ਪੰਜਾਬ ਦੇ ਇਨ੍ਹਾਂ ਇਲਾਕਿਆਂ ਚ ਮੀਂਹ ਤੇ ਝੱਖੜ ਕਾਰਨ ਫਸਲਾਂ ਦਾ ਵੱਡਾ ਨੁਕਸਾਨ

October 17 2023

ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼ ਇਕਦਮ ਬਦਲ ਗਿਆ ਹੈ। ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਮੀਂਹ ਤੇ ਝੱਖੜ ਕਾਰਨ ਕੁਝ ਥਾਵਾਂ ’ਤੇ ਖੇਤਾਂ ਵਿਚ ਖੜ੍ਹੀ ਝੋਨੇ ਤੇ ਨਰਮੇ ਦੀ ਫ਼ਸਲ ਨੁਕਸਾਨੀ ਗਈ ਅਤੇ ਮੰਡੀਆਂ ਵਿੱਚ ਵਿਕਣ ਲਈ ਆਇਆ ਝੋਨਾ ਭਿੱਜ ਗਿਆ।

ਮੌਸਮ ਮਾਹਿਰਾਂ ਅਨੁਸਾਰ ਅਗਲੇ ਦੋ ਦਿਨ ਪੰਜਾਬ ਸਣੇ ਉੱਤਰੀ ਭਾਰਤ ’ਚ ਭਾਰੀ ਮੀਂਹ ਪੈਣ ਦੇ ਆਸਾਰ ਹਨ। ਜਾਣਕਾਰੀ ਅਨੁਸਾਰ ਮਾਝੇ, ਦੁਆਬੇ ਅਤੇ ਪੁਆਧ ਤੋਂ ਬਾਅਦ ਅੱਜ ਤੜਕੇ ਮਾਲਵੇ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਪਿਆ। ਇਸ ਮੀਂਹ ਨੇ ਪੱਕ ਕੇ ਤਿਆਰ ਖੇਤਾਂ ’ਚ ਖੜ੍ਹੀ ਝੋਨੇ ਅਤੇ ਨਰਮੇ ਦੀ ਫ਼ਸਲ ਦਾ ਕਾਫੀ ਨੁਕਸਾਨ ਕੀਤਾ।

ਮੌਸਮ ਵਿਭਾਗ ਨੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ 16-17 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ। ਪੰਜਾਬ ਵਿੱਚ ਮੌਸਮ ਵਿਭਾਗ ਨੇ ਸੋਮਵਾਰ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਆਉਣ ਵਾਲੇ 72 ਘੰਟਿਆਂ ‘ਚ ਵੱਖ-ਵੱਖ ਜ਼ਿਲ੍ਹਿਆਂ ‘ਚ ਮੀਂਹ ਜਾਰੀ ਰਹੇਗੀ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਪਏ ਮੀਂਹ ਕਾਰਨ ਔਸਤ ਤਾਪਮਾਨ ਵਿੱਚ 1.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਸਰੋਤ: news18