ਪੰਜਾਬ ਦੀਆਂ ਮੰਡੀਆਂ ਚ ਲੱਗੇ ਝੋਨੇ ਦੇ ਢੇਰ, ਨਮੀ ਦਾ ਹਵਾਲਾ ਦੇ ਕੇ ਅਜੇ ਵੀ ਨਹੀਂ ਹੋ ਰਹੀ ਖਰੀਦ

October 06 2021

ਅਨਾਜ ਮੰਡੀਆਂ ਵਿੱਚ ਝੋਨੇ ਤੇ ਕਪਾਹ ਦੀ ਫਸਲ ਲਿਆ ਰਹੇ ਪੰਜਾਬ ਦੇ ਕਿਸਾਨਾਂ ਸਾਹਮਣੇ ਇੱਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਸਰਕਾਰੀ ਏਜੰਸੀਆਂ ਝੋਨੇ ਵਿੱਚ ਨਮੀ ਦਾ ਹਵਾਲਾ ਦੇ ਕੇ ਆਪਣਾ ਪੱਲਾ ਝਾੜਦੀਆਂ ਨਜ਼ਰ ਆ ਰਹੀਆਂ ਹਨ।

ਸੂਬੇ ਚ ਹਰ ਸਾਲ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਂਦੀ ਹੈ, ਪਰ ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਨੂੰ 10 ਅਕਤੂਬਰ ਤੋਂ ਸ਼ੁਰੂ ਕਰਨ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਪੰਜਾਬ-ਹਰਿਆਣਾ ਦੇ ਕਿਸਾਨ ਸੜਕਾਂ ਤੇ ਉਤਰੇ ਤੇ ਪ੍ਰਦਰਸ਼ਨ ਕੀਤਾ। ਇਸ ਮਗਰੋਂ ਕੇਂਦਰ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਪਿਆ ਪਰ ਇਸ ਤੋਂ ਬਾਅਦ ਅਜੇ ਵੀ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਦੇ ਕਿਸਾਨਾਂ ਦਾ ਸਾਰਾ ਝੋਨਾ ਮੰਡੀਆਂ ਵਿੱਚ ਪਿਆ ਹੈ। ਉਧਰ ਕਿਸਾਨ ਚਿੰਤਤ ਹਨ ਕਿਉਂਕਿ ਕਿਸਾਨਾਂ ਦੇ ਝੋਨੇ ਦੀ ਖਰੀਦ ਅਜੇ ਵੀ ਸ਼ੁਰੂ ਨਹੀਂ ਹੋਈ। ਕਿਸਾਨਾਂ ਦੀ ਚਿੰਤਾ ਦਾ ਵੱਡਾ ਕਾਰਨ ਮੌਸਨ ਵੀ ਹੈ, ਕਿਉਂਕਿ ਮੰਡੀਆਂ ਚ ਪਿਆ ਝੋਨਾ ਮੀਂਹ ਨਾਲ ਖਰਾਬ ਹੋਣ ਦਾ ਡਰ ਕਿਸਾਨਾਂ ਦੇ ਦਿਲਾਂ ਚ ਹੈ। ਝੋਨੇ ਨੂੰ ਮੀਂਹ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਗਏ। ਸੂਬੇ ਵਿੱਚ ਜਲੰਧਰ, ਪਟਿਆਲਾ, ਖੰਨਾ, ਲੁਧਿਆਣਾ, ਬਠਿੰਡਾ ਦੇ ਨਾਲ ਨਾਲ ਕਪੂਰਥਲਾ ਤੇ ਸੁਨਾਮ ਦੀ ਸਥਿਤੀ ਵੀ ਅਜਿਹੀ ਹੀ ਹੈ।

ਪੇਂਡੂ ਖਰੀਦ ਕੇਂਦਰਾਂ ਦੀ ਸਥਿਤੀ ਸ਼ਹਿਰ ਦੀਆਂ ਮੁੱਖ ਮੰਡੀਆਂ ਦੇ ਮੁਕਾਬਲੇ ਬਦਤਰ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਉਹ ਐਤਵਾਰ ਨੂੰ ਫਸਲ ਲੈ ਕੇ ਪਹੁੰਚੇ ਸੀ ਪਰ ਹੁਣ ਤੱਕ ਖਰੀਦਦਾਰ ਨਹੀਂ ਮਿਲੇ। ਏਜੰਸੀਆਂ ਕਹਿ ਰਹੀਆਂ ਹਨ ਕਿ ਫਸਲ ਵਿੱਚ ਜ਼ਿਆਦਾ ਨਮੀ ਹੈ। ਜਦੋਂ ਤੱਕ ਨਮੀ ਖ਼ਤਮ ਨਹੀਂ ਹੁੰਦੀ, ਫਸਲ ਨਹੀਂ ਖਰੀਦੀ ਜਾਵੇਗੀ।

ਉਧਰ ਅੰਮ੍ਰਿਤਸਰ ਵਿੱਚ ਝੋਨੇ ਦੀ ਖਰੀਦ ਲਈ 57 ਮੰਡੀਆਂ ਵਿੱਚ ਪ੍ਰਬੰਧ ਕੀਤੇ ਗਏ ਸਨ। ਇਨ੍ਹਾਂ ਚੋਂ 9 ਮੰਡੀਆਂ ਚ 3 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਜ਼ਿਲ੍ਹਾ ਸਪਲਾਈ ਫੂਡ ਕੰਟਰੋਲਰ ਰਿਸ਼ੀ ਰਾਜ ਮਹਿਰਾ ਨੇ ਦੱਸਿਆ ਕਿ ਦੋ ਦਿਨਾਂ ਦੌਰਾਨ ਝੋਨੇ ਦੀ ਖ਼ਰੀਦ ਵਿੱਚੋਂ 57 ਫ਼ੀਸਦੀ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ, ਜਦੋਂਕਿ 13 ਫ਼ੀਸਦੀ ਅਦਾਇਗੀ ਕਿਸਾਨਾਂ ਦੇ ਖਾਤੇ ਵਿੱਚ ਆਨਲਾਈਨ ਕੀਤੀ ਜਾ ਚੁੱਕੀ ਹੈ।

ਮੰਗਲਵਾਰ ਨੂੰ ਜਗਰਾਉਂ ਮੰਡੀ ਵਿੱਚ ਬੋਲੀ ਲਗਾਈ ਗਈ। ਹੁਣ ਤੱਕ 500 ਕੁਇੰਟਲ ਝੋਨਾ ਮੰਡੀ ਵਿੱਚ ਪਹੁੰਚ ਚੁੱਕਾ ਹੈ। ਇਸ ਵਿੱਚ ਸਿਰਫ 40 ਕੁਇੰਟਲ ਝੋਨੇ ਦੀ ਹੀ ਨਿਲਾਮੀ ਹੋ ਸਕੀ। ਲੁਧਿਆਣਾ ਵਿੱਚ ਮੰਗਲਵਾਰ ਤੱਕ ਕੁੱਲ 11886 ਟਨ ਝੋਨੇ ਦੀ ਆਮਦ ਹੋਈ ਹੈ। ਕਿਸਾਨਾਂ ਨੂੰ ਹੁਣ ਤੱਕ 4.20 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਜੇਕਰ ਗੱਲ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਦੀ ਕਰੀਏ ਤਾਂ ਇੱਥੇ ਝੋਨੇ ਦੇ ਢੇਰ ਲੱਗ ਗਏ। ਹਾਲਾਤ ਇਹ ਹਨ ਕਿ ਹੁਣ ਮੰਡੀ ਵਿੱਚ ਝੋਨਾ ਸਟੋਰ ਕਰਨ ਲਈ ਕੋਈ ਥਾਂ ਨਹੀਂ ਹੈ। ਮੰਗਲਵਾਰ ਤੱਕ ਕੁੱਲ 80725 ਕੁਇੰਟਲ ਝੋਨਾ ਇੱਥੇ ਪਹੁੰਚ ਚੁੱਕਾ ਹੈ, ਜਿਸ ਚੋਂ 46,300 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਕਰੀਬ 34425 ਕੁਇੰਟਲ ਝੋਨੇ ਦੀ ਅਜੇ ਨਿਲਾਮੀ ਨਹੀਂ ਹੋਈ ਹੈ।

ਏਐਫਐਸਓ ਮਨੀਸ਼ ਭਜਨੀ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਅਜੇ ਤੱਕ ਸ਼ੈਲਟਰ ਅਲਾਟ ਨਹੀਂ ਹੋਏ ਹਨ, ਇਸ ਲਈ ਬੋਲੀ ਲਗਾਏ ਗਏ ਝੋਨੇ ਨੂੰ ਉੱਥੇ ਤਬਦੀਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸ਼ੇਲਟਰ ਅਲਾਟ ਕੀਤੇ ਜਾਂਦੇ ਹਨ, ਅਨਾਜ ਮੰਡੀ ਦੀ ਸਥਿਤੀ ਵਿੱਚ ਸੁਧਾਰ ਹੋਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਏਜੰਸੀਆਂ ਦੀ ਲਾਪ੍ਰਵਾਹੀ ਕਾਰਨ ਕਿਸਾਨਾਂ ਦੀ ਸਾਰੀ ਆਮਦਨ ਦਾਅ ਤੇ ਲੱਗੀ ਹੋਈ ਹੈ। ਜੇ ਮੌਸਮ ਬਦਲਦਾ ਹੈ, ਤਾਂ ਜ਼ਿੰਮੇਵਾਰੀ ਕੌਣ ਲਵੇਗਾ? ਕਿਸਾਨ ਦੀ ਮਿਹਨਤ ਤੇ ਪਾਣੀ ਫਿਰ ਜਾਵੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live