ਪੀਏਯੂ ਵੱਲੋਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਨਿਬੇੜਨ ਦਾ ਸੱਦਾ

November 15 2022

ਮਾਲਵਾ ਪੱਟੀ ਦੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਦੇ ਵਿਗਿਆਨੀਆਂ ਨੇ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਨਿਬੇੜਨ ਦਾ ਸੱਦਾ ਦਿੱਤਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਅੱਧ ਨਵੰਬਰ ਪਿੱਛੋਂ ਬੀਜੀ ਕਣਕ ਦਾ ਝਾੜ ਹੀ ਨਹੀਂ ਘਟਦਾ, ਗੁਣਵੱਤਾ ਵਿਚ ਵੀ ਫ਼ਰਕ ਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਨਰਮਾ ਪੱਟੀ ਵਿਚ ਕਣਕ ਦੀ ਬਿਜਾਈ ਦਾ ਕਾਰਜ ਹਰ ਸਾਲ ਅਕਸਰ ਹੀ ਲੇਟ ਹੋ ਜਾਂਦਾ ਪਰ ਇਸ ਵਾਰ ਝੋਨੇ ਹੇਠ ਰਕਬਾ ਵੱਧ ਹੋਣ ਕਾਰਨ ਖੇਤ ਖਾਲੀ ਹੋ ਗਏ ਹਨ। ਇਸੇ ਕਰ ਕੇ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਦਾ ਕਾਰਜ ਜਲਦੀ ਨਿਬੇੜਨ ਲਈ ਕਿਹਾ ਗਿਆ ਹੈ। ਇਸ ਵਿੱਚ ਵੱਡਾ ਅੜਿੱਕਾ ਨਹਿਰੀ ਪਾਣੀ ਸਣੇ ਡੀਏਪੀ ਖਾਦ, ਸੁਧਰੇ ਹੋਏ ਕਣਕ ਦੇ ਬੀਜ ਦਾ ਸਹਿਕਾਰੀ ਸਭਾਵਾਂ ਵਿੱਚ ਉਪਲਬਧ ਨਾ ਹੋਣਾ ਹੈ।
ਪੀਏਯੂ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਕਿਹਾ ਕਿ ਚੰਗਾ ਝਾੜ ਪ੍ਰਾਪਤ ਕਰਨ ਲਈ ਕਣਕ ਦੀ ਬਿਜਾਈ ਵੇਲੇ ਸਿਰ ਕਰਨੀ ਜ਼ਰੂਰੀ ਤੇ ਜੇ ਬਿਜਾਈ ਪਛੜ ਕੇ ਕੀਤੀ ਜਾਂਦੀ ਹੈ ਤਾਂ ਕਣਕ ਦਾ ਝਾੜ ਘਟਦਾ ਜਾਂਦਾ ਹੈ। ਡਾ. ਰੋਮਾਣਾ ਨੇ ਕਿਹਾ ਕਿ ਢੁੱਕਵੇਂ ਸਮੇਂ ਤੋਂ ਦੇਰੀ ਨਾਲ ਕੀਤੀ ਬਿਜਾਈ ਝਾੜ ਨੂੰ ਤਕਰੀਬਨ 250 ਕਿਲੋ ਪ੍ਰਤੀ ਏਕੜ, ਪ੍ਰਤੀ ਹਫ਼ਤਾ ਘਟਾ ਦਿੰਦੀ ਹੈ। ਉਨ੍ਹਾਂ ਮੰਨਿਆ ਕਿ ਨਵੰਬਰ ਦਾ ਪਹਿਲਾ ਪੰਦਰਵਾੜਾ ਕਣਕ ਦੇ ਚੰਗੇ ਝਾੜ ਲਈ ਸਭ ਤੋਂ ਢੁਕਵਾਂ ਹੈ, ਜਦੋਂਕਿ ਕਣਕ ਦੀਆਂ ਲੰਬੇ ਸਮੇਂ ਦੀਆਂ ਕਿਸਮਾਂ ਦੀ ਬਿਜਾਈ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਬੀਜੀਆਂ ਕਣਕ ਦੀਆਂ ਕਈ ਕਿਸਮਾਂ ਪੱਕਣ ਦੇ ਨੇੜੇ ਉੱਚੇ ਤਾਪਮਾਨ ਤੋਂ ਬਚੀਆਂ ਰਹਿੰਦੀਆਂ ਹਨ।
ਡਾ. ਰੋਮਾਣਾ ਨੇ ਦੱਸਿਆ ਕਿ ਖੇਤੀ ਯੂਨੀਵਰਸਿਟੀ ਵੱਲੋਂ ਜਾਰੀ ਨਵੀਆਂ ਕਿਸਮਾਂ ਬੀਜਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਕਿਸਮਾਂ ਵਿੱਚ ਪੀ.ਬੀ.ਡਬਲਯੂ-824, ਪੀ.ਬੀ.ਡਬਲਯੂ-766, ਡੀ.ਬੀ.ਡਬਲਯੂ-187, ਐਚ.ਡੀ 3226, ਉਨੱਤ ਪੀ.ਬੀ.ਡਬਲਯੂ-343, ਪੀ.ਬੀ.ਡਬਲਯੂ-725, ਪੀ.ਬੀ.ਡਬਲਯੂ-677, ਐਚ.ਡੀ-3386 ਅਤੇ ਡਬਲਯੂ.ਐਚ-1105 ਸ਼ਾਮਲ ਹਨ। ਇਨ੍ਹਾਂ ਕਿਸਮਾਂ ਦਾ ਝਾੜ ਚੰਗਾ ਦੱਸਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨ ਕਣਕ ਦੀ ਸਿੱਧੀ ਬਿਜਾਈ ਕਰ ਕੇ ਸਮੇਂ ਅਤੇ ਪੈਸੇ ਦੋਵਾਂ ਦੀ ਬੱਚਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕਣਕ ਦੀ ਬਿਜਾਈ ਵੇਲੇ 35 ਕਿਲੋ ਯੂਰੀਆ ਅਤੇ ਬੀਜ ਨੂੰ ਕਲੋਰਪੈਰੀਫਾਸ ਚਾਰ ਮਿਲੀਲਿਟਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਨੂੰ ਸੋਧ ਕੇ ਬੀਜਣ। ਉਨ੍ਹਾਂ ਕਿਹਾ ਕਿ ਨਵੰਬਰ ਦੇ ਦੂਜੇ ਤੋਂ ਚੌਥੇ ਹਫ਼ਤੇ ਤੱਕ ਉੱਨਤ ਪੀ.ਬੀ.ਡਬਲਯੂ-550 ਦੀ ਬਿਜਾਈ ਕੀਤੀ ਜਾਵੇ।
ਖੇਤੀ ਵਿਭਾਗ ਦੇ ਮਾਨਸਾ ਸਥਿਤ ਜ਼ਿਲ੍ਹਾ ਅਧਿਕਾਰੀ ਡਾ. ਸੱਤਪਾਲ ਸਿੰਘ ਰਾਏਕੋਟੀ ਨੇ ਕਿਹਾ ਕਿ ਮਾਲਵਾ ਪੱਟੀ ਵਿਚ ਨਰਮੇ ਵਾਲੇ ਖੇਤਰ ਵਿਚ ਅਜੇ ਤੱਕ ਕਾਫ਼ੀ ਹਿੱਸਾ ਕਣਕ ਬੀਜਣ ਤੋਂ ਰਹਿੰਦਾ ਹੈ। ਉਨ੍ਹਾਂ ਆਸ ਜ਼ਾਹਿਰ ਕੀਤੀ ਕਿ ਜਾਪਦਾ ਹੈ ਕਿ ਨਵੰਬਰ ਦੇ ਤੀਜੇ-ਚੌਥੇ ਹਫ਼ਤੇ ਸਮੁੱਚੇ ਰੂਪ ’ਚ ਬਿਜਾਈ ਸਮਾਪਤ ਹੋ ਜਾਵੇਗੀ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune