ਧੁੰਦ ਦਾ ਅਸਰ: ਕਣਕਾਂ ਦਾ ਰੰਗ ਪੀਲਾ ਪਿਆ

January 19 2022

ਇੱਥੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੰਦ ਕਾਰਨ ਖੇਤਾਂ ਵਿੱਚ ਲਹਿਰਾ ਰਹੀ ਕਣਕ ਦੀ ਫਸਲ ਪੀਲੀ ਪੈਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਮੌਸਮ ਦੇ ਬਦਲੇ ਮਿਜਾਜ਼ ਕਾਰਨ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਨ ਅਤੇ ਮਾਹਿਰਾਂ ਨਾਲ ਸੰਪਰਕ ਵਿੱਚ ਰਹਿਣ ਦੀ ਹਦਾਇਤ ਕੀਤੀ ਹੈ।ਧੁੰਦ ਦੇ ਮੌਸਮ ਕਾਰਨ ਜਿਥੇ ਕਣਕ ਦੀ ਫਸਲ ਨੂੰ ਫ਼ਾਇਦਾ ਹੋਇਆ ਹੈ,ਉੱਥੇ ਕਿਸਾਨਾਂ ਨੂੰ ਕੁਝ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਧੁੰਦ ਰਹਿਣ ਕਾਰਨ ਕਣਕ ਦੀ ਫਸਲ ਦੇ ਪੌਦਿਆਂ ਦੀਆਂ ਉਪਰਲੀਆਂ ਨੋਕਾਂ ਪੀਲੀਆਂ ਪੈਣ ਕਾਰਨ ਕਿਸਾਨਾਂ ਦੀ ਚਿੰਤਾ ਨੂੰ ਦੇਖਦਿਆਂ ਖੇਤੀਬਾੜੀ ਵਿਭਾਗ ਦੀ ਟੀਮ ਨੇ ਬਲਾਕ ਮਾਜਰੀ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਕਣਕ, ਗੋਭੀ ਸਰ੍ਹੋਂ ਅਤੇ ਗੰਨੇ ਦੀ ਫਸਲ ਦਾ ਨਿਰੀਖਣ ਕੀਤਾ। ਪਿੰਡ ਨਿਹੋਲਕਾ ਅਤੇ ਰਾਮਪੁਰ ਟੱਪਰੀਆ ਵਿੱਚ ਕਣਕ ਦੀ ਫਸਲ ਦਾ ਨਿਰੀਖਣ ਕਰਦਿਆਂ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਕਣਕ ਦੀ ਜ਼ਿਆਦਾਤਰ ਫਸਲ ’ਚ ਪੀਲਾਪਣ ਦਿਖਾਈ ਦੇ ਰਿਹਾ ਹੈ, ਕਿਉਂਕਿ ਪਿਛਲੇ ਦਿਨੀਂ ਹੋਈ ਬਾਰਸ਼ ਦੇ ਪਾਣੀ ਦੀ ਨਿਕਾਸੀ ਨਹੀਂ ਹੋਈ ਤੇ ਪਾਣੀ ਖੇਤ ਵਿੱਚ ਜ਼ਿਆਦਾ ਦੇਰ ਖੜ੍ਹਾ ਰਿਹਾ। ਇਸ ਤੋਂ ਇਲਾਵਾ ਕਣਕ ਦੀ ਫਸਲ ਵਿੱਚ ਪੀਲੇਪਣ ਹੋਣ ਦਾ ਕਾਰਨ ਖੁਰਾਕੀ ਤੱਤਾਂ ਦੀ ਘਾਟ, ਖਰਾਬ ਮੌਸਮ ਅਤੇ ਪੀਲੀ ਕੁੰਗੀ ਬਿਮਾਰੀ ਆਦਿ ਹੋ ਸਕਦਾ ਹੈ। ਮਾਹਰਾਂ ਨੇ ਸਲਾਹ ਦਿੱਤੀ ਕਿ ਕਿਸਾਨ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ।

ਇਸ ਮੌਕੇ ਡਾ. ਪਰਮਿੰਦਰ ਸਿੰਘ ਏਡੀਓ ਨੇ ਕਿਸਾਨਾਂ ਨੂੰ ਦੱਸਿਆ ਕਿ ਆਮ ਤੌਰ ’ਤੇ ਨਵੇਂ ਪੱਤਿਆਂ ਦੇ ਪੀਲੇਪਣ ਦਾ ਕਾਰਨ ਗੰਧਕ ਦੀ ਘਾਟ ਅਤੇ ਪੁਰਾਣੇ ਪੱਤਿਆਂ ਵਿੱਚ ਇਹ ਨਿਸ਼ਾਨੀਆਂ ਨਾਈਟ੍ਰੋਜਨ ਦੀ ਘਾਟ ਕਰਕੇ ਹੁੰਦੀਆਂ ਹਨ। ਇਸ ਲਈ ਕਣਕ ਦੀ ਫਸਲ ਦੇ ਪੀਲੇਪਣ ਦਾ ਸਹੀ ਕਾਰਨ ਲੱਭ ਕੇ ਸਹੀ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਏਡੀਓ ਡਾ. ਕੇਤਨ ਚਾਵਲਾ ਨੇ ਕਿਹਾ ਕਿ ਵੱਧ ਪਾਣੀ ਕਾਰਨ ਅਤੇ ਧੁੰਦ ਰਹਿਣ ਕਾਰਨ ਕਣਕ ਦੀ ਫਸਲ ਦਾ ਇਹ ਪੀਲਾਪਣ ਮੌਸਮ ਸਾਫ ਹੋਣ, ਧੁੱਪ ਨਿਕਲਣ ਅਤੇ ਖੇਤ ਵੱਤਰ ਆਉਣ ’ਤੇ ਆਪਣੇ ਆਪ ਠੀਕ ਹੋ ਜਾਵੇਗਾ, ਇਸ ਲਈ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune