ਪੰਜਾਬ ਦੀਆਂ ਮੰਡੀਆਂ ਚ ਮੱਕੀ ਦੀ ਆਮਦ ਤੇਜ਼ , ਕਿਸਾਨ ਬੋਲੇ - MSP ਤੋਂ ਘੱਟ ਮਿਲ ਰਿਹੈ ਰੇਟ

June 03 2022

ਖੰਨਾ : ਪੰਜਾਬ ਦੀਆਂ ਮੰਡੀਆਂ ਚ ਮੱਕੀ ਦੀ ਆਮਦ ਤੇਜ਼ ਹੋ ਗਈ ਹੈ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਰੋਜ਼ਾਨਾ ਦੋ ਹਜ਼ਾਰ ਬੋਰੀਆਂ ਮੱਕੀ ਦੀ ਫਸਲ ਆ ਰਹੀ ਹੈ। ਭਾਵੇਂ ਕਿ ਪਿਛਲੇ ਸਾਲ ਨਾਲੋਂ ਕਿਸਾਨਾਂ ਨੂੰ ਮੱਕੀ ਦਾ ਰੇਟ ਜ਼ਿਆਦਾ ਮਿਲ ਰਿਹਾ ਹੈ ਪਰ ਮੱਕੀ ਦੀ ਐਮਐਸਪੀ 1870 ਰੁਪਏ ਪ੍ਰਤੀ ਕੁਇੰਟਲ ਤੋਂ ਰੇਟ ਬਹੁਤ ਘੱਟ ਮਿਲ ਰਿਹਾ ਹੈ। ਖੰਨਾ ਮੰਡੀ ਚ ਮੱਕੀ 1100 ਤੋਂ ਲੈ ਕੇ 1500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ। ਐਮਐਸਪੀ ਮੁਤਾਬਕ ਰੇਟ ਨਾ ਦੇਣਾ ਜਿਥੇ ਆੜ੍ਹਤੀਆਂ ਨੇ ਆਪਣੀ ਮਜ਼ਬੂਰੀ ਦੱਸਿਆ ,ਉਥੇ ਹੀ ਐਮਐਸਪੀ ਨਾ ਮਿਲਣ ਕਰਕੇ ਕਿਸਾਨਾਂ ਨੇ ਸਰਕਾਰ ਖਿਲਾਫ਼ ਰੋਸ ਵੀ ਜਤਾਇਆ ਹੈ।
ਮੱਕੀ ਦੀ ਖਰੀਦ ਕਰਨ ਵਾਲੇ ਆੜ੍ਹਤੀਏ ਸੰਜੂ ਸਾਹਨੇਵਾਲੀਆ ਅਤੇ ਆਤਿਸ਼ ਬਾਂਸਲ  ਨੇ ਦੱਸਿਆ ਕਿ ਮੰਡੀ ਚ ਆਉਣ ਵਾਲੀ ਮੱਕੀ ਦੀ ਫਸਲ ਕਾਫੀ ਗਿੱਲੀ ਹੈ। ਕਰੀਬ 50 ਫੀਸਦੀ ਨਮੀ ਹੁੰਦੀ ਹੈ ਜਦਕਿ ਇਹ 15 ਤੋਂ 20 ਫੀਸਦੀ ਤੱਕ ਚਾਹੀਦੀ ਹੈ। ਇਸ ਕਰਕੇ ਰੇਟ ਘੱਟ ਲਾਇਆ ਜਾ ਰਿਹਾ ਹੈ ਕਿਉਂਕਿ ਖਰੀਦਣ ਵਾਲੇ ਨੂੰ ਵੀ ਲੇਬਰ ਤੇ ਹੋਰ ਖਰਚੇ ਪੈਂਦੇ ਹਨ। ਜਿਹੜੀ ਮੱਕੀ ਸੁੱਕੀ ਆ ਰਹੀ ਹੈ, ਉਸਦਾ ਰੇਟ ਤਾਂ ਐਮਐਸਪੀ ਤੋਂ ਵੀ ਵੱਧ ਮਿਲ ਰਿਹਾ ਹੈ। 2 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਨੂੰ ਵੀ ਢੇਰੀ ਵਿਕ ਰਹੀ ਹੈ। ਜੇਕਰ ਸਰਕਾਰ ਚਾਹੁੰਦੀ ਹੈ ਕਿ ਮੱਕੀ ਦਾ ਰੇਟ ਐਮਐਸਪੀ ਮੁਤਾਬਕ ਮਿਲੇ ਤਾਂ ਮੱਕੀ ਦੀ ਫਸਲ ਨੂੰ ਸੁਕਾਉਣ ਦੇ ਪ੍ਰਬੰਧ ਮੰਡੀਆਂ ਚ ਸਰਕਾਰੀ ਪੱਧਰ ਤੇ ਕਰਨੇ ਚਾਹੀਦੇ ਹਨ।
ਫਸਲ ਵੇਚਣ ਆਏ ਕਿਸਾਨ ਜਸਪ੍ਰੀਤ ਸਿੰਘ ਤੇ ਜਗਵੀਰ ਸਿੰਘ ਨੇ ਰੇਟ ਉਪਰ ਅਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਐਮਐਸਪੀ ਮੁਤਾਬਕ ਰੇਟ ਦੇਣ ਦੇ ਵਾਅਦੇ ਝੂਠੇ ਹਨ। ਕਿਸਾਨ ਮਜਬੂਰੀ ਕਾਰਨ ਫਸਲ ਵੇਚ ਰਹੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਐਮਐਸਪੀ ਮੁਤਾਬਕ ਰੇਟ ਮਿਲੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੂੰਗੀ ਉਪਰ ਜੋ ਐਮਐਸਪੀ ਦੇਣ ਦੀ ਗੱਲ ਆਖੀ ਜਾ ਰਹੀ ਹੈ ,ਹਾਲੇ ਤੱਕ ਉਸ ਬਾਰੇ ਵੀ ਸਥਿਤੀ ਸਪੱਸ਼ਟ ਨਹੀਂ ਹੋਈ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Abp Sanjha