ਪੰਜਾਬ ਦਾ ਕਿਸਾਨ ਹੁਣ ਖਾਦ ਸੰਕਟ ’ਚ ਘਿਰਿਆ

November 09 2020

ਪੰਜਾਬ ਦੇ ਕਿਸਾਨ ਹੁਣ ਯੂਰੀਆ ਖਾਦ ਗੁਆਂਢੀ ਸੂਬਿਆਂ ’ਚੋਂ ਲਿਆਉਣ ਲਈ ਮਜਬੂਰ ਹਨ। ਖਾਦ ਦੀ ਕਿੱਲਤ ਕਰਕੇ ਕਿਸਾਨਾਂ ਕੋਲ ਹੁਣ ਹੋਰ ਕੋਈ ਚਾਰਾ ਨਹੀਂ ਬਚਿਆ। ਮਾਲ ਗੱਡੀਆਂ ਬੰਦ ਹੋਣ ਕਰਕੇ ਪੰਜਾਬ ਵਿਚ ਖਾਦ ਦਾ ਸੰਕਟ ਬਣਨ ਲੱਗਾ ਹੈ। ਸਬਜ਼ੀ ਕਾਸ਼ਤਕਾਰਾਂ ਨੂੰ ਫੌਰੀ ਯੂਰੀਆ ਖਾਦ ਦੀ ਲੋੜ ਹੈ। ਹਰਿਆਣਾ ’ਚੋਂ ਵੱਡੀ ਪੱਧਰ ਊੱਤੇ ਯੂਰੀਆ ਖਾਦ ਪੰਜਾਬ ਵਿਚ ਆਉਣ ਲੱਗੀ ਹੈ। ਊਧਰ ਹਰਿਆਣਾ ਸਰਕਾਰ ਨੇ ਪਤਾ ਲੱਗਦੇ ਹੀ ਪੰਜਾਬ ਦੇ ਕਿਸਾਨਾਂ ਦਾ ਰਾਹ ਡੱਕਣਾ ਸ਼ੁਰੂ ਕਰ ਦਿੱਤਾ ਹੈ।

ਵੇਰਵਿਆਂ ਮੁਤਾਬਕ ਪੰਜਾਬ ਵਿਚ ਕਣਕ ਦੀ ਬਿਜਾਈ ਦਾ ਕੰਮ ਸਿਖ਼ਰ ’ਤੇ ਹੈ। ਕਰੀਬ 35 ਲੱਖ ਹੈਕਟੇਅਰ ਰਕਬਾ ਕਣਕ ਦੀ ਬਿਜਾਂਦ ਹੇਠ ਆਉਣ ਦਾ ਅਨੁਮਾਨ ਹੈ। ਨਵੰਬਰ ਦੇ ਅਖੀਰ ਵਿੱਚ ਯੂਰੀਆ ਖਾਦ ਦੀ ਫ਼ਸਲ ਲਈ ਜ਼ਰੂਰਤ ਹੁੰਦੀ ਹੈ। ਪੰਜਾਬ ਨੂੰ ਕਰੀਬ 15 ਲੱਖ ਮੀਟਰਿਕ ਟਨ ਯੂਰੀਆ ਖਾਦ ਚਾਹੀਦੀ ਹੈ, ਜਿਸ ’ਚੋਂ 80 ਹਜ਼ਾਰ ਮੀਟਰਿਕ ਟਨ ਸਬਜ਼ੀਆਂ ਵਾਸਤੇ ਲੋੜੀਂਦੀ ਹੈ। ਕਿੱਲਤ ਦੇ ਡਰੋਂ ਪੰਜਾਬ-ਹਰਿਆਣਾ ਸੀਮਾ ਨਾਲ ਲੱਗਦੇ ਸੈਂਕੜੇ ਪਿੰਡਾਂ ਦੇ ਕਿਸਾਨ ਹਰਿਆਣਾ ’ਚੋਂ ਖਾਦ ਲਿਆਊਣ ਲੱਗੇ ਹਨ। ਸੂਤਰਾਂ ਦੀ ਮੰਨੀੲੇ ਤਾਂ ਖੇਤੀ ਵਿਭਾਗ ਹਰਿਆਣਾ ਨੇ ਲੰਘੀ ਰਾਤ ਅੰਬਾਲਾ ਵਿਚ ਖਾਦ ਦੇ ਤਿੰਨ ਟਰੱਕ ਫੜੇ ਹਨ, ਜੋ ਪੰਜਾਬ ਆਉਣੇ ਸਨ। ਹਰਿਆਣਾ ਦੇ ਖੇਤੀ ਵਿਭਾਗ ਨੇ ਫੀਲਡ ਟੀਮਾਂ ਨੂੰ ਖਾਦ ਡੀਲਰਾਂ ਕੋਲ ਭੇਜ ਦਿੱਤਾ ਹੈ ਤਾਂ ਜੋ ਯੂਰੀਆ ਖਾਦ ਦੀ ਪੰਜਾਬ ਵਿੱਚ ਹੋਣ ਵਾਲੀ ਆਮਦੋਰਫ਼ਤ ਨੂੰ ਰੋਕਿਆ ਜਾ ਸਕੇ। ਜਾਣਕਾਰੀ ਅਨੁਸਾਰ ਮਾਲਵੇ ਦੇ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ ਤੇ ਮੁਕਤਸਰ ਜ਼ਿਲ੍ਹੇ ਦੇ ਕਿਸਾਨ ਹਰਿਆਣਾ ’ਚੋਂ ਖਾਦ ਲੈਣ ਲਈ ਕੈਥਲ, ਨਰਵਾਣਾ, ਜਾਖਲ ਤੋਂ ਇਲਾਵਾ ਰੋਹਤਕ ਤੱਕ ਜਾ ਰਹੇ ਹਨ। ਫਿਰੋਜ਼ਪੁਰ, ਫਾਜ਼ਿਲਕਾ ਅਤੇ ਮੁਕਤਸਰ ਦੇ ਕਿਸਾਨ ਗੰਗਾਨਗਰ ਅਤੇ ਹਨੂੰਮਾਨਗੜ੍ਹ ਤੋਂ ਖਾਦ ਲਿਆ ਰਹੇ ਹਨ। ਬੀਕੇਯੂ ਦੀ ਫਾਜ਼ਿਲਕਾ ਇਕਾਈ ਦੇ ਪ੍ਰਧਾਨ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਕਰਕੇ ਕਿਸਾਨਾਂ ਨੂੰ ਦੂਸਰੇ ਸੂਬਿਆਂ ’ਚੋਂ ਖਾਦ ਲਿਆਉਣੀ ਪੈ ਰਹੀ ਹੈ। ਪਠਾਨਕੋਟ ਖ਼ਿੱਤੇ ਦੇ ਕਿਸਾਨ ਜੰਮੂ ਤੋਂ ਵੀ ਖਾਦ ਲਿਆ ਰਹੇ ਹਨ। ਪੰਜਾਬ ਵਿੱਚ ਐੱਨਐੱਫਐੱਲ ਦੇ ਬਠਿੰਡਾ ਤੇ ਨੰਗਲ ਪਲਾਂਟ ਹਨ, ਜਿੱਥੇ ਪ੍ਰਤੀ ਮਹੀਨਾ ਇੱਕ ਲੱਖ ਮੀਟਰਿਕ ਟਨ ਯੂਰੀਆ ਦਾ ਉਤਪਾਦਨ ਹੁੰਦਾ ਹੈ। ਦੋਵਾਂ ਤੋਂ ਰੋਜ਼ਾਨਾ 3 ਹਜ਼ਾਰ ਮੀਟਰਿਕ ਟਨ ਯੂਰੀਆ ਦੀ ਸਪਲਾਈ ਹੋਣੀ ਚਾਹੀਦੀ ਹੈ ਪ੍ਰੰਤੂ ਇੱਕ ਹਜ਼ਾਰ ਟਨ ਹੋ ਰਹੀ ਹੈ। ਬਾਕੀ ਗੋਦਾਮਾਂ ਵਿਚ ਭੰਡਾਰ ਕੀਤੀ ਜਾ ਰਹੀ ਹੈ ਕਿਉਂਕਿ ਯੂਰੀਆ ਖਾਦ ਦੇ ਭਾੜੇ ਨੂੰ ਲੈ ਕੇ ਵੱਡਾ ਮਸਲਾ ਹੈ। ਪੰਜਾਬ ਵਿਚ 50 ਹਜ਼ਾਰ ਮੀਟਰਿਕ ਟਨ ਡੀਏਪੀ ਖਾਦ ਵੀ ਹਾਲੇ ਵੀ ਲੋੜ ਹੈ।

ਇੰਡੀਅਨ ਪੋਟਾਸ਼ ਲਿਮਿਟਡ ਦੇ ਖੇਤਰੀ ਅਧਿਕਾਰੀ ਰਵੀ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੜਕੀ ਰਸਤੇ ਡੀਏਪੀ ਲਿਆਂਦੀ ਜਾ ਰਹੀ ਹੈ ਅਤੇ ਅੱਜ ਵੀ ਦੋ ਰੈਕ ਹਰਿਆਣਾ ਵਿਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਯੂਰੀਆ ’ਤੇ ਸਬਸਿਡੀ ਹੈ ਜਿਸ ਕਰਕੇ ਕੋਈ ਵੀ ਕੰਪਨੀ ਪੱਲਿਓ ਭਾੜੇ ਦਾ ਖਰਚਾ ਨਹੀਂ ਚੁੱਕੇਗੀ। ਬੀਕੇਯੂ (ਕਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਖਾਦ ਦੀ ਤੋਟ ਦੇ ਮੱਦੇਨਜ਼ਰ ਹੱਠਧਰਮੀ ਤਿਆਗ ਦੇਣੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਨੂੰ ਵੀ ਬਦਲ ਤਲਾਸ਼ ਕਰਨੇ ਚਾਹੀਦੇ ਹਨ। ਖੇਤੀ ਵਿਭਾਗ ਪੰਜਾਬ ਦੇ ਡਾਇਰੈਕਟਰ ਰਾਜੇਸ਼ ਵਾਸ਼ਿਸ਼ਟ ਨੇ ਕਿਹਾ ਕਿ ਨਵੰਬਰ ਅਖੀਰ ਤੋਂ ਯੂਰੀਆ ਦੀ ਲੋੜ ਪੈਣੀ ਹੈ ਅਤੇ ਇਹ ਮੰਗ ਜਨਵਰੀ ਤੱਕ ਰਹੇਗੀ।

ਕਰੋੜਾਂ ਦਾ ਮਾਲ ਗੋਦਾਮਾਂ ਵਿੱਚ ਇਕੱਠਾ ਹੋਇਆਆਲ ਇੰਡਸਟਰੀਜ਼ ਐਂਡ ਟਰੇਡ ਫੋਰਮ ਦੇ ਕੌਮੀ ਪ੍ਰਧਾਨ ਬਦਿਸ਼ ਜਿੰਦਲ ਨੇ ਅੱਜ ਪ੍ਰਧਾਨ ਮੰਤਰੀ ਦੇ ਨਾਂ ਭੇਜੇ ਪੱਤਰ ਵਿੱਚ ਕਿਹਾ ਕਿ ਪਿਛਲੇ 40 ਦਿਨਾਂ ਤੋਂ ਪੰਜਾਬ ਵਿੱਚ ਮਾਲ ਗੱਡੀਆਂ ਨਾ ਆਉਣ ਕਰਕੇ ਵਪਾਰੀਆਂ ਦਾ ਕਰੋੜਾਂ ਰੁਪਏ ਦਾ ਸਾਮਾਨ ਗੋਦਾਮਾਂ ਵਿੱਚ ਇਕੱਠਾ ਹੋ ਗਿਆ ਹੈ। ਹੋਰ ਤਾਂ ਹੋਰ 80 ਫੀਸਦ ਆਰਡਰ ਰੱਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਿਨਾਂ ਕਾਰਨ ਮਾਲ ਗੱਡੀਆਂ ਰੋਕ ਕੇ ਸਨਅਤ ਨੂੰ ਨੁਕਸਾਨ ਪਹੁੰਚਾਉਣਾ ਮੰਦਭਾਗਾ ਹੈ। ਮਾਲ ਗੱਡੀਆਂ ਬੰਦ ਹੋਣ ਕਾਰਨ ਹਰ ਮਹੀਨੇ ਵਿਦੇਸ਼ਾਂ ਤੋਂ ਪੰਜਾਬ ਵਿੱਚ ਆਉਣ ਵਾਲੀ ਤਿੰਨ ਲੱਖ ਟਨ ਸਕਰੈਪ ਵੀ ਪੋਰਟਾਂ ’ਤੇ ਫਸੀ ਹੋਈ ਹੈ। ਜਿੰਦਲ ਨੇ ਕਿਹਾ ਕਿ ਜੇ ਜਲਦੀ ਮਾਲ ਗੱਡੀਆਂ ਸ਼ੁਰੂ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਦੀ ਸੰਸਥਾ ਅਤੇ ਸਹਿਯੋਗੀ ਸੰਸਥਾਵਾਂ ਕੇਂਦਰ ਦੇ ਕਿਸੇ ਵੀ ਵਿਭਾਗ ਦਾ ਕੋਈ ਹੁਕਮ ਨਹੀਂ ਮੰਨਣਗੀਆਂ। ਉਨ੍ਹਾਂ ਵੱਲੋਂ ਨਾ ਤਾਂ ਜੀਐੱਸਟੀ ਜਮ੍ਹਾਂ ਕਰਵਾਈ ਜਾਵੇਗੀ ਅਤੇ ਨਾ ਹੀ ਆਮਦਨ ਕਰ ਜਮ੍ਹਾਂ ਕਰਵਾਇਆ ਜਾਵੇਗਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune