ਪਸ਼ੂਆਂ ਲਈ ਵੀ ਆਈ ਚਾਕਲੇਟ

September 08 2020

ਤੁਸੀਂ ਬਾਜ਼ਾਰ ਚ ਵੱਖ-ਵੱਖ ਕੰਪਨੀਆਂ ਦੀ ਚਾਕਲੇਟ ਤਾਂ ਵੇਖੀਆਂ ਹੋਣਗੀਆਂ, ਪਰ ਕੀ ਕਦੇ ਪਸ਼ੂਆਂ ਲਈ ਵੀ ਚਾਕਲੇਟ ਵੇਖੀ ਹੈ? ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ (ਗਡਵਾਸੂ) ਦੇ ਪਸ਼ੂ ਆਹਾਰ ਵਿਭਾਗ ਨੇ ਜੁਗਾਲੀ ਕਰਨ ਵਾਲੇ ਪਸ਼ੂਆਂ ਲਈ ਕਿ ਵਿਸ਼ੇਸ਼ ਚਾਕਲੇਟ ਬਣਾਈ ਹੈ। ਪੌਸ਼ਕ ਤੱਤਾਂ ਨਾਲ ਭਰਪੂਰ ਇਸ ਚਾਕਲੇਟ ਦਾ ਸਵਾਦ ਇੰਜ ਹੈ ਕਿ ਪਸ਼ੂ ਇਸ ਨੂੰ ਬੜੇ ਸਵਾਦ ਨਾਲ ਖਾਂਦੇ ਹਨ। ਇਸ ਨਾਲ ਦੁੱਧ ਦੇਣ ਵਾਲੇ ਪਸ਼ੂਆਂ ਦੀ ਦੁੱਧ ਦੇਣ ਦੀ ਸਮਰੱਥਾ ਵੀ ਵਧੀ ਹੈ।

ਇਸ ਦੀ ਕੀਮਤ 120 ਰੁਪਏ ਰੱਖੀ ਗਈ ਹੈ। ਵਿਭਾ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਚਾਕਲੇਟ ਨੂੰ ਖਾਣ ਨਾਲ ਪਸ਼ੂਆਂ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਪਸ਼ੂ ਆਹਾਰ ਵਿਭਾਗ ਦੇ ਸੀਨੀਅਰ ਐਨੀਮਲ ਸਾਇੰਟਿਸਟ ਤੇ ਚਾਕਲੇਟ ਯੂਨਿਟ ਦੇ ਕਨਵੀਨਰ ਡਾ. ਉਦੈਬੀਰ ਸਿੰਘ ਦੱਸਦੇ ਹਨ ਕਿ ਇਸ ਚਾਕਲੇਟ ਨੂੰ ਪਸ਼ੂ ਚਾਟ ਦਾ ਨਾਂ ਦਿੱਤਾ ਹੈ। ਅਸੀਂ ਇਸ ਨੂੰ ਗਾਵਾਂ-ਮੱਝਾਂ ਦੀ ਚਾਕਲੇਟ ਕਹਿੰਦੇ ਹਾਂ। ਕਿਉਂਕਿ ਇਹ ਵੇਖਣ ਚ ਚਾਕਲੇਟ ਵਾਂਗ ਹੀ ਹੈ ਕੇ ਸਵਾਦ ਵੀ ਮਿੱਠਾ ਹੈ। ਇਹ ਚਾਕਲੇਟ ਪ੍ਰਰੋਟੀਨ, ਮਿਨਰਲ ਤੇ ਖਣਿਜ ਦਾ ਉੱਤਮ ਸਰੋਤ ਹੈ। ਇਸ ਚ 41 ਫੀਸਦੀ ਕੱਚੀ ਪ੍ਰਰੋਟੀਨ, 1.4 ਫੀਸਦੀ ਫੈਟ, 11 ਫੀਸਦੀ ਐੱਨਡੀਐੱਫ, 2 ਫੀਸਦੀ ਫਾਈਬਰ ਤੇ 72.4 ਫੀਸਦੀ ਪਾਚਨ ਯੋਗ ਤੱਤ ਹੁੰਦੇ ਹਨ। ਅਜਿਹੇ ਚ ਖਾਣ ਨਾਲ ਬਾਂਝਪਨ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਪਸ਼ੂਆਂ ਦੀ ਪ੍ਰਜਨਨ ਸਮਰੱਥਾ ਚ ਵਾਧਾ ਹੁੰਦਾ ਹੈ। ਪਸ਼ੂਆਂ ਦਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਉਨ੍ਹਾਂ ਦੀ ਭੁੱਖ ਵੱਧਦੀ ਹੈ ਤੇ ਦੁੱਧ ਵੀ ਵੱਧਦਾ ਹੈ।

ਇੰਜ ਬਣਦੀ ਹੈ ਚਾਕਲੇਟ

ਤਿੰਨ ਕਿੱਲੋ ਦੀ ਇਸ ਚਾਕਲੇਟ ਬਣਾਉਣ ਲਈ 900 ਗ੍ਰਾਮ ਮੋਲਾਸਿਸ (ਸੀਰਾ), 450 ਗ੍ਰਾਮ ਕਣਕ ਦਾ ਆਟਾ, 450 ਗ੍ਰਾਮ ਮਿਨਰਲ ਮਿਕਸਚਰ, 300 ਗ੍ਰਾਮ ਤੇਲ ਰਹਿਤ ਸਰ੍ਹੋਂ ਦੀ ਖੱਲ੍ਹ, 300 ਗ੍ਰਾਮ ਤੇਲ ਰਹਿਣ ਚੌਲਾਂ ਦੀ ਪਾਲਿਸ਼, 300 ਗ੍ਰਾਮ ਯੂਰੀਆ, 120 ਗ੍ਰਾਮ ਲੂਣ, 90 ਗ੍ਰਾਮ ਕੈਲਸ਼ੀਅਮ ਆਕਸਾਈਡ ਤੇ 90 ਗ੍ਰਾਮ ਗਵਾਰ ਗਮ ਦੀ ਵਰਤੋਂ ਕੀਤੀ ਜਾਂਦੀ ਹੈ। ਸੀਰਾ ਮਿਲਿਆ ਹੋਣ ਕਾਰਨ ਇਸ ਦਾ ਸਵਾਦ ਚਾਕਲੇਟ ਵਾਂਗ ਮਿੱਠਾ ਹੁੰਦਾ ਹੈ।

ਸਾਲ ਚ ਦੋ ਜਾਂ ਤਿੰਨ ਵਾਰ ਖੁਆਓ

ਡਾ. ਉਦੈਬੀਰ ਸਿੰਘ ਨੇ ਦੱਸਿਆ ਕਿ ਤਿੰਨ ਕਿੱਲੋ ਦੀ ਚਾਕਲੇਟ ਨੂੰ ਪਸ਼ੂ ਸਾਹਮਣੇ ਰੱਖ ਦਿੱਤਾ ਜਾਂਦਾ ਹੈ। ਪਸ਼ੂ ਇਕ-ਦੋ ਦਿਨ ਚ ਚਾਕਲੇਟ ਨੂੰ ਚੱਟ ਕੇ ਖ਼ਤਮ ਕਰ ਦਿੰਦੇ ਹਨ। ਇਕ ਵਾਰ ਇਹ ਚਾਕਲੇਟ ਦੇਣ ਤੋਂ ਬਾਅਦ ਪਸ਼ੂ ਨੂੰ ਦੁਬਾਰਾ ਇਹ ਚਾਕਲੇਟ ਤਿੰਨ ਜਾਂ ਛੇ ਮਹੀਨੇ ਬਾਅਦ ਦਿੱਤੀ ਜਾ ਸਕਦੀ ਹੈ। ਸਾਲ ਚ ਦੋ ਜਾਂ ਤਿੰਨ ਵਾਰ ਪਸ਼ੂਆਂ ਨੂੰ ਇਹ ਚਾਕਲੇਟ ਖੁਆਈ ਜਾ ਸਕਦੀ ਹੈ। ਛੇ ਮਹੀਨੇ ਤੋਂ ਘਟ ਉਮਰ ਦੇ ਪਸ਼ੂਆਂ ਨੂੰ ਇਹ ਚਾਕਲੇਟ ਨਹੀਂ ਦਿੱਤੀ ਜਾਂਦੀ ਹੈ।

ਖ਼ੁਦ ਬਣਾਓ, ਮੁਨਾਫ਼ਾ ਕਮਾਓ

ਜੇਕਰ ਪਸ਼ੂ ਪਾਲਕ ਚਾਕਲੇਟ ਬਣਾਉਣ ਦੀ ਵਿਧੀ ਜਾਣਨਾ ਚਾਹੁੰਦੇ ਹਨ ਤਾਂ ਉਹ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹਨ। ਪਸ਼ੂ ਪਾਲਕਾਂ ਨੂੰ ਪੰਜ ਦਿਨਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਪਸ਼ੂ ਪਾਲਕ ਖ਼ੁਦ ਚਾਕਲੇਟ ਬਣਾ ਕੇ ਆਪਣੇ ਪਸ਼ੂਆਂ ਨੂੰ ਦੇ ਸਕਦੇ ਹਨ। ਚਾਹੁਣ ਤਾਂ ਵੇਚ ਕੇ ਮੁਨਾਫਾ ਵੀ ਕਮਾ ਸਕਦੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran