ਨਿਊਜ਼ੀਲੈਂਡ ’ਚ ਪੰਜਾਬੀ ਇਮੀਗ੍ਰੇਸ਼ਨ ਸਲਾਹਕਾਰ ਦੇ ਫ਼ਾਰਮ ਵਿਚ ਜੈਵਿਕ ਪੰਜਾਬੀ ਸਬਜ਼ੀਆਂ ਦੀ ਚਰਚਾ

March 08 2021

ਇਹ ਗੱਲ ਗੀਤਾਂ ਵਿਚ ਤਾਂ ਬਹੁਤ ਸੋਹਣੀ ਲਗਦੀ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਅਪਣਾ ਪੰਜਾਬ ਵਸਾ ਲੈਂਦੇ ਨੇ, ਪਰ ਇਸ ਨੂੰ ਹਕੀਕਤ ਦੇ ਵਿਚ ਬਦਲਣਾ ਹੋਵੇ ਤਾਂ ਪਜ਼ਾਮਿਆਂ ਦੇ ਪੌਂਹਚੇ ਚਕਣੇ ਪੈਂਦੇ ਹਨ, ਨੱਕੇ ਮੋੜਨੇ ਪੈਂਦੇ ਹਨ ਅਤੇ ਪੰਜਾਬ ਵਰਗੀ ਮਿੱਟੀ ਪੈਦਾ ਕਰਨੀ ਪੈਂਦੀ ਹੈ। ਅਜਿਹੀ ਹੀ ਉਦਾਹਰਣ ਪੇਸ਼ ਕਰ ਰਹੇ ਹਨ ਪਿੰਡ ਟਾਂਡੀ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਪਰ ਬਹੁਤਾ ਸਮਾਂ ਚੰਡੀਗੜ ਰਹੇ ਸ. ਮਲਕੀਅਤ ਸਿੰਘ ਸਪੁੱਤਰ ਸ. ਅਮਰੀਕ ਸਿੰਘ।

ਕਿੱਤੇ ਪੱਖੋਂ ਉਹ ਇਮੀਗ੍ਰੇਸ਼ਨ ਸਲਾਹਕਾਰ ਹਨ ਪਰ ਸ਼ਾਇਦ ਉਚ ਪੜ੍ਹਾਈ ਦੀਆਂ ਕਿਤਾਬਾਂ ਨਾਲ ਉਹ ਖੇਤੀਬਾੜੀ ਦੀ ਕਿਤਾਬ ਵੀ ਨਾਲ ਹੀ ਪੜ੍ਹ ਗਏ। ਉਨ੍ਹਾਂ ਉਤੇ ਬਹੁਤ ਵੱਡਾ ਲੇਖ ਲਿਖਿਆ ਜਾ ਸਕਦਾ ਹੈ ਪਰ ਅੱਜ ਗੱਲ ਕਰਨੀ ਹੈ ਉਨ੍ਹਾਂ ਦੇ ਫਾਰਮ ਵਿਚ ਉਗਾਈਆਂ ਜਾ ਰਹੀਆਂ ਪੰਜਾਬੀ ਸਬਜ਼ੀਆਂ ਦੀ। ਇਸ ਪਿਉ ਪੁੱਤ ਨੇ ਅਪਣੇ ਪ੍ਰਵਾਰ ਦੀ ਮਦਦ ਨਾਲ ਉਹ ਸਾਰਾ ਕੁਝ ਕਰਨ ਦੀ ਸੋਚੀ ਹੈ ਜੋ ਉਹ ਕਰ ਸਕਦੇ ਹਨ।

ਇਸ ਵੇਲੇ ਉਨ੍ਹਾਂ ਦੇ ਫਾਰਮ ਵਿਚ ਉਗਾਇਆ ਗਿਆ ਘੀਆ ਜਿਸ ਨੂੰ ਲੌਕੀ ਵੀ ਕਹਿੰਦੇ ਹਨ 10 ਡਾਲਰ ਨੂੰ ਕਿਲੋ ਹੈ ਜਿਸ ਦੀ ਕੀਮਤ ਭਾਰਤੀ ਬਾਜ਼ਾਰ ਵਿਚ 550 ਰੁਪਏ ਦੇ ਕਰੀਬ ਬਣਦੀ ਹੈ। ਇਨ੍ਹਾਂ ਦੇ ਫਾਰਮ ਵਿਚ ਪੰਜਾਬੀ ਮੂਲੀ, ਪੰਜਾਬੀ ਸ਼ਲਗਮ, ਸ਼ਿਮਲਾ ਮਿਰਚ, ਚਿੱਟਾ ਕੱਦੂ, ਫਲੀਆਂ, ਚੁੰਕਦਰ, ਕਰੇਲੇ, ਟਮਾਟਰ ਆਦਿ ਹਨ। ਇਨ੍ਹਾਂ ਦੇ ਫਾਰਮ ਵਿਚ ਰੰਗ ਬਿੰਰਗੇ ਦਾਣੇ ਵਾਲੀਆਂ ਛੱਲੀਆਂ ਵੀ ਹਨ। ਪ੍ਰਯੋਗ ਦੇ ਤੌਰ ’ਤੇ ਉਨ੍ਹਾਂ ਇਨ੍ਹਾਂ ਛੱਲੀਆਂ ਦੇ ਲਾਗੇ ਆਮ ਛੱਲੀ ਲਗਾ ਦਿਤੀ ਤਾਂ ਰੰਗ ਬਿਰੰਗੀਆਂ ਛੱਲੀਆਂ ਨੂੰ ਵੇਖ ਕੇ ਆਮ ਛੱਲੀ ਵੀ ਦੂਜੀ ਛੱਲੀ ਵਿਚ ਬਦਲ ਗਈ।

ਮਲਕੀਅਤ ਸਿੰਘ ਦੇ ਫਾਰਮ ਵਿਚ ਸਾਰੀ ਖੇਤੀ ਜੈਵਿਕ ਤਰੀਕੇ ਨਾਲ ਕੀਤੀ ਜਾਂਦੀ ਹੈ। ਕੋਈ ਖਾਦ ਅਤੇ ਦਵਾਈ ਨਹੀਂ ਵਰਤੀ ਜਾਂਦੀ ਸਗੋਂ ਇਸ ਦੇ ਲਈ ਗੋਹੇ ਤੋਂ ਤਿਆਰ ਖਾਦ ਵਰਤੀ ਜਾਂਦੀ ਹੈ। ਇਸ ਦੇ ਲਈ ਵੱਛੇ ਰੱਖੇ ਹੋਏ ਹਨ। ਨਿਊਜ਼ੀਲੈਂਡ ਵਿਚ ਬਹੁਤ ਘੱਟ ਮੱਝਾਂ ਹਨ।

ਸ਼ਾਇਦ ਹੀ ਕਿਸੇ ਪੰਜਾਬੀ ਨੇ ਇਹ ਰਖੀਆਂ ਹੋਣ, ਪਰ ਮਲਕੀਅਤ ਸਿੰਘ ਨੇ ਕੋਸ਼ਿਸ਼ ਕਰ ਕੇ ਕਿਸੇ ਕੋਲੋਂ ਡੇਢ ਸਾਲ ਦੀਆਂ ਦੋ ਕੱਟੀਆਂ ਲੈ ਰਖੀਆਂ ਹਨ, ਜੋ ਕਿ ਵੱਛਿਆਂ ਦੇ ਨਾਲ ਹੀ ਚਰਦੀਆਂ ਹਨ। ਸਿੰਚਾਈ ਵਾਸਤੇ ਮੀਂਹ ਦਾ ਪਾਣੀ ਇਕੱਠਾ ਕਰ ਕੇ ਵਰਤਿਆ ਜਾਂਦਾ ਹੈ। ਮਲਕੀਅਤ ਸਿੰਘ ਦੀ ਪਤਨੀ ਸ੍ਰੀਮਤੀ ਰਾਜਵਿੰਦਰ ਕੌਰ ਅਤੇ ਪੁੱਤਰ ਗੁਰਫ਼ਤਿਹ ਸਿੰਘ ਵੀ ਬੜੇ ਸ਼ੌਕ ਨਾਲ ਖੇਤੀਬਾੜੀ ਵਿਚ ਸਹਿਯੋਗ ਕਰਦੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman