ਪੰਜਾਬ ਤੇ ਹਰਿਆਣਾ ’ਚ ਗੜਿਆਂ ਨਾਲ ਡਿੱਗਿਆ ਪਾਰਾ

February 28 2022

ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਗੜੇ ਪੈਣ ਅਤੇ ਮੀਂਹ ਤੋਂ ਬਾਅਦ ਅੱਜ ਗਰਮੀ ਨੂੰ ਬਰੇਕਾਂ ਲੱਗ ਗਈਆਂ ਹਨ। ਇਸ ਖਿੱਤੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਸੀ, ਜਿਸ ਨਾਲ ਖੇਤੀ ਮਾਹਿਰਾਂ ਨੂੰ ਕਣਕ ਦੇ ਚੰਗੇ ਝਾੜ ਲਈ ਖ਼ਤਰਾ ਖੜ੍ਹਾ ਹੋ ਗਿਆ ਸੀ। ਬੇਸ਼ੱਕ ਮੀਂਹ ਅਤੇ ਤੇਜ਼ ਹਵਾਵਾਂ ਨੇ ਕਣਕ ਸਮੇਤ ਸਰੋਂ ਅਤੇ ਜੌਂਆਂ ਦੀ ਫ਼ਸਲ ਨੂੰ ਧਰਤੀ ’ਤੇ ਵਿਛਾ ਦਿੱਤਾ ਹੈ, ਪਰ ਖੇਤੀ ਮਾਹਿਰਾਂ ਵੱਲੋਂ ਇਹ ਮੀਂਹ ਹਾੜ੍ਹੀ ਦੀਆਂ ਸਾਰੀਆਂ ਫ਼ਸਲਾਂ ਲਈ ਲਾਹੇਵੰਦ ਦੱਸਿਆ ਗਿਆ ਹੈ। ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਸ ਮੀਂਹ ਅਤੇ ਗੜੇ ਪੈਣ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਸਬੰਧੀ ਮੋਟੇ ਤੌਰ ’ਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰਾਂ ਤੋਂ ਜੋ ਤੁਰੰਤ ਰਿਪੋਰਟ ਲਈ ਗਈ ਹੈ, ਉਸ ਵਿੱਚ ਦੱਸਿਆ ਗਿਆ ਹੈ ਕਿ ਭਾਵੇਂ ਤਾਜ਼ਾ ਪਾਣੀ ਲੱਗੇ ਵਾਲੀਆਂ ਭਾਰੀ ਕਣਕਾਂ ਅਤੇ ਪੱਕੀਆਂ ਹੋਈਆਂ ਸਰ੍ਹੋਂ ਦੇ ਪੌਦੇ ਕੁੱਝ ਥਾਵਾਂ ’ਤੇ ਨੁਕਸਾਨੇ ਗਏ ਹਨ, ਪਰ ਮਾਲਵਾ ਖੇਤਰ ਵਿੱਚ ਖੜ੍ਹੀ ਕਣਕ ਲਈ ਇਹ ਮੀਂਹ ਵਰਦਾਨ ਬਣ ਕੇ ਵਰਿਆ ਹੈ, ਜਦੋਂਕਿ ਇਸ ਮੀਂਹ ਅਤੇ ਗੜ੍ਹਿਆਂ ਨਾਲ ਪੈਣ ਲੱਗੀ ਠੰਢ ਕਣਕ ਦੀ ਫ਼ਸਲ ਲਈ ਦੇਸੀ ਘਿਓ ਵਾਂਗ ਕੰਮ ਕਰੇਗੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਦਾ ਕਹਿਣਾ ਹੈ ਕਿ ਇਸ ਵੇਲੇ ਹਲਕਾ-ਫੁਲਕਾ ਮੀਂਹ ਫ਼ਸਲਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ, ਕਿਉਂਕਿ ਅਚਾਨਕ ਆਈ ਗਰਮੀ ਕਾਰਨ ਕਈ ਵਾਰ ਫ਼ਸਲਾਂ ਉਪਰ ਤੇਲੇ ਦੀ ਨੌਬਤ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੜਿਆਂ ਕਾਰਨ ਪੈਣ ਲੱਗੀ ਰਾਤ ਦੀ ਠੰਢ ਨੇ ਫ਼ਸਲਾਂ ਲਈ ਇੱਕ ਚੰਗੇ ਟਾਨਿਕ ਵਾਂਗ ਕੰਮ ਕਰਨਾ ਹੈ। ਇਸੇ ਦੌਰਾਨ ਖੇਤੀਬਾੜੀ ਵਿਭਾਗ ਦੇ ਮਾਨਸਾ ਸਥਿਤ ਅਫ਼ਸਰ ਡਾ. ਮਨੋਜ਼ ਕੁਮਾਰ ਨੇ ਦੱਸਿਆ ਕਿ ਇਹ ਮੀਂਹ ਜੇਕਰ ਅਗਲੇ ਦਿਨਾਂ ਵਿਚ ਖੈਰ-ਸੁੱਖ ਨਾਲ ਪੈਂਦਾ ਹੈ ਤਾਂ ਇਸਦੇ ਹਾੜ੍ਹੀ ਦੀ ਹਰੇਕ ਫ਼ਸਲ ਲਈ ਸਹਾਈ ਸਿੱਧ ਹੋਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਦੁਕਾਨਦਾਰਾਂ ਦੇ ਪਿੱਛੇ ਲੱਗ ਕੇ ਕੋਈ ਵੀ ਸਪਰੇਅ ਨਾ ਕਰਨ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ ਕੀਤੀਆਂ ਦਵਾਈਆਂ ਨੂੰ ਹੀ ਖੇਤਾਂ ਵਿਚ ਛਿੜਕਣ ਦਾ ਉਪਰਾਲਾ ਕਰਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune