ਪਰਾਲੀ ਨੂੰ ਬਾਗ਼ਾਂ ਵਿਚ ਮਲਚਿੰਗ ਦੇ ਤੌਰ ਤੇ ਵੀ ਵਰਤਿਆ ਜਾ ਸਕਦੈ

November 23 2020

ਪੰਜਾਬ ਵਿਚ ਝੋਨੇ ਦੀ ਵਾਢੀ ਤੋਂ ਬਾਅਦ ਅਗਲੀ ਫ਼ਸਲ ਦੀ ਬਿਜਾਈ ਲਈ ਬਹੁਤ ਥੋੜ੍ਹਾ ਸਮਾਂ ਹੁੰਦਾ ਹੈ। ਇਸ ਲਈ ਜ਼ਿਆਦਾਤਰ ਕਿਸਾਨ ਪਰਾਲੀ ਨੂੰ ਖੇਤ ਵਿਚ ਹੀ ਅੱਗ ਲਾ ਕੇ ਸਾੜ ਦਿੰਦੇ ਹਨ। ਇਸ ਨਾਲ ਜਿਥੇ ਪ੍ਰਦੂਸ਼ਣ ਦੀ ਸਮੱਸਿਆ ਵਧਦੀ ਹੈ ਉੱਥੇ ਜ਼ਮੀਨ ਵਿਚਲੇ ਖ਼ੁਰਾਕੀ ਤੱਤ ਤੇ ਖੇਤੀ ਲਈ ਫ਼ਾਇਦੇਮੰਦ ਸੂਖ਼ਮ ਜੀਵਾਣੂੰ ਵੀ ਨਸ਼ਟ ਹੋ ਜਾਂਦੇ ਹਨ। ਇਕ ਅੰਦਾਜ਼ੇ ਅਨੁਸਾਰ ਧਰਤੀ ਵਿਚੋਂ ਝੋਨੇ ਦੁਆਰਾ ਲਈ ਗਈ 25 ਫ਼ੀ ਸਦੀ ਨਾਈਟਰੋਜਨ ਤੇ ਫ਼ਾਸਫ਼ੋਰਸ, 50 ਫ਼ੀ ਸਦੀ ਗੰਧਕ ਤੇ 75 ਫ਼ੀ ਸਦੀ ਪੋਟਾਸ਼ ਪਰਾਲੀ ਵਿਚ ਹੀ ਰਹਿ ਜਾਂਦੀ ਹੈ। 10 ਕੁਇੰਟਲ ਪਰਾਲੀ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟਰੋਜਨ, 2.3 ਕਿਲੋ ਫ਼ਾਸਫ਼ੋਰਸ, 25 ਕਿਲੋ ਪੋਟਾਸ਼ੀਅਮ ਤੇ 1.2 ਕਿਲੋ ਗੰਧਕ ਦਾ ਨੁਕਸਾਨ ਹੁੰਦਾ ਹੈ।ਬਹੁਤ ਸਾਰੇ ਸੂਝਵਾਨ ਕਿਸਾਨਾਂ ਨੇ ਪਰਾਲੀ ਨੂੰ ਜ਼ਮੀਨ ਵਿਚ ਖਪਾਉਣ ਦੀਆਂ ਤਕਨੀਕਾਂ ਨੂੰ ਅਪਣਾ ਕੇ ਇਸ ਦੀ ਸੁਚੱਜੀ ਸੰਭਾਲ ਵਲ ਠੋਸ ਕਦਮ ਪੁੱਟੇ ਹਨ। ਇਸ ਤੋਂ ਇਲਾਵਾ ਪਰਾਲੀ ਤੋਂ ਕਈ ਤਰ੍ਹਾਂ ਦੇ ਪਦਾਰਥ ਬਣਾਉਣ ਦੀਆਂ ਤਕਨੀਕਾਂ ਵੀ ਉਪਲਭਧ ਹਨ। ਪਰਾਲੀ ਨੂੰ ਬਾਗ਼ਾਂ ਵਿਚ ਮਲਚਿੰਗ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੱਖ-ਵੱਖ ਫਲਾਂ ਦੇ ਬਾਗ਼ਾਂ ਵਿਚ ਪਰਾਲੀ ਦੀ ਮਲਚਿੰਗ ਲਈ ਸਿਫ਼ਾਰਸ਼ ਕੀਤੀ ਗਈ ਹੈ।ਇਸ ਲਈ ਬਾਗ਼ਾਂ ਵਿਚ ਪਰਾਲੀ ਦੀ ਵਰਤੋਂ ਕਰਨ ਵਾਸਤੇ ਪਰਾਲੀ ਨੂੰ ਇਕੱਠੀ ਕਰ ਕੇ ਸੰਭਾਲ ਲੈਣ ਦਾ ਅਜੇ ਵੀ ਢੁਕਵਾਂ ਸਮਾਂ ਹੈ। ਬਾਗ਼ਾਂ ਵਿਚ ਜ਼ਿਆਦਾ ਪਾਣੀ ਦੀ ਵਰਤੋਂ ਅਤੇ ਬਰਸਾਤਾਂ ਵੇਲੇ ਨਦੀਨਾਂ ਦੀ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਹ ਨਦੀਨ ਫਲਦਾਰ ਬੂਟਿਆਂ ਨੂੰ ਪਾਈ ਗਈ ਖ਼ੁਰਾਕ ਤੇ ਪਾਣੀ ਦਾ ਵੱਡਾ ਹਿੱਸਾ ਖਪਤ ਕਰ ਜਾਂਦੇ ਹਨ ਅਤੇ ਕਈ ਬੀਮਾਰੀਆਂ ਤੇ ਕੀੜਿਆਂ ਦੀ ਪਨਾਹਗਾਹ ਵੀ ਬਣਦੇ ਹਨ। ਆਮ ਤੌਰ ਤੇ ਬਾਗ਼ਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਵਹਾਈ ਕੀਤੀ ਜਾਂਦੀ ਹੈ ਜਾਂ ਨਦੀਨ ਨਾਸ਼ਕ ਵਰਤੇ ਜਾਂਦੇ ਹਨ। ਇਸ ਨਾਲ ਬਾਗ਼ਾਂ ਦੀ ਸਾਂਭ-ਸੰਭਾਲ ਤੇ ਲਾਗਤ ਵੱਧ ਜਾਂਦੀ ਹੈ ਤੇ ਕਈ ਵਾਰ ਫਲਦਾਰ ਬੂਟਿਆਂ ਦਾ ਨੁਕਸਾਨ ਵੀ ਹੋ ਜਾਂਦਾ ਹੈ। ਇਸ ਲਈ ਬਾਗ਼ਾਂ ਵਿਚ ਨਦੀਨਾਂ ਦੀ ਸੌਖੀ ਤੇ ਕਿਫ਼ਾਇਤੀ ਢੰਗ ਨਾਲ ਰੋਕਥਾਮ ਕਰਨ ਲਈ ਮਲਚਿੰਗ ਇਕ ਵਧੀਆ ਬਦਲ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

ਸ੍ਰੋਤ: Rozana Spokesman