ਪੰਚਾਇਤੀ ਮਤਿਆਂ ਨੇ ਕਿਸਾਨੀ ਸੰਘਰਸ਼ ਲਈ ਅਲਖ ਜਗਾਈ

February 04 2021

ਪਿੰਡ ਲੇਲੇਵਾਲਾ ਦੀ ਪੰਚਾਇਤ ਨੇ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਡਾ ਇਕੱਠ ਕਰ ਕੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਮਤਾ ਪਾਇਆ। ਮਹਿਲਾ ਸਰਪੰਚ ਮਾਤਾ ਮੁਖਤਿਆਰ ਕੌਰ ਦੇ ਪੁੱਤਰ ਰਾਜ ਸਿੰਘ, ਕਿਸਾਨ ਆਗੂ ਗੁਰਮੇਲ ਸਿੰਘ ਤੇ ਗੁਰਦੀਪ ਸਿੰਘ ਤੂਰ ਨੇ ਦੱਸਿਆ ਕਿ ਦਿੱਲੀ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨ ਲਈ ਪਾਸ ਕੀਤੇ ਮਤੇ ਵਿੱਚ ਪਿੰਡ ਦੇ ਹਰ ਵਾਰਡ ਮੁਤਾਬਕ ਜਥੇ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਹਰ ਘਰ ਦਾ ਵਿਅਕਤੀ ਸੰਘਰਸ਼ ਵਿੱਚ ਪਹੁੰਚਣਾ ਲਾਜ਼ਮੀ ਹੈ। ਪਿੰਡ ਜੱਜਲ, ਨਥੇਹਾ ਤੇ ਨੰਗਲਾ ਦੀਆਂ ਪੰਚਾਇਤਾਂ ਨੇ ਵੀ ਮਤੇ ਪਾ ਕੇ ਹਰ ਘਰ ਵਿੱਚੋਂ ਇੱਕ ਵਿਅਕਤੀ ਦੇ ਦਿੱਲੀ ਮੋਰਚੇ ਵਿੱਚ ਜਾਣਾ ਲਾਜ਼ਮੀ ਕੀਤਾ ਗਿਆ ਹੈ।

ਪਿੰਡ ਪੱਖੋ ਕਲਾਂ, ਕਾਹਨੇਕੇ, ਭੈਣੀ ਫੱਤਾ, ਧੂਰਕੋਟ, ਫਤਹਿਗੜ੍ਹ ਛੰਨਾ, ਮਹਿਤਾ, ਤਾਜੋ ਅਤੇ ਰੂੜੇਕੇ ਕਲਾਂ ਦੀਆਂ ਪੰਚਾਇਤਾਂ ਵੱਲੋਂ ਦਿੱਲੀ ਮੋਰਚੇ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਮਤੇ ਪਾਏ ਗਏ। ਇਨ੍ਹਾਂ ਪਿੰਡਾਂ ਦੇ ਮਤਿਆਂ ਵਿੱਚ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਨਾ ਜਾਣ ਵਾਲੇ ਕਿਸਾਨਾਂ ਲਈ ਸਰਬਸੰਮਤੀ ਨਾਲ ਜੁਰਮਾਨੇ ਦੀ ਵਿਵਸਥਾ ਰੱਖੀ ਗਈ ਹੈ ਪਰ ਅੱਜ ਪਿੰਡ ਰੂੜੇਕੇ ਕਲਾਂ ਵਿੱਚ ਰੱਖੇ ਇਕੱਠ ਦੌਰਾਨ ਪਾਏ ਗਏ ਮਤੇ ਵਿੱਚ ਜੁਰਮਾਨੇ ਦੀ ਵਿਵਸਥਾ ਨਹੀਂ ਰੱਖੀ ਗਈ। ਪਿੰਡ ਰੂੜੇਕੇ ਕਲਾਂ ਦੇ ਪੰਚਾਇਤ ਘਰ ਵਿੱਚ ਇਕੱਤਰ ਹੋਏ ਸੈਂਕੜੇ ਕਿਸਾਨਾਂ ਤੇ ਗ੍ਰਾਮ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਜੇਕਰ ਕੋਈ ਕਿਸਾਨ ਦਿੱਲੀ ਨਹੀਂ ਜਾਵੇਗਾ ਤਾਂ ਉਸ ਦਾ ਪੰਚਾਇਤ ਜਾ ਨੰਬਰਦਾਰ ਵੱਲੋਂ ਭਵਿੱਖ ਵਿੱਚ ਕਿਸੇ ਵੀ ਪ੍ਰਕਾਰ ਦਾ ਸਾਥ ਨਹੀਂ ਦਿੱਤਾ ਜਾਵੇਗਾ।

ਪਿੰਡ ਲਹਿਰਾ ਖਾਨਾ ਦੀ ਪੰਚਾਇਤ ਨੇ ਹਰ ਵਿਅਕਤੀ ਦਾ ਦਿੱਲੀ ਜਾਣਾ ਲਾਜ਼ਮੀ ਬਣਾਉਣ ਸਬੰਧੀ ਮਤਾ ਪਾਇਆ। ਸਰਪੰਚ ਜਗਜੀਤ ਸਿੰਘ ਅਤੇ ਕਲੱਬ ਪ੍ਰਧਾਨ ਹਰਵੀਰ ਸਿੰਘ ਨੇ ਪਿੰਡ ਦੀਆਂ ਸਾਬਕਾ ਤੇ ਪੰਚਾਇਤਾਂ, ਸੰਸਥਾਵਾਂ ਅਤੇ ਮੋਹਤਬਰਾਂ ਦੇ ਦਸਤਖਤਾਂ ਵਾਲੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਮਤੇ ਵਿੱਚ ਹਰ ਘਰ ਦੇ ਇੱਕ ਵਿਅਕਤੀ ਨੂੰ ਸੱਤ ਦਿਨਾਂ ਲਈ ਦਿੱਲੀ ਸੰਘਰਸ਼ ਵਿੱਚ ਜਾਣਾ ਹੋਵੇਗਾ।

ਪਿੰਡ ਭਗਤਪੁਰਾ ਵਿੱਚ ਸਰਪੰਚ ਅੰਗਰੇਜ਼ ਸਿੰਘ ਦੀ ਹਾਜ਼ਰੀ ’ਚ ਮਤਾ ਪਾ ਕੇ ਕਿਸਾਨੀ ਸੰਘਰਸ਼ ਵਿੱਚ ਹਰ ਹਫ਼ਤੇ 10 ਵਿਅਕਤੀ ਲਿਜਾਣ ’ਤੇ ਸਹਿਮਤੀ ਬਣਾਈ ਗਈ। ਮਤੇ ਮੁਤਾਬਕ ਹਰ ਘਰ ’ਚੋਂ ਇੱਕ ਵਿਅਕਤੀ ਨੂੰ ਖੇਤੀ ਸੰਘਰਸ਼ ’ਚ ਦਿੱਲੀ ਜਾਣਾ ਹੋਵੇਗਾ ਤੇ ਦਿੱਲੀ ਨਾ ਜਾਣ ਵਾਲੇ ਪਰਿਵਾਰ ਨੂੰ 300 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਅੱਠ ਦਿਨਾਂ ਦਾ 2400 ਰੁਪਏ ਦੇਣਾ ਪਵੇਗਾ। ਪੰਚਾਇਤੀ ਮਤੇ ਦੀ ਉਲੰਘਣਾ ਕਰਨ ਵਾਲੇ ਨੂੰ ਬਾਈਕਾਟ ਦਾ ਸਾਹਮਣਾ ਕਰਨਾ ਪਵੇਗਾ। ਪਿੰਡ ਸੰਧੂ ਕਲਾਂ ’ਚ ਵੀ ਅਜਿਹੇ ਹੀ ਮਤੇ ਪਾਏ ਗਏ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune