ਪ੍ਰਧਾਨ ਮੰਤਰੀ ਦੇ ਸੱਦੇ ਤੋਂ ਬਾਅਦ ਕਿਸਾਨ ਆਗੂਆਂ ਨੇ ਸਰਕਾਰ ਨੂੰ ਗੱਲਬਾਤ ਦੀ ਮਿਤੀ ਤੈਅ ਕਰਨ ਲਈ ਕਿਹਾ

February 09 2021

ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨਾਂ ਨੇ ਸੋਮਵਾਰ ਨੂੰ ਸਰਕਾਰ ਨੂੰ ਕਿਹਾ ਕਿ ਵਾਰਤਾ ਦੇ ਅਗਲੇ ਗੇੜ ਦੀ ਮਿਤੀ ਤੈਅ ਕਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕਰਨ ਅਤੇ ਵਾਰਤਾ ਲਈ ਸੱਦਾ ਦੇਣ ਤੋਂ ਬਾਅਦ ਕਿਸਾਨ ਸੰਗਠਨਾਂ ਨੇ ਇਹ ਗੱਲ ਕਹੀ। ਫਿਲਹਾਲ, ਕਿਸਾਨ ਸੰਗਠਨਾਂ ਨੇ ਰਾਜਸਭਾ ਵਿਚ ਪ੍ਰਧਾਨ ਮੰਤਰੀ ਦੀ ਟਿੱਪਣੀ ’ਤੇ ਇਤਰਾਜ਼ ਕੀਤਾ ਹੈ ਕਿ ਦੇਸ਼ ਵਿਚ ਅੰਦੋਲਨਕਾਰੀਆਂ ਦੀ ਨਵੀਂ ‘ਨਸਲ’ ਉਭਰੀ ਹੈ ਜਿਸ ਨੂੰ ‘ਅੰਦੋਲਨ ਜੀਵੀ’ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਅੰਦੋਲਨ ਦੀ ਮਹੱਤਵਪੂਰਨ ਭੂਮਿਕਾ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਮੈਂਬਰ ਕਿਸਾਨ ਆਗੂ ਸ਼ਿਵ ਕੁਮਾਰ ਕਾਕਾ ਨੇ ਕਿਹਾ ਕਿ ਉਹ ਅਗਲੇ ਗੇੜ ਦੀ ਗੱਲਬਾਤ ਲਈ ਤਿਆਰ ਹਨ ਅਤੇ ਸਰਕਾਰ ਨੂੰ ਬੈਠਕ ਦੀ ਮਿਤੀ ਅਤੇ ਸਮਾਂ ਦਸਣਾ ਚਾਹੀਦਾ ਹੈ। ਕਾਕਾ ਨੇ ਕਿਹਾ,‘‘ਅਸੀਂ ਸਰਕਾਰ ਨੂੰ ਗੱਲਬਾਤ ਲਈ ਕਦੇ ਇਨਕਾਰ ਨਹੀਂ ਕੀਤਾ। ਜਦੋਂ ਵੀ ਸਰਕਾਰ ਨੇ ਗੱਲਬਾਤ ਲਈ ਬੁਲਾਇਆ, ਅਸੀਂ ਕੇਂਦਰੀ ਮੰਤਰੀਆਂ ਨਾਲ ਗੱਲ ਕੀਤੀ। ਅਸੀਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ।’’

ਰਾਜ ਸਭਾ ਵਿਚ ਰਾਸ਼ਟਰਪਤੀ ਦੇ ਸੰਬੋਧਨ ’ਤੇ ਚਰਚਾ ਵਿਚ ਹਿੱਸਾ ਲੈਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿਤਾ ਕਿ ਮੰਡੀਆਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ,‘‘ਐਨਾ ਹੀ ਨਹੀਂ ਐਮ.ਐਸ.ਪੀ. ਜਾਰੀ ਹੈ ਅਤੇ ਜਾਰੀ ਰਹੇਗਾ।’’ ਮੋਦੀ ਨੇ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕਰਦੇ ਹੋਏ ਕਿਹਾ,‘‘ਉਨ੍ਹਾਂ ਨੂੰ (ਅੰਦੋਲਨਕਾਰੀਆਂ ਨੂੰ) ਅੰਦੋਲਨ ਵਾਪਸ ਲੈਣਾ ਚਾਹੀਦਾ ਹੈ ਅਤੇ ਅਸੀਂ ਮਿਲ ਬੈਠ ਕੇ ਹੱਲ ਕੱਢਾਂਗੇ ਅਤੇ ਵਾਰਤਾ ਦੇ ਦਰਵਾਜ਼ੇ ਖੁਲ੍ਹੇ ਹੋਏ ਹਨ। ਇਸ ਸਦਨ ਤੋਂ ਮੈਂ ਉਨ੍ਹਾਂ ਨੂੰ ਗੱਲਬਾਤ ਦਾ ਸੱਦਾ ਦਿੰਦਾ ਹਾਂ।’’

ਕਿਸਾਨ ਆਗੂ ਅਤੇ ਸੰਯੁਕਤ ਮੋਰਚਾ ਦੇ ਮੈਂਬਰ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਸਰਕਾਰ ਪਹਿਲਾਂ ਵੀ ਸੈਂਕੜੇ ਵਾਰ ਕਹਿ ਚੁਕੀ ਹੈ ਕਿ ਐਮ.ਐਸ.ਪੀ. ਜਾਰੀ ਹੈ ਅਤੇ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨ ਵਾਰਤਾ ਲਈ ਤਿਆਰ ਹੈ ਪਰ ਰਸਮੀ ਸੱਦਾ ਮਿਲਣਾ ਚਾਹੀਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman