ਹਲਕਾ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਹੁਣ 13 ਅਕਤੂਬਰ ਤੱਕ ਸੂਬੇ ’ਚ ਮੌਸਮ ਖੁਸ਼ਕ ਰਹੇਗਾ। ਉਸ ਤੋਂ ਬਾਅਦ 14 ਤੇ 15 ਅਕਤੂਬਰ ਨੂੰ ਮੁੜ ਬਾਰਿਸ਼ ਦੀ ਸੰਭਵਨਾ ਹੈ।

ਭਾਰਤੀ ਮੌਸਮ ਵਿਭਾਗ (IMD) ਨੇ 12 ਅਕਤੂਬਰ ਤੱਕ ਉੱਤਰ ਪੂਰਬ, ਪੂਰਬੀ, ਦੱਖਣ ਅਤੇ ਉੱਤਰ ਪੱਛਮੀ ਭਾਰਤ ਦੇ ਕਈ ਖੇਤਰਾਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਚ ਮੌਸਮ ਵਿਭਾਗ ਨੇ 10 ਅਕਤੂਬਰ ਨੂੰ ਅੰਸ਼ਕ ਤੌਰ ਤੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

ਮੌਸਮ ਵਿਭਾਗ ਨੇ 12 ਅਕਤੂਬਰ ਤੋਂ ਬਾਅਦ ਦੱਖਣੀ ਪ੍ਰਾਇਦੀਪ ਭਾਰਤ, ਉੱਤਰ-ਪੂਰਬੀ ਭਾਰਤ ਅਤੇ ਟਾਪੂਆਂ ਤੇ 2 ਦਿਨ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਇਸ ਸਮੇਂ ਦੌਰਾਨ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ, ਮੌਸਮ ਵਿਗਿਆਨੀਆਂ ਨੇ ਵੀਰਵਾਰ ਤੱਕ ਭਾਰਤ ਦੇ ਕਈ ਹਿੱਸਿਆਂ ਵਿੱਚ ਤੂਫਾਨ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਵੱਖ-ਵੱਖ ਰਾਜਾਂ ਤੋਂ ਦੱਖਣ-ਪੱਛਮੀ ਮਾਨਸੂਨ ਦੇ ਹਟਣ ਦੀ ਵੀ ਭਵਿੱਖਬਾਣੀ ਕੀਤੀ ਹੈ।

ਮੌਸਮ ਵਿਭਾਗ ਨੇ ਆਪਣੀ ਤਾਜ਼ਾ ਭਵਿੱਖਬਾਣੀ ਵਿੱਚ ਕਿਹਾ ਹੈ ਕਿ ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼ ਦੇ ਬਾਕੀ ਹਿੱਸੇ; ਬਿਹਾਰ, ਝਾਰਖੰਡ, ਗੰਗਾ ਪੱਛਮੀ ਬੰਗਾਲ, ਓਡੀਸ਼ਾ, ਛੱਤੀਸਗੜ੍ਹ, ਤੇਲੰਗਾਨਾ ਦੇ ਕੁਝ ਹਿੱਸਿਆਂ ਅਤੇ ਮਹਾਰਾਸ਼ਟਰ ਅਤੇ ਮੱਧ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ ਤੋਂ ਦੱਖਣ-ਪੱਛਮੀ ਮਾਨਸੂਨ ਦੇ ਵਾਪਸੀ ਲਈ ਹਾਲਾਤ ਅਨੁਕੂਲ ਬਣ ਰਹੇ ਹਨ।

ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਸਕਾਈਮੇਟ ਵੈਦਰ ਦੀ ਰਿਪੋਰਟ ਦੇ ਅਨੁਸਾਰ, ਉੱਤਰ-ਪੂਰਬੀ ਭਾਰਤ ਅਤੇ ਤਾਮਿਲਨਾਡੂ, ਤੱਟਵਰਤੀ ਕਰਨਾਟਕ, ਦੱਖਣੀ ਅੰਦਰੂਨੀ ਕਰਨਾਟਕ, ਕੇਰਲ ਦੇ ਕੁਝ ਹਿੱਸਿਆਂ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਚ ਹਲਕੀ ਬਾਰਿਸ਼ ਹੋ ਸਕਦੀ ਹੈ।

ਸਰੋਤ: punjabi.news18.com