ਪੰਜਾਬ ਅਤੇ ਗੁਆਂਢੀ ਸੂਬਿਆਂ ’ਚ ਸਰ੍ਹੋਂ ਦੀ ਖੇਤੀ ਨੇ ਵਧਾਏ ਤੂੜੀ ਦੇ ਭਾਅ, ਜ਼ਮੀਨਾਂ ਦੇ ਠੇਕੇ ਵਧਣ ਦੇ ਆਸਾਰ

November 24 2022

ਸਿੱਖਰ ਨੂੰ ਪੁੱਜੇ ਤੂੜੀ ਦੇ ਭਾਅ ਪਸ਼ੂ ਪਾਲਕਾਂ ਦਾ ਦੀਵਾਲਾ ਕੱਢਣ ਲੱਗੇ ਹਨ। ਅਜਿਹਾ ਨਹੀਂ ਹੈ ਕਿ ਪੰਜਾਬ ’ਚ ਕਣਕ ਦੀ ਬਜਾਈ ਹੇਠ ਰਕਬਾ ਘਟਿਆ ਹੈ, ਪਰ ਸਰੋਂ ਦੇ ਵਧੇ ਭਾਅ ਕਾਰਣ ਕਿਸਾਨਾਂ ਨੇ ਸਰੋਂ ਦੀ ਬਿਜਾਈ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ। ਪੰਜਾਬ ’ਚ ਸਰੋਂ ਦੀ ਵੱਖਰੇ ਤੌਰ ’ਤੇ ਬੇਸ਼ੱਕ ਕਾਸਤ ਘੱਟ ਹੁੰਦੀ ਹੈ, ਪਰ ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨਾਂ ਦਾ ਜ਼ਿਆਦਾਤਰ ਰੁਝਾਨ ਸਰੋਂ ਦੀ ਖੇਤੀ ਵੱਲ ਹੋਇਆ ਹੈ। ਪਿਛਲੇ ਸਾਲ ਵੀ ਸਰ੍ਹੋਂ ਦੀ ਖੇਤੀ ਕਰਕੇ ਕਿਸਾਨਾਂ ਨੇ ਮੋਟੀ ਕਮਾਈ ਕੀਤੀ, ਜਿਸ ਕਾਰਣ ਕਣਕ ਹੇਠ ਰਕਬਾ ਘਟਣ ਕਰ ਕੇ ਤੂੜੀ ਦੀ ਮੰਗ ਗੁਆਂਢੀ ਸੂਬਿਆਂ ਵਿਚ ਤੇਜ਼ ਹੋ ਗਈ।
ਪੰਜਾਬ ਅਤੇ ਹਰਿਆਣਾ ਵਿਚ ਖੇਤੀ ਦਾ ਰੁਝਾਨ ਬਦਲ ਰਿਹਾ ਹੈ। ਕਣਕ ਦੀ ਪੱਟੀ ਵਜੋਂ ਜਾਣੇ ਜਾਂਦੇ ਇਸ ਖੇਤਰ ਦੇ ਕਿਸਾਨ ਸਰ੍ਹੋਂ ਦੇ ਤੇਲ ਬੀਜ ਦੀ ਕਾਸ਼ਤ ਨੂੰ ਪਸੰਦ ਕਰਨ ਲੱਗੇ ਹਨ, ਜਿਸ ਤਹਿਤ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦੋਵਾਂ ਰਾਜਾਂ ਵਿਚ ਸਰ੍ਹੋਂ ਦੀ ਕਾਸ਼ਤ ਹੇਠ ਰਕਬੇ ਵਿਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਣ ਕਣਕ ਦੀ ਹੇਠਲਾ ਰਕਬਾ ਘਟਣ ਲੱਗਾ ਹੈ ਅਤੇ ਤੂੜੀ ਦਾ ਸੰਕਟ ਵਧਣ ਲੱਗਾ ਹੈ, ਪੰਜਾਬ ਦੀ ਤੂੜੀ ਵੀ ਗੁਆਂਢੀ ਸੂਬਿਆਂ ’ਚ ਜਾ ਰਹੀ ਹੈ।
ਪੰਜਾਬ ਅੰਦਰ ਇਸ ਵਾਰ ਤੂੜੀ ਦੇ ਰੇਟ ਅਸਮਾਨ ਨੂੰ ਛੂਹਣ ਲੱਗੇ ਹਨ, ਜਿਸ ਕਾਰਣ ਗਰੀਬ ਵਰਗ ਅਤੇ ਡੇਅਰੀ ਮਾਲਕਾਂ ਵਿਚ ਵੱਡੀ ਚਿੰਤਾ ਪਾਈ ਜਾ ਰਹੀ ਹੈ। ਤੂੜੀ ਦੇ ਭਾਅ ਵਧਣ ਕਾਰਣ ਕਿਸਾਨਾਂ ਦੀਆਂ ਜ਼ਮੀਨਾਂ ਦੇ ਠੇਕਿਆਂ ਵਿਚ ਉਛਾਲ ਆਉਣਾ ਯਕੀਨੀ ਹੈ, ਜਿਹੜੀਆਂ ਜ਼ਮੀਨਾਂ ਪਿਛਲੇ ਸਾਲ 60 ਹਜ਼ਾਰ ਦੇ ਲਗਭਗ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਚੜ੍ਹੀਆਂ ਸਨ ਇਸ ਵਾਰ ਉਹ ਜ਼ਮੀਨਾਂ 70 ਹਜ਼ਾਰ ਤੋਂ ਉਪਰ ਜਾ ਸਕਦੀਆਂ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Jagbani