ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਅੱਜ ਰੱਖਣਗੇ ਇਕ ਦਿਨਾ ਭੁੱਖ ਹੜਤਾਲ

December 21 2020

ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਕਿਸਾਨ ਸੋਮਵਾਰ ਨੂੰ ਮੁਜ਼ਾਹਰੇ ਵਾਲੇ ਸਾਰੇ ਸਥਾਨਾਂ ਤੇ ਇਕ ਦਿਨਾ ਲੜੀਵਾਰ ਭੁੱਖ ਹੜਤਾਲ ਰੱਖਣਗੇ। ਇਸ ਤੋਂ ਇਲਾਵਾ 25 ਤੋਂ 27 ਦਸੰਬਰ ਤਕ ਹਰਿਆਣੇ ਦੇ ਟੋਲ ਪਲਾਜ਼ਿਆਂ ਨੂੰ ਟੋਲ ਤੋਂ ਮੁਕਤ ਰੱਖਿਆ ਜਾਵੇਗਾ। 

ਸਿੰਘੂ ਬੈਰੀਅਰ ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਵਰਾਜ ਇੰਡੀਆ ਦੇ ਮੁਖੀ ਯੋਗੇਂਦਰ ਯਾਦਵ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਨੂੰ ਹੋਣ ਵਾਲੀ ਇਕ ਦਿਨਾ ਭੁੱਖ ਹੜਤਾਲ ਦੀ ਸ਼ੁਰੂਆਤ ਇੱਥੇ ਕਿਸਾਨਾਂ ਦੀ 11 ਮੈਂਬਰੀ ਟੀਮ ਕਰੇਗੀ। 

ਯਾਦਵ ਨੇ ਦੇਸ਼ ਭਰ ਦੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਕ ਦਿਨਾ ਭੁੱਖ ਹੜਤਾਲ ਰੱਖ ਕੇ ਕਿਸਾਨਾਂ ਦੀਆਂ ਮੰਗਾਂ ਦੀ ਹਿਮਾਇਤ ਕਰਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਦੇ ਅਗਲੇ ਐਕਸ਼ਨ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨਾਂ ਵੱਲੋਂ 25 ਤੋਂ 27 ਦਸੰਬਰ ਤਕ ਹਰਿਆਣੇ ਦੇ ਹਾਈਵੇ ਤੇ ਸਥਿਤ ਟੋਲ ਪਲਾਜ਼ਿਆਂ ਟੋਲ ਮੁਕਤ ਰੱਖਿਆ ਜਾਵੇਗਾ। ਪੱਤਰਕਾਰ ਸੰਮੇਲਨ ਵਿਚ ਮੌਜੂਦ ਕਿਸਾਨ ਆਗੂ ਰਾਕੇਸ਼ ਸਿੰਘ ਟਿਕੈਤ ਨੇ ਕਿਹਾ ਕਿ 23 ਦਸੰਬਰ ਨੂੰ ਲੋਕ ਕਿਸਾਨ ਦਿਵਸ ਮਨਾਉਣ ਤੇ ਉਸ ਦਿਨ ਦੁਪਹਿਰ ਦਾ ਖਾਣਾ ਨਾ ਬਣਾਉਣ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran