ਨੈਨੋ ਯੂਰੀਆ ਦੇ ਰਾਸ਼ਟਰੀ ਉਤਪਾਦਨ ਨੂੰ ਰਫ਼ਤਾਰ ਦੇਵੇਗਾ ਪੰਜਾਬ, 45 ਕਿਲੋ ਬੈਗ ਦੀ ਥਾਂ ਲਵੇਗੀ ਬੋਤਲ

January 12 2023

 ਜਲਦੀ ਹੀ ਪੰਜਾਬ ਨੈਨੋ ਯੂਰੀਆ ਦੇ ਉਤਪਾਦਨ ਵਿਚ ਕੌਮੀ ਰਫ਼ਤਾਰ ਨੂੰ ਗਤੀ ਪ੍ਰਦਾਨ ਕਰੇਗਾ। ਇਹ ਨੈਨੋ ਯੂਰੀਆ ਲਗਭਗ 45 ਕਿਲੋ ਯੂਰੀਆ ਬੈਗ ਦੀ ਥਾਂ 500 ਮਿਲੀਲੀਟਰ ਦੀ ਬੋਤਲ ਦੇ ਰੂਪ ਵਿਚ ਉਪਲਬਧ ਹੋਵੇਗਾ। ਇਹ ਸਭ ਰੋਪੜ ਦੇ ਪਿੰਡ ਨਵਾਂ ਨੰਗਲ ਵਿਖੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐੱਨ. ਐੱਫ. ਐੱਲ.) ਦੇ ਪ੍ਰਸਤਾਵਿਤ ਵਿਸਥਾਰ ਪਲਾਂਟ ਰਾਹੀਂ ਸੰਭਵ ਹੋਵੇਗਾ। ਨੈਨੋ ਯੂਰੀਆ ਪੈਦਾ ਕਰਨ ਲਈ ਇਸ ਪਲਾਂਟ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਵਿਸਥਾਰ ਤੋਂ ਬਾਅਦ, ਇਹ ਪਲਾਂਟ ਰੋਜ਼ਾਨਾ 75 ਕਿਲੋ ਲੀਟਰ ਨੈਨੋ ਯੂਰੀਆ ਦਾ ਉਤਪਾਦਨ ਕਰੇਗਾ, ਯਾਨੀ 500 ਮਿਲੀਲੀਟਰ ਨੈਨੋ ਯੂਰੀਆ ਦੀਆਂ ਲਗਭਗ 1,50,000 ਬੋਤਲਾਂ। ਇਸ ਨਾਲ ਨਾ ਸਿਰਫ ਜ਼ਮੀਨ ਦੀ ਗੁਣਵੱਤਾ ਵਿਚ ਸੁਧਾਰ ਹੋਵੇਗਾ, ਸਗੋਂ ਇਹ ਵਾਤਾਵਰਨ ਸੁਰੱਖਿਆ ਸਮੇਤ ਰੁਜ਼ਗਾਰ ਪੈਦਾ ਕਰਨ ਵਿਚ ਵੀ ਮਦਦ ਕਰੇਗਾ। ਨਾਲ ਹੀ, ਇਸ ਨਾਲ ਕਿਸਾਨਾਂ ਨੂੰ ਨੈਨੋ ਖਾਦ ਦੀ ਉਪਲਬਧਤਾ ਦੀ ਸਹੂਲਤ ਮਿਲੇਗੀ, ਜਿਸ ਦੀ ਵਰਤੋਂ ਖੇਤਾਂ ਵਿਚ ਆਸਾਨੀ ਨਾਲ ਕੀਤੀ ਜਾ ਸਕੇਗੀ।
ਭਾਰਤ ਦੁਨੀਆ ਦਾ ਦੂਜਾ ਅਜਿਹਾ ਦੇਸ਼ ਹੈ, ਜਿੱਥੇ ਯੂਰੀਆ ਖਾਦ ਦੀ ਖਪਤ ਬਹੁਤ ਜ਼ਿਆਦਾ ਹੈ। ਇਸੇ ਲਈ ਭਾਰਤ ਸਰਕਾਰ ਨੇ ਯੂਰੀਆ ਉਤਪਾਦਨ ਨੂੰ ਲੈ ਕੇ ਗੰਭੀਰ ਸਟੈਂਡ ਲਿਆ ਹੈ। ਫਰਟੀਲਾਈਜ਼ਰ ਨੂੰ ਉਤਪਾਦ ਦੀ ਸ਼ਕਲ ਵਿਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ, ਜਿਸ ਵਿਚ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ (ਕੇਨ) ਅਤੇ ਕਈ ਕਿਸਮਾਂ ਦੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਤੋਂ ਇਲਾਵਾ ਯੂਰੀਆ, ਡੀ-ਅਮੋਨੀਅਮ ਫਾਸਫੇਟ (ਡੀ. ਏ.ਪੀ.), ਸਿੰਗਲ ਸੁਪਰ ਫਾਸਫੇਟ (ਐੱਸ. ਐੱਸ. ਪੀ.), ਮਿਊਰੀਏਟ ਆਫ ਪੋਟਾਸ਼ (ਐੱਮ. ਓ. ਪੀ.) ਸ਼ਾਮਲ ਹਨ। ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਖਾਦ ਉਪਭੋਗਤਾ ਹੈ, ਜਦੋਂਕਿ ਭਾਰਤ ਯੂਰੀਆ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ। ਇਸੇ ਲਈ ਭਾਰਤ ਸਰਕਾਰ ਨੇ ਨਵੀਂ ਯੂਰੀਆ ਨੀਤੀ ਤਹਿਤ ਕੁਝ ਸਾਲ ਪਹਿਲਾਂ ਯੂਰੀਆ ਉਤਪਾਦਨ ’ਤੇ ਲਗਾਈ ਗਈ ਵੱਧ ਤੋਂ ਵੱਧ ਸਮਾਂ ਹੱਦ ਨੂੰ ਹਟਾ ਦਿੱਤਾ ਸੀ।
ਸਬਸਿਡੀ ਦੇ ਬੋਝ ਤੋਂ ਮਿਲੇਗੀ ਰਾਹਤ
ਬੋਤਲਬੰਦ ਨੈਨੋ ਯੂਰੀਆ ਦੇ ਉਤਪਾਦਨ ਨੂੰ ਤੇਜ਼ ਕਰਨ ਨਾਲ ਭਾਰਤ ਸਰਕਾਰ ਨੂੰ ਯੂਰੀਆ ’ਤੇ ਦਿੱਤੀ ਜਾਂਦੀ ਭਾਰੀ ਸਬਸਿਡੀ ਤੋਂ ਰਾਹਤ ਮਿਲੇਗੀ ਕਿਉਂਕਿ ਇਹ ਨੈਨੋ ਯੂਰੀਆ ਬਿਨਾਂ ਸਬਸਿਡੀ ਦੇ ਸਾਧਾਰਨ ਕੀਮਤ ’ਤੇ ਉਪਲਬਧ ਹੋਵੇਗਾ। ਇਸ ਸਮੇਂ ਕੇਂਦਰ ਵਲੋਂ 45 ਕਿਲੋ ਯੂਰੀਆ ਦੇ ਥੈਲੇ ’ਤੇ ਕਰੀਬ 1800-2000 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ’ਤੇ ਕਈ ਤਰ੍ਹਾਂ ਦੇ ਟੈਕਸ ਲਾਗੂ ਹਨ, ਜਿਸ ਕਾਰਣ ਸੂਬਾ ਪੱਧਰ ’ਤੇ ਇਸ ਸਬਸਿਡੀ ਵਿਚ ਫਰਕ ਹੋ ਸਕਦਾ ਹੈ। ਸਬਸਿਡੀ ਕਾਰਣ ਪੰਜਾਬ ਵਿਚ ਯੂਰੀਆ ਦਾ 45 ਕਿਲੋ ਦਾ ਥੈਲਾ 266 ਰੁਪਏ ਵਿਚ ਮਿਲ ਰਿਹਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Jagbani