ਪੰਜਾਬ ਮੰਡੀ ਬੋਰਡ ਨੇ ਪੇਂਡੂ ਇਲਾਕਿਆਂ ’ਚ ਝੋਨੇ ਦੀ ਖ਼ਰੀਦ ਕੀਤੀ ਬੰਦ

November 18 2020

ਪੰਜਾਬ ਮੰਡੀ ਬੋਰਡ ਵਲੋਂ ਸੋਮਵਾਰ ਨੂੰ ਇਕ ਹੁਕਮ ਜਾਰੀ ਕੀਤਾ ਗਿਆ ਹੈ। ਇਸ ਹੁਕਮ ਨੂੰ ਜਾਰੀ ਕਰਦੇ ਹੀ ਉਨ੍ਹਾਂ ਨੇ ਸੂਬੇ ਦੇ ਪੇਂਡੂ ਇਲਾਕਿਆਂ ਵਿਚ ਸਥਿਤ ਝੋਨਾ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ’ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਝੋਨਾ ਖ਼ਰੀਦ ਦੇ ਕੰਮ ਨੂੰ ਸਿਰਫ਼ ਮੁੱਖ ਯਾਰਡਾਂ (ਮੰਡੀਆਂ) ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਪੰਜਾਬ ਮੰਡੀ ਬੋਰਡ ਦੇ ਸਕੱਤਰ ਆਈ. ਏ. ਐੱਸ. ਅਧਿਕਾਰੀ ਰਵੀ ਭਗਤ ਵਲੋਂ ਜਾਰੀ ਕੀਤੇ ਗਏ ਹੁਕਮ ਵਿਚ ਕਿਹਾ ਗਿਆ ਹੈ ਕਿ ਝੋਨਾ ਖ਼ਰੀਦ ਸੀਜਨ 2020 ਦੌਰਾਨ ਕੋਵਿਡ-19 ਨੂੰ ਧਿਆਨ ਵਿਚ ਰੱਖਦਿਆਂ ਝੋਨਾ ਖ਼ਰੀਦ ਲਈ ਮੁੱਖ ਯਾਰਡਾਂ ਤੋਂ ਇਲਾਵਾ ਸਬ ਯਾਰਡ, ਖ਼ਰੀਦ ਕੇਂਦਰ ਅਤੇ ਹੋਰ ਕਈ ਥਾਵਾਂ ਨੂੰ ਮੰਡੀ ਐਲਾਨਿਆ ਗਿਆ ਸੀ। ਇਸ ਤੋਂ ਬਾਅਦ ਹੁਣ ਪ੍ਰਬੰਧਕੀ ਕਾਰਨਾਂ ਨੂੰ ਧਿਆਨ ਵਿਚ ਰੱਖਦਿਆਂ ਮੁੱਖ ਯਾਰਡਾਂ ਤੋਂ ਇਲਾਵਾ ਬਾਕੀ ਸਾਰੀਆਂ ਥਾਂਵਾਂ ’ਤੇ ਝੋਨਾ ਖ਼ਰੀਦ-ਵੇਚ ਦੇ ਕੰਮ ’ਤੇ ਰੋਕ ਲਾਈ ਜਾਂਦੀ ਹੈ। ਪੰਜਾਬ ਮੰਡੀ ਬੋਰਡ ਦੇ ਸਕੱਤਰ ਵਲੋਂ ਜਾਰੀ ਇਸ ਹੁਕਮ ਤੋਂ ਬਾਅਦ ਕਿਸਾਨ ਸੰਗਠਨਾਂ ਦੀ ਭੌਹਾਂ ਤਣ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਇਸ ਮਾਮਲੇ ਵਿਚ ਕਿਹਾ ਕਿ ਸਰਕਾਰ ਨੂੰ ਛੋਟੇ ਕਿਸਾਨਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਫ਼ੈਸਲਾ ਬਦਲਣਾ ਚਾਹੀਦਾ ਹੈ ਅਤੇ ਪੇਂਡੂ ਇਲਾਕਿਆਂ ਵਿਚ ਸਥਿਤ ਮੰਡੀਆਂ ਵਿਚ ਖ਼ਰੀਦ-ਵੇਚ ਜਾਰੀ ਰੱਖਣੀ ਚਾਹੀਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman