ਪੇਂਡੂ ਖੇਤਰਾਂ ’ਚ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਲਈ ਧਰਨਾ

November 18 2020

ਪੰਜਾਬ ਸਰਕਾਰ ਵੱਲੋਂ ਪੇਂਡੂ ਅਨਾਜ ਖਰੀਦ ਕੇਂਦਰਾਂ ’ਚ ਬੀਤੇ ਕੱਲ੍ਹ ਝੋਨੇ ਦੀ ਖਰੀਦ ਬੰਦ ਕਰਨ ਕਰਕੇ ਕਿਸਾਨਾਂ ਦੀ ਫ਼ਸਲ ਖੇਤਾਂ ਅਤੇ ਮੰਡੀਆਂ ਚ ਰੁਲਣ ਤੋਂ ਬਚਾਉਣ ਲਈ ਪੇਂਡੂ ਅਨਾਜ ਖਰੀਦ ਕੇਂਦਰ ਤੁਰੰਤ ਚਾਲੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐੱਸ.ਡੀ.ਐੱਮ. ਦਫ਼ਤਰ ਸਰਦੂਲਗੜ੍ਹ ਅੱਗੇ ਧਰਨਾ ਦਿੱਤਾ ਗਿਆ।

ਯੂਨੀਅਨ ਦੇ ਬਲਾਕ ਸਰਦੂਲਗੜ੍ਹ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ 16 ਨਵੰਬਰ ਨੂੰ ਜਾਰੀ ਕੀਤੇ ਪੱਤਰ ਅਨੁਸਾਰ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਯਾਰਡਾਂ ਨੂੰ ਛੱਡ ਕੇ ਸਾਰੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ ਹੈ ਜੋ ਗਲਤ ਹੈ। ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਬਲਾਕ ਦੇ ਬਹੁਤ ਸਾਰੇ ਪਿੰਡਾਂ ’ਚ ਅਜੇ ਫਸਲ ਦੀ ਕਟਾਈ ਹੋਣੀ ਬਾਕੀ ਹੈ ਉੱਪਰੋਂ ਬੇਵਕਤੇ ਪਏ ਮੀਂਹ ਨੇ ਝੋਨੇ ਦੀ ਕਟਾਈ ਅਤੇ ਖਰੀਦ ਦੇ ਕੰਮ ਨੂੰ ਹੋਰ ਉਲਝਣ ਭਰਿਆ ਬਣਾ ਦਿੱਤਾ ਹੈ। ਸਰਕਾਰ ਦੇ ਇਸ ਤੁਗਲਕੀ ਫੈਸਲੇ ਅਤੇ ਉੱਪਰੋਂ ਮੌਸਮ ਦੀ ਮਾਰ ਨੇ ਖੇਤਾਂ ਅਤੇ ਅਨਾਜ ਮੰਡੀਆਂ ’ਚ ਪਈ ਫ਼ਸਲ ਨੂੰ ਰੋਲ ਦੇਣਾ ਹੈ। ਉਨ੍ਹਾਂ ਕਿਹਾ ਕਿ ਅੱਜ ਐੱਸ.ਡੀ.ਐੱਮ. ਸਰਦੂਲਗੜ੍ਹ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਪਿੰਡਾਂ ਵਿਚਲੇ ਅਨਾਜ ਕੇਂਦਰਾਂ ’ਤੇ ਖ਼ਰੀਦ ਨੂੰ ਦੁਬਾਰਾ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਦਿੱਤੀ ਮੰਗ ਨੂੰ ਜੇਕਰ ਪਹਿਲ ਦੇ ਆਧਾਰ ’ਤੇ ਪੂਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਕਿਸਾਨ ਅਤੇ ਕਿਸਾਨ ਆਗੂ ਮੌਜੂਦ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune