ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਨੇ ਔਖੇ ਸਮੇਂ ਚ ਕਿਸਾਨਾਂ ਦੀ ਬਾਂਹ ਫੜੀ

September 14 2020

ਸਹਿਕਾਰਤਾ ਖੇਤਰ ਨੇ ਕਿਸਾਨਾਂ ਦੀ ਆਰਥਕ ਹਾਲਤ ਸੁਧਾਰਨ ਵਿਚ ਹਮੇਸ਼ਾ ਹੀ ਅਹਿਮ ਯੋਗਦਾਨ ਪਾਇਆ ਹੈ ਤੇ ਹਮੇਸ਼ਾ ਕਿਸਾਨੀ ਦੀ ਬਾਂਹ ਫੜੀ ਹੈ। ਵੇਰਕਾ ਅਤੇ ਹੋਰ ਸਰਕਾਰੀ ਸੰਸਥਾਵਾਂ ਕਿਸਾਨਾਂ ਲਈ ਲਾਭਕਾਰੀ ਸਾਬਤ ਹੋ ਰਹੀਆਂ ਹਨ। ਇਕ ਕਿਸਾਨ ਪਵਨਜੋਤ ਸਿੰਘ ਜੋ ਕਿ ਜਲੰਧਰ ਦਾ ਰਹਿਣ ਹੈ, ਨੇ ਦਸਿਆ ਕਿ ਖੇਤੀਬਾੜੀ ਉਨ੍ਹਾਂ ਦਾ ਜੱਦੀ-ਪੁਸ਼ਤੀ ਕਿੱਤਾ ਹੈ। 

ਇਸ ਦੇ ਨਾਲ ਹੀ ਉਨ੍ਹਾਂ ਨੇ 5 ਸਾਲ ਪਹਿਲਾਂ ਸਹਾਇਕ ਧੰਦਾ ਡੇਅਰੀ ਫਾਰਮ ਸ਼ੁਰੂ ਕੀਤਾ ਸੀ। ਉਸ ਨੇ ਕਿਹਾ ਕਿ ਗਾਵਾਂ ਦੇ ਮਲ-ਮੂਤਰ ਨਾਲ ਖੇਤੀ ਨੂੰ ਬਹੁਤ ਲਾਭ ਮਿਲਦਾ ਹੈ। ਉਸ ਨੇ ਕਿਹਾ ਕਿ ਉਹ ਆਲੂਆਂ ਦੀ ਖੇਤੀ ਵੀ ਕਰਦੇ ਹਨ। ਆਲੂਆਂ ਦੀ ਖੇਤੀ ਲਈ ਭੂਮੀ ਨੂੰ ਉਪਜਾਊ ਬਣਾਉਣ ਲਈ ਗਾਵਾਂ ਦੇ ਮਲ-ਮੂਤਰ ਨੂੰ ਬੈਕਟੀਰੀਅਲ ਕਲਚਰ ਵਿਚ ਇਰੀਗੇਸ਼ਨ ਰਾਹੀਂ ਸਾਰੇ ਫਾਰਮ ਵਿਚ ਭੇਜਿਆ ਜਾਂਦਾ ਹੈ।

ਇਸ ਨਾਲ ਆਲੂਆਂ ਦੇ ਬੀਜ ਤੇ ਕਾਫ਼ੀ ਅਸਰ ਹੋਇਆ ਹੈ ਤੇ ਮੱਕੀ ਦੀ ਖੇਤੀ ਵਿਚ ਵੀ ਬਹੁਤ ਝਾੜ ਮਿਲਿਆ ਹੈ। ਉਸ ਨੇ ਕਿਹਾ ਕਿ ਦੁੱਧ ਵੇਚ ਵੀ ਸਾਨੂੰ ਕਾਫ਼ੀ ਮੁਨਾਫ਼ਾ ਹੋ ਰਿਹਾ ਸੀ। ਵੇਰਕਾ ਮਿਲਕ ਪਲਾਂਟ ਵਿਚ ਪਿਛਲੇ ਸਾਲ ਦੁੱਧ ਦੇ ਭਾਅ ਚੰਗੇ ਸਨ ਪਰ ਇਸ ਸਾਲ ਕਈ ਕਾਰਨਾਂ ਕਰ ਕੇ ਭਾਅ ਹੇਠਾਂ ਆ ਗਏ ਹਨ ਤੇ ਡੇਅਰੀ ਫਾਰਮ ਵੀ ਨੁਕਸਾਨ ਵਿਚ ਜਾ ਰਿਹਾ ਹੈ। ਕੋਰੋਨਾ ਅਤੇ ਲਾਕਡਾਊਨ ਵਿਚ ਵੀ ਵੇਰਕਾ ਨੇ ਦੁੱਧ ਦੀ ਸਪਲਾਈ ਜਾਰੀ ਰੱਖੀ ਇਸ ਲਈ ਉਹ ਵੇਰਕਾ ਦਾ ਧੰਨਵਾਦ ਕਰਦੇ ਹਨ।  ਉਨ੍ਹਾਂ ਨੂੰ ਉਮੀਦ ਹੈ ਕਿ ਲਾਕਡਾਊਨ ਸਮੇਂ ਦੁੱਧ ਦਾ ਭਾਅ ਜਿਹੜਾ ਕਿ ਘਟ ਗਿਆ ਸੀ ਉਸ ਨੂੰ ਵਧਾ ਦਿਤਾ ਜਾਵੇਗਾ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸਹਿਕਾਰੀ ਅਦਾਰੇ ਦਾ ਸਾਥ ਦੇਣ ਤੇ ਕੋਆਪਰੇਟਿਵ ਅਦਾਰਾ ਵੀ ਕਿਸਾਨਾਂ ਦੀਆਂ ਮੰਗਾਂ ਦਾ ਧਿਆਨ ਰੱਖੇ।

ਇਕ ਹੋਰ ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡੇਅਰੀ ਫਾਰਮ ਦਾ ਕੰਮ 2009 ਵਿਚ ਛੋਟੇ ਪੱਧਰ ਤੇ ਸ਼ੁਰੂ ਕੀਤਾ ਸੀ। ਫਿਰ 2011 ਵਿਚ ਉਨ੍ਹਾਂ ਨੇ ਅਪਣਾ ਇਸ ਧੰਦੇ ਨੂੰ ਵਧਾਉਣਾ ਸ਼ੁਰੂ ਕੀਤਾ। ਉਨ੍ਹਾਂ ਦੇ ਫਾਰਮ ਦਾ 2 ਕੁਇੰਟਲ ਦੁੱਧ ਵੇਰਕਾ ਮਿਲਕ ਪਲਾਂਟ ਨੂੰ ਜਾਂਦਾ ਹੈ। ਵੇਰਕਾ ਪਲਾਂਟ ਨੇ ਚੰਗੇ ਫ਼ੈਸਲੇ ਲੈ ਕੇ ਕਿਸਾਨੀ ਨੂੰ ਬਚਾਉਣ ਲਈ ਵਧੀਆ ਕਦਮ ਚੁਕੇ ਹਨ ਕਿ ਕਿਸੇ ਵੀ ਤਰ੍ਹਾਂ ਡੇਅਰੀ ਫਾਰਮਰ ਕਿੱਤਾ ਭਰਪੂਰ ਰਹੇ ਤੇ ਵੇਰਕਾ ਪਲਾਂਟ ਦਾ ਵੀ ਕੰਮ ਨਾ ਘਟੇ। ਜੇਕਰ ਕੋਰੋਨਾ ਵਾਇਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਬਿਮਾਰੀ ਦੇ ਚਲਦਿਆਂ ਵੀ ਵੇਰਕਾ ਨੇ ਹੀ ਕਿਸਾਨਾਂ ਦੀ ਬਾਂਹ ਫੜੀ ਹੈ।

ਸਹਿਕਾਰਤਾ ਵਿਭਾਗ ਨੇ ਹਰ ਕਿਸਾਨ ਦੀ ਮੁਸ਼ਕਲ ਦੇ ਹੱਲ ਬਾਰੇ ਸੋਚਿਆ ਹੈ। ਉਨ੍ਹਾਂ ਅੱਗੇ ਕਿਹਾ ਕਿ “ਕੋਰੋਨਾ ਮਹਾਂਮਾਰੀ ਵਿਚ ਜੇ ਸਹਿਕਾਰਤਾ ਵਿਭਾਗ ਬਾਂਹ ਨਾ ਫੜਦਾ ਤਾਂ ਸ਼ਾਇਦ 50 ਫ਼ੀ ਸਦੀ ਕਿਸਾਨ ਖ਼ੁਦਕੁਸ਼ੀ ਕਰ ਜਾਂਦੇ।

ਸਹਿਕਾਰੀ ਬੈਂਕ ਕਰ ਰਿਹਾ ਹੈ ਲੋਕਾਂ ਦੀਆਂ ਮੁਸ਼ਕਲਾਂ ਹੱਲ

ਕੋਆਪਰੇਟਿਵ ਬੈਂਕ ਸੰਸਥਾ ਵਲੋਂ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਿਖਲਾਈ ਦਿਤੀ ਜਾਂਦੀ ਹੈ। ਕੋਆਪਰੇਟਿਵ ਬੈਂਕ ਜੋ ਕਿ ਸਹਿਕਾਰਤਾ ਵਿਭਾਗ ਹੈ, ਕਿਸਾਨ ਅਪਣੀਆਂ ਲੋੜਾਂ ਪੂਰੀਆਂ ਕਰਨ ਲਈ ਇਸ ਨਾਲ ਜੁੜੇ ਹੋਏ ਹਨ। ਇਕ ਕਿਸਾਨ ਨੇ ਦਸਿਆ ਕਿ ਇਸ ਬੈਂਕ ਰਾਹੀਂ ਉਨ੍ਹਾਂ ਦੀਆਂ ਕਈ ਮੁਸ਼ਕਲਾਂ ਹਲ ਹੋਈਆਂ ਹਨ। ਇਸ ਬੈਂਕ ਰਾਹੀਂ ਖੇਤੀਬਾੜੀ, ਗ਼ੈਰ ਖੇਤੀਬਾੜੀ, ਕਿਸੇ ਮਜ਼ਦੂਰ ਨੇ ਕਰਜ਼ਾ ਲੈਣਾ ਜਾਂ ਹਰ ਤਰ੍ਹਾਂ ਦਾ ਕਰਜ਼ਾ ਦਿਤਾ ਜਾਂਦਾ ਹੈ। ਔਰਤਾਂ ਲਈ ਸੈਲਫ਼ ਹੈਲਪ ਗਰੁੱਪ ਬਣਾਏ ਗਏ ਹਨ, ਉਨ੍ਹਾਂ ਵਿਚ ਵੀ ਔਰਤਾਂ ਨੂੰ ਕਰਜ਼ ਦਿਤਾ ਜਾਂਦਾ ਹੈ। ਇਸ ਦੇ ਨਾਲ ਹੀ ਕੀੜੇਮਾਰ ਦਵਾਈਆਂ ਜਾਂ ਹੋਰ ਕਈ ਖਾਦਾਂ ਘੱਟ ਕੀਮਤ ਅਤੇ ਵਧੀਆ ਕੁਆਲਿਟੀ ਦੀਆਂ ਹੁੰਦੀਆਂ ਹਨ।

ਪੰਜਾਬ ਰਾਜ ਸਹਿਕਾਰੀ ਅਤੇ ਮਾਰਕੀਟਿੰਗ ਫ਼ੈਡਰੇਸ਼ਨ ਲਿਮਟਿਡ ਨੂੰ ਮਾਰਕਫ਼ੈੱਡ ਵਜੋਂ ਜਾਣਿਆ ਜਾਂਦਾ ਹੈ। ਗਾਹਕ ਅਮਿਤ ਕੁਮਾਰ ਜੋ ਕਿ ਇਸ ਬ੍ਰਾਂਡ ਦੀ ਵਰਤੋਂ ਕਰਦੇ ਹਨ ਨੇ ਦਸਿਆ ਕਿ ਮਾਰਕਫ਼ੈੱਡ ਪੂਰੇ ਜਲੰਧਰ ਸ਼ਹਿਰ ਵਿਚ ਵਧੀਆ ਕੁਆਲਿਟੀ ਕਰ ਕੇ ਮਸ਼ਹੂਰ ਹੈ। ਮਾਰਕਫ਼ੈੱਡ ਦੀ ਕੀਮਤ ਅਤੇ ਕੁਆਲਿਟੀ ਦੋਵੇਂ ਹੀ ਭਰੋਸੇਯੋਗ ਹਨ।

ਇਸ ਦੀ ਕੀਮਤ ਹੋਰਨਾਂ ਉਤਪਾਦਾਂ ਦੇ ਮੁਕਾਬਲੇ ਬਹੁਤ ਘੱਟ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਾਰਕਫ਼ੈੱਡ ਕਰਮਚਾਰੀਆਂ ਦੀ ਸਰਵਿਸ ਚਾਲੂ ਰਹੀ ਹੈ, ਜਿਸ ਨਾਲ ਆਮ ਲੋਕਾਂ ਨੂੰ ਰਾਸ਼ਨ ਜਾਂ ਹੋਰ ਘਰੇਲੂ ਚੀਜ਼ਾਂ ਲੈਣ ਵਿਚ ਕੋਈ ਮੁਸ਼ਕਲ ਨਹੀਂ ਆਈ। ਇਕ ਹੋਰ ਗਾਹਕ ਮਨਦੀਪ ਸਿੰਘ ਨੇ ਦਸਿਆ ਕਿ“ਮਾਰਕਫ਼ੈੱਡ ਨੇ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਸੇਵਾ ਨਿਭਾਈ ਹੈ। ਇਸ ਦੇ ਉਤਪਾਦ ਕਿਸਾਨਾਂ ਵਲੋਂ ਉਗਾਏ ਜਾਂਦੇ ਹਨ ਤੇ ਇਹ ਹੋਰਨਾਂ ਉਤਪਾਦਾਂ ਦੇ ਮੁਕਾਬਲੇ ਗੁਣਵੱਤਾ ਵਾਲੇ ਹੁੰਦੇ ਹਨ। ਇਸ ਨਾਲ ਕਿਸਾਨਾਂ ਨੂੰ ਬਹੁਤ ਲਾਭ ਹੁੰਦਾ ਹੈ ਕਿ ਉਨ੍ਹਾਂ ਵਲੋਂ ਉਗਾਏ ਗਏ ਉਤਪਾਦਾਂ ਦੀ ਵਿਕਰੀ ਮਾਰਕਫ਼ੈੱਡ ਵਿਚ ਹੁੰਦੀ ਹੈ।”

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman