ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਡਟਿਆ ਅੰਨਦਾਤਾ

December 05 2020

ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਜਿੱਥੇ ਪਿਛਲੇ ਨੌਂ ਦਿਨਾਂ ਤੋਂ ਦਿੱਲੀ ਬਾਰਡਰਾਂ ’ਤੇ ਲਗਾਤਾਰ ਧਰਨੇ ਜਾਰੀ ਹਨ ਉੱਥੇ ਹੀ ਲਹਿਰਾਗਾਗਾ ’ਚ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਰਿਲਾਇੰਸ ਦੇ ਪੰਪ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਦੀ ਅਗਵਾਈ ’ਚ ਧਰਨਾ ਅੱਜ 65ਵੇਂ ਦਿਨ ਵੀ ਜਾਰੀ ਰਿਹਾ। ਧਰਨੇ ’ਚ ਹਰ ਰੋਜ਼ ਕਿਸਾਨਾਂ ਅਤੇ ਬੀਬੀਆਂ ਦੀ ਗਿਣਤੀ ਲਗਾਤਾਰ ਵਧਣ ਕਰ ਕੇ ਦਿੱਲੀ ਗਏ ਸੰਘਰਸ਼ਕਾਰੀਆਂ ਦੇ ਹੌਸਲੇ ਬੁਲੰਦ ਹਨ। ਉੱਧਰ, ਕਈ ਪਿੰਡਾਂ ’ਚ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਦਿੱਲੀ ਗਏ ਕਿਸਾਨਾਂ ਦੀ ਫਸਲਾਂ ਨੂੰ ਪਾਲਣ ਤੇ ਪਾਣੀ ਲਾਉਣ ਦੀ ਜ਼ਿੰਮੇਵਾਰੀ ਮੁਫ਼ਤ ਨਿਭਾਈ ਜਾ ਰਹੀ ਹੈ।

ਕਿਸਾਨ ਆਗੂ ਦਰਸ਼ਨ ਸਿੰਘ ਕੋਟੜਾ, ਹਰਸੇਵਕ ਸਿੰਘ ਲਹਿਲ ਖੁਰਦ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਜਗਸੀਰ ਸਿੰਘ ਖੰਡੇਬਾਦ, ਰਾਮਚੰਦ ਸਿੰਘ, ਜਸ਼ਨਪ੍ਰੀਤ ਕੌਰ, ਕਰਮਜੀਤ ਕੌਰ ਭੁਟਾਲ, ਹਰਸੇਵਕ ਸਿੰਘ ਅਤੇ ਹਰਜਿੰਦਰ ਸਿੰਘ ਨੰਗਲਾ ਆਦਿ ਬੁਲਾਰਿਆਂ ਨੇ ਕਿਹਾ ਕਿ ਦਿੱਲੀ ਗਈਆਂ ਕਿਸਾਨ ਜਥੇਬੰਦੀਆਂ ਦੇ ਆਗੂ ਕਾਨੂੰਨਾਂ ’ਚ ਸੋਧ ਦੀ ਗੱਲ ਛੱਡ ਕੇ ਕਾਨੂੰਨ ਵਾਪਸੀ ਤੱਕ ਦਿੱਲੀ ਦੇ ਬਾਰਡਰਾਂ ’ਤੇ ਘਿਰਾਓ ਤੋਂ ਨਾ ਹਟਣ ਕਿਉਂਕਿ ਪਿੱਛੇ ਰਹਿੰਦੇ ਪਿੰਡ ਵਾਸੀ ਉਨ੍ਹਾਂ ਦੇ ਘਰਾਂ ਅਤੇ ਜ਼ਮੀਨਾਂ ਦੀ ਦੇਖਭਾਲ ਲਈ ਪੂਰੀ ਤਰ੍ਹਾਂ ਵਚਣਬੱਧ ਹਨ।

ਦਿੱਲੀ ਸੰਘਰਸ਼ ਲਈ ਗਏ ਕਿਸਾਨਾਂ ਤੋਂ ਬਾਅਦ ਪਿੱਛੇ ਰਹਿੰਦੇ ਕਿਸਾਨਾਂ ਨੇ ਸਥਾਨਕ ਧਰਨਿਆਂ ਨੂੰ ਜਾਰੀ ਰੱਖਿਆ ਹੋਇਆ ਹੈ। ਧਰਨਿਆਂ ਵਿਚ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂ ਆ ਕੇ ਕੇਂਦਰ ਸਰਕਾਰ ਪ੍ਰਤੀ ਗੁੱਸੇ ਨੂੰ ਆਪਣੀਆਂ ਤਕਰੀਰਾਂ ਰਾਹੀਂ ਬਿਆਨ ਕਰ ਰਹੇ ਹਨ। ਨਾਮਵਰ ਕਲਾਕਾਰ ਵੀ ਆਪਣੀਆਂ ਜੌਸ਼ੀਲੀਆਂ ਪੇਸ਼ਕਾਰੀਆਂ ਰਾਹੀਂ ਆਪਣੀ ਹਾਜ਼ਰੀ ਲਗਵਾ ਰਹੇ ਹਨ। ਸੁਨਾਮ ਵਿੱਚ ਰਿਲਾਇੰਸ ਦੇ ਟਰੈਂਡਜ਼ ਮਾਲ ਅੱਗੇ ਲੱਗੇ ਧਰਨੇ ਵਿੱਚ ਅੱਜ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਵੱਡੀ ਗਿਣਤੀ ਕਿਸਾਨ ਜੁੜੇ। ਅੱਜ ਦੇ ਧਰਨੇ ਵਿੱਚ ਇਨਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ ਨੇ ਆਪਣੇ ਗੀਤਾਂ ਨਾਲ ਠੰਢੇ ਮੌਸਮ ਨੂੰ ਗਰਮ ਕਰੀ ਰੱਖਿਆ।

ਪੇਂਡੂ ਮਜ਼ਦੂਰਾਂ ਵੱਲੋਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ

ਨਾਭਾ ਬਲਾਕ ਦੇ ਕਨਸੂਹਾ ਖੁਰਦ, ਕੈਦੂਪੁਰ, ਧਾਰੋਂਕੀ, ਥੂਹੀ, ਕਨਸੂਹਾ ਕਲਾਂ, ਲੁਬਾਣਾ ਟੇਕੂ, ਅਗੇਤਾ, ਇਛੇਵਾਲ, ਲੁਬਾਣਾ ਮਾਡਲ ਟਾਊਨ, ਮੱਲੇਵਾਲ, ਆਲੋਵਾਲ, ਧਨੌਰੀ ਆਦਿ ਪਿੰਡਾਂ ਵਿੱਚੋਂ ਅੱਜ ਸੈਂਕੜੇ ਮਜ਼ਦੂਰ ਐੱਸਡੀਐੱਮ ਦਫ਼ਤਰ ਇਕੱਠੇ ਹੋਏ। ਉਨ੍ਹਾਂ ਵੱਲੋਂ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰਾਸ਼ਟਰਪਤੀ ਦੇ ਨਾਮ ਇਕ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਿਆ ਗਿਆ। ਇਕ ਦਿਨ ਦੇ ਸੰਕੇਤਕ ਧਰਨੇ ਰਾਹੀਂ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਕਾਨੂੰਨ ਵਾਪਸ ਨਾ ਲਏ ਗਏ ਤਾਂ ਪੰਜਾਬ ਦਾ ਮਜ਼ਦੂਰ ਵਰਗ ਵੀ ਦਿੱਲੀ ਨੂੰ ਕੂਚ ਕਰੇਗਾ। ਮੰਗ ਪੱਤਰ ਵਿਚ ਮਜ਼ਦੂਰਾਂ ਵੱਲੋਂ ਦਿੱਲੀ ਧਰਨਿਆਂ ਨੇੜੇ ਵਾਧੂ ਸੁਰੱਖਿਆ ਬਲ ਤਾਇਨਾਤ ਕਰਨ ’ਤੇ ਵੀ ਇਤਰਾਜ਼ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਹੀ ਦੇਸ਼ਵਾਸੀਆਂ ਖ਼ਿਲਾਫ਼ ਫ਼ੌਜ ਦਾ ਇਸਤੇਮਾਲ ਕਰ ਕੇ ਉਨ੍ਹਾਂ ਨੂੰ ਡਰਾਉਣ ਦਾ ਯਤਨ ਕਰਨਾ ਗੈਰ ਲੋਕਤੰਤਰਿਕ ਹੈ। ਮਜ਼ਦੂਰਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪੰਜਾਬੀਆਂ ਉੱਪਰ ਜਬਰ-ਜ਼ੁਲਮ ਕਰਦੇ ਹੋਏ ਲੋਕਾਂ ਦੀ ਆਜ਼ਾਦੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਨਾਭਾ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune