ਪੋਹ ਦਾ ਪਾਲਾ ਵੀ ਠਾਰ ਨਾ ਸਕਿਆ ਕਿਸਾਨਾਂ ਦਾ ਜੋਸ਼

December 19 2020

ਇੱਥੇੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ 54ਵੇਂ ਅਤੇ ਅਡਾਨੀ ਅਨਾਜ ਭੰਡਾਰ ਅੱਗੇ 79ਵੇਂ ਦਿਨ ਵੀ ਧਰਨਾ ਜਾਰੀ ਰਿਹਾ।

ਇਸ ਮੌੌਕੇ ਜਥੇਬੰਦੀ ਆਗੂਆਂ ਬਲੌਰ ਸਿੰਘ ਘਾਲੀ, ਗੁਰਮੀਤ ਸਿੰਘ ਕਿਸ਼ਨਪੁਰਾ ਪਾਵਰਕੌਮ ’ਚੋਂ ਸੇਵਾਮੁਕਤ ਜੁਨੀਅਰ ਲਖਵੀਰ ਸਿੰਘ ਖੋਸਾ ਪਾਂਡੋ, ਮਾ. ਦਰਸਨ ਸਿੰਘ ਬੁੱਟਰ, ਗੁਰਚਰਨ ਸਿੰਘ ਝੰਡੇਵਾਲਾ, ਮਾ. ਹਜੂਰਾ ਸਿੰਘ ਘੱਲਕਲਾਂ ਤੇ ਇੰਦਰਜੀਤ ਸਿੰਘ ਕਿਲੀ ਚਾਹਲਾਂ ਨੇ ਐੱਸਜੀਪੀਸੀ ਪ੍ਰਧਾਨ ਜੰਗੀਰ ਕੌਰ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਜਿਸ ਵਿੱਚ ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਸੰਘਰਸ਼ ਵਿੱਚ ਮੂਹਰੇ ਲਗਾਉਣ ਦੀ ਗੱਲ ਆਖੀ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਉੱਤੇ ਸਿਆਸੀ ਰੋਟੀਆਂ ਸੇਕਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਤਾਂ ਪਹਿਲਾਂ ਕਾਲੇ ਕਾਨੂੰਨਾਂ ਦੇ ਸੋਹਲੇ ਗਾਉਂਦੇ ਰਹੇ ਸਨ।

ਉਨ੍ਹਾਂ ਕਿਹਾ ਕਿ ਕੇਂਦਰ-ਸਰਕਾਰ ਕਿਸਾਨਾਂ ਦੀਆਂ ਦਲੀਲਾਂ ਦਾ ਜਵਾਬ ਦੇਣ ਦੀ ਬਜਾਇ, ਭਰਮਾਊ ਪ੍ਰਚਾਰ ਰਾਹੀਂ ਕਿਸਾਨ ਤੇੇ ਲੋਕ ਰੋਹ ਦਬਾਉਣ ਦੇ ਕੋਝੇ ਯਤਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਦੇ ਇਸ ਸੰਘਰਸ਼ ਦੀ ਪਹੁੰਚ ਇਕੱਲੇ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਤਕ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਯੂਐਨਓ ਸਣੇ ਵਿਸ਼ਵ ਦੇ ਹੋਰ ਕਈ ਚੋਟੀ ਦੇ ਸਿਆਸੀ ਲੀਡਰਾਂ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਈ ਹੈ।

ਖੇਤੀ ਕਾਨੂੰਨਾਂ ਖ਼ਿਲਾਫ਼ ਸਾਂਝੇ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ਅੱਗੇ ਪੱਕਾ ਮੋਰਚਾ ਲਗਾਤਾਰ ਜਾਰੀ ਹੈ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਕੀਤੀ ਰੈਲੀ ਨੂੰ ਪਰਵਾਸੀ ਭਾਰਤੀ ਅਮਨ ਧਾਲੀਵਾਲ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉਹ ਮੋਦੀ ਹਕੂਮਤ ਵੱਲੋਂ ਲਿਆਂਦੇ ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕੌਮਾਂਤਰੀ ਅਦਾਲਤ ਵਿੱਚ ਆਨ-ਲਾਈਨ ਪਟੀਸ਼ਨ ਦਾਇਰ ਕਰਨਗੇ। ਥੋੜ੍ਹੇ ਅਰਸੇ ਦੌਰਾਨ ਦੌਰਾਨ ਹੀ 64,000 ਤੋਂ ਵਧੇਰੇ ਲੋਕ ਇਸ ਪਟੀਸ਼ਨ ਉੱਪਰ ਦਸਤਖ਼ਤ ਕਰ ਚੁੱਕੇ ਹਨ। ਸ੍ਰੀ ਧਾਲੀਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸਾਂਝੇ ਸੰਘਰਸ਼ ਦੀ ਦਰੁਸਤ ਬੁਨਿਆਦ (ਨੀਂਹ) ਰੱਖਣ ਬਦਲੇ ਸੰਗਰਾਮੀ ਮੁਬਾਰਕਬਾਦ ਦਿੰਦਿਆਂ ਇਸ ਸੰਘਰਸ਼ ਦੇ ਜਲਦ ਜਿੱਤ ਦੀ ਕਾਮਨਾ ਕੀਤੀ।

ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਸਾਂਝੇ ਪਾੜਾਅਵਾਰ ਸੰਘਰਸ਼ ਤੋਂ ਬਾਅਦ ਹੁਣ 26 ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫ਼ਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਹੈ। ਖਰਾਬ ਮੌਸਮ, ਹੱਡ ਚੀਰਵੀਂ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਦਾ ਸਹਿਯੋਗ ਬਹੁਤ ਜ਼ਿਆਦਾ ਕਾਬਿਲ-ਏ-ਤਾਰੀਫ਼ ਹੈ। ਹਰਿਆਣਾ ਦੀ ਪੇਂਡੂ/ਸ਼ਹਿਰੀ ਲੋਕਾਈ ਜੀਅ ਜਾਨ ਨਾਲ ਇਸ ਸੰਘਰਸ਼ ਦੀ ਰੀੜ ਦੀ ਹੱਡੀ ਬਣ ਚੁੱਕੀ ਹੈ। ਹਰਿਆਣਾ ਦੇ 3500 ਡੀਜ਼ਲ/ਪੈਟਰੋਲ ਪੰਪ ਮਾਲਕਾਂ ਨੇ ਪੰਜਾਬ ਤੋਂ ਦਿੱਲੀ ਜਾਣ ਵਾਲੇ ਕਾਫ਼ਲਿਆਂ ਲਈ ਰਹਿਣ, ਚਾਹ ਰੋਟੀ, ਸੌਣ ਤੋਂ ਲੈ ਕੇ ਤੇਲ ਦਾ ਪ੍ਰਬੰਧ ਆਪਣੇ ਪੱਧਰ ’ਤੇ ਕਰ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਫ਼ਲੇ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਇਹ ਤਿੰਨੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਨਗੇ।

ਖੇਤੀ ਕਾਨੂੰਨਾਂ ਖ਼ਿਲਾਫ਼ ਸਥਾਨਕ ਰਿਲਾਇੰਸ ਪੈਟਰੋਲ ਪੰਪ ’ਤੇ ਲੱਗਾ ਧਰਨਾ ਅੱਜ 77ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਬੇਸ਼ੱਕ ਇਸ ਖੇਤਰ ਦੇ ਵੱਡੀ ਗਿਣਤੀ ਕਿਸਾਨ ਟਿਕਰੀ ਬਾਰਡਰ ’ਤੇ ਡਟੇ ਹੋਏ ਹਨ ਫਿਰ ਵੀ ਇੱਥੋਂ ਦੇ ਪੈਟਰੋਲ ਪੰਪ ਵਾਲੇ ਧਰਨੇ ਨੂੰ ਆਲ ਇੰਡੀਆ ਕੁਲ ਹਿੰਦ ਕਿਸਾਨ ਸਭਾ ਦੇ ਸਟੇਟ ਆਗੂ ਸਵਰਨਜੀਤ ਸਿੰਘ ਦਲਿਓ ਸੰਭਾਲ ਰਹੇ ਹਨ। ਅੱਜ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਜਸਵੰਤ ਸਿੰਘ ਬੀਰੋਕੇ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਗੁਰਨੇਕਲਾਂ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ, ਗੁਰਮੇਲ ਸਿੰਘ ਅਹਿਮਦਪੁਰ, ਨੰਬਰਦਾਰ ਨਿਰੰਜਣ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸਾਰੇ ਮੁਲਕ ਵਿਚ ਨਿਖੇਧ ਹੋ ਰਹੀ ਹੈ ਤੇ ਕਿਸਾਨੀ ਅੰਦੋਲਨ ਨੂੰ ਸਮਾਜ ਦੇ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਕਿਰਤੀ ਕਿਸਾਨਾਂ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਵਿੱਚ ਸਹਾਈ ਹੋ ਨਿੱਬੜੇਗਾ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਰਨੈਲ ਸਿੰਘ, ਪ੍ਰੀਤਮ ਸਿੰਘ ਮੱਲ ਸਿੰਘ ਵਾਲਾ, ਡਾ.ਰਾਮ ਸਿੰਘ, ਮੇਜਰ ਰੱਲੀ ਵੀ ਸ਼ਾਮਿਲ ਸਨ।

79ਵੇਂ ਦਿਨ ’ਚ ਦਾਖ਼ਲ ਹੋਇਆ ਮਹਿਲ ਕਲਾਂ ਟੌਲ ਪਲਾਜ਼ਾ ਮੋਰਚਾ

ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਮੁੱਖ ਮਾਰਗ ’ਤੇ ਪੱਕਾ ਕਿਸਾਨ ਮੋਰਚਾ ਅੱਜ ਲਗਾਤਾਰ 79ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਅੱਜ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ ਅਤੇ ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਮਹਿਲ ਕਲਾਂ ਦਾ ਖੇਡ ਮੇਲਾ ਮੁਲਤਵੀ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮਹਿਲ ਕਲਾਂ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜਰਨੈਲ ਸਿੰਘ ਸਹੌਰ, ਹਰਪ੍ਰੀਤ ਸਿੰਘ ਛੀਨੀਵਾਲ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਆਦਿ ਨੇ ਸੰਬੋਧਨ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune