ਪੰਜਾਬ ਦੇ ਪਿੰਡਾਂ ਵਿਚ ਬਜ਼ੁਰਗ ਔਰਤਾਂ ਤੇ ਛੋਟੇ ਬੱਚਿਆਂ ਦੇ ਹੱਥਾਂ ਵਿਚ ਕਿਸਾਨ ਯੂਨੀਅਨਾਂ ਦੇ ਝੰਡੇ

November 24 2020

ਲਗਭਗ ਦੋ ਮਹੀਨਿਆਂ ਦੇ ਸਮੇਂ ਤੋਂ ਚਲ ਰਿਹਾ ਪੰਜਾਬ ਦਾ ਕਿਸਾਨ ਅੰਦੋਲਨ ਇਸ ਸਮੇਂ ਦਿੱਲੀ ਕੂਚ ਤੋਂ ਪਹਿਲਾਂ ਪੂਰੀ ਤਰ੍ਹਾਂ ਸਿਖਰ ਵਲ ਵੱਧ ਰਿਹਾ ਹੈ ਅਤੇ ਪੰਜਾਬ ਦੇ ਪਿੰਡਾਂ ਵਿਚ ਤਾਂ ਇਹ ਅੰਦੋਲਨ ਹਰ ਕਿਸਾਨ ਦੇ ਘਰ ਘਰ ਦਾ ਅੰਦੋਲਨ ਬਣ ਚੁੱਕਾ ਹੈ। ਇਸ ਸਮੇਂ 26-27 ਦੇ ਵੱਡੇ ਐਕਸ਼ਨ ਦੀ ਤਿਆਰੀ ਦੀ ਮੁਹਿੰਮ ਦੌਰਾਨ ਤਾਂ ਪਿੰਡਾਂ ਵਿਚ ਕਿਸਾਨ ਪ੍ਰਵਾਰਾਂ ਦੀਆਂ ਬਜ਼ੁਰਗ ਔਰਤਾਂ ਤੇ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਵਿਚ ਕਿਸਾਨ ਯੂਨੀਅਨਾਂ ਦੇ ਝੰਡੇ ਲਹਿਰਾਉਂਦੇ ਦੇਖੇ ਜਾ ਸਕਦੇ ਹਨ। ਮਾਲਵਾ ਦੇ ਜ਼ਿਲ੍ਹਿਆਂ ਵਿਚ ਤਾਂ ਸੱਚਮੁੱਚ ਹੀ ਕਿਸਾਨ ਪ੍ਰਵਾਰਾਂ ਵਿਚ ਦਿੱਲੀ ਚਲੋ ਪ੍ਰੋਗਰਾਮ ਲਈ ਉਤਸ਼ਾਹ ਦੇਖਣ ਵਾਲਾ ਹੈ। ਹਰ ਪਿੰਡ ਵਿਚ ਦਿੱਲੀ ਕੂਚ ਤੋਂ ਪਹਿਲਾਂ ਘਰ ਘਰ ਤੋਂ ਰਾਸ਼ਨ ਤੇ ਰਹਿਣ ਆਦਿ ਲਈ ਜ਼ਰੂਰੀ ਸਾਮਾਨ ਟਨਾਂ ਦੇ ਹਿਸਾਬ ਨਾਲ ਇਕੱਠਾ ਹੋ ਰਿਹਾ ਹੈ। ਕਿਸਾਨ ਆਗੂਆਂ ਨੂੰ ਅਪਣੀ ਸਮਰੱਥਾ ਮੁਤਾਬਕ ਵਿੱਤੀ ਸਹਾਇਤਾ ਵੀ ਹਰ ਵਰਗ ਦੇ ਲੋਕ ਦੇ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਵਾਰ ਆਰ ਪਾਰ ਦੀ ਲੜਾਈ ਹੈ ਤੇ ਕਾਲੇ ਕਾਨੂੰਨਾਂ ਦੀ ਵਾਪਸੀ ਬਿਨਾਂ ਘਰਾਂ ਨੂੰ ਦਿੱਲੀ ਵਲੋਂ ਨਹੀਂ ਪਰਤਣਗੇ। 4 ਤੋਂ 6 ਮਹੀਨੇ ਤਕ ਦੇ ਰਾਸ਼ਨ ਪਾਣੀ ਤੇ ਰਹਿਣ ਦੇ ਬੰਦੋਬਸਤ ਕੀਤੇ ਜਾ ਰਹੇ ਹਨ। ਸੂਬੇ ਦੇ 12000 ਤੋਂ ਵੱਧ ਪਿੰਡ ਹਨ ਅਤੇ ਹਰ ਇਕ ਪਿੰਡ ਵਿਚੋਂ ਇਕ ਟਰੈਕਟਰ ਦੇ ਨਾਲ ਰਾਸ਼ਨ ਪਾਣੀ ਤੇ ਸਮਾਨ ਆਦਿ ਦੀਆ ਭਰੀਆਂ ਦੋ ਦੋ ਟਰਾਲੀਆਂ ਜਾਣਗੀਆਂ। ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਹੁਣ ਤਾਂ ਅੰਤਮ ਪੜਾਅ ਵਿਚ ਦਿੱਲੀ ਕੂਚ ਲਈ ਪ੍ਰਬੰਧਾਂ ਦੀ ਤਿਆਰੀ ਦਾ ਕੰਮ ਔਰਤਾਂ ਨੇ ਹੀ ਸੰਭਾਲ ਲਿਆ ਹੈ। ਦੋ ਦਿਨਾਂ ਦੌਰਾਨ ਔਰਤਾਂ ਵਲੋਂ 300 ਤੋਂ ਵੱਧ ਪਿੰਡਾਂ ਵਿਚ ਅਪਣੇ ਤੌਰ ਤੇ ਹੀ ਕੱਢੇ ਗਏ ਨਿਰੋਲ ਔਰਤਾਂ ਦੇ ਮੁਜ਼ਾਹਰਿਆਂ ਨਾਲ ਅੰਦੋਲਨ ਨੂੰ ਹੋਰ ਬਹੁਤ ਵੱਡਾ ਬਲ ਮਿਲਿਆ ਹੈ। ਨੌਜਵਾਨ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਹੋਰ ਤਿਆਰੀਆਂ ਦੇ ਨਾਲ ਸ਼ਾਮ ਵੇਲੇ ਮਸ਼ਾਲ ਮਾਚ ਕਰ ਕੇ ਲੋਕਾਂ ਨੂੰ ਘਰ ਘਰ ਸੁਨੇਹਾ ਵੀ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪਿੰਡਾਂ ਅੰਦਰ ਮੋਦੀ ਸਰਕਾਰ ਵਿਰੁਧ ਅੰਤਾਂ ਦਾ ਰੋਹ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦਾ ਕਹਿਣਾ ਹੈ ਕਿ ਹਰ ਇਕ ਪਿੰਡ ਵਿਚ ਲੋੜ ਤੋਂ ਵੱਧ ਰਾਸ਼ਨ ਤੇ ਵਿੱਤੀ ਸਹਾਇਤਾ ਆਪ ਮੁਹਾਰੇ ਦਿੱਲੀ ਚਲੋ ਪ੍ਰੋਗਰਾਮ ਲਈ ਮਿਲ ਰਹੀ ਹੈ। ਕਿਸਾਨ ਹੀ ਨਹੀਂ ਮੁਲਾਜ਼ਮ, ਵਿਦਿਆਰਥੀ, ਖੇਤ ਮਜ਼ਦੂਰ ਤੇ ਦੁਕਾਨਦਾਰ ਵੀ ਅੱਗੇ ਹੋ ਕੇ ਸਹਾਇਤਾ ਦੇ ਰਹੇ ਹਨ। ਪੰਜਾਬ ਕਿਸਾਨ ਮੰਚ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਦਿੱਲੀ ਕੂਚ ਦੇਸ਼ ਦੇ ਕਿਸਾਨ ਅੰਦੋਲਨ ਦੇ ਇਤਿਹਾਸ ਵਿਚ ਨਵਾਂ ਰੀਕਾਰਡ ਕਾਇਮ ਕਰੇਗਾ। ਦਿੱਲੀ ਨੂੰ ਹਰ ਪਾਸਿਉਂ ਘੇਰ ਕੇ ਦੇਸ਼ ਦੇ ਕਿਸਾਨ ਮੋਦੀ ਸਰਕਾਰ ਨੂੰ ਅਪਣੇ ਕਾਨੂੰਨਾਂ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦੇਣਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman