ਧਰਨਾਕਾਰੀ ਕਿਸਾਨਾਂ ਦੀ ਸੇਵਾ ’ਚ ਲੱਗੀ ‘ਆਪ’

December 03 2020

ਕੇਂਦਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ-ਹਰਿਆਣਾ ਸਰਹੱਦ ਉੱਤੇ ਦਿਨ-ਰਾਤ ਡਟੇ ਕਿਸਾਨਾਂ ਦੀ ਸੇਵਾ ਲਈ ਆਮ ਆਦਮੀ ਪਾਰਟੀ ਨੇ ਸੇਵਾਦਾਰਾਂ ਦੀ ਫ਼ੌਜ ਉਤਾਰ ਦਿੱਤੀ ਹੈ। ਅੰਦੋਲਨ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਬਾਕਾਇਦਾ ਯੋਜਨਾਬੱਧ ਤਰੀਕੇ ਨਾਲ ਸਿੰਘੂ ਅਤੇ ਟੀਕਰੀ ਬਾਰਡਰ ’ਤੇ ਟੀਮਾਂ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ। ਅੰਦੋਲਨ ਵਾਲੀ ਥਾਂ ਉੱਤੇ ਸੰਚਾਰੂ ਢੰਗ ਨਾਲ ਸਮੱਸਿਆਵਾਂ ਦਾ ਹੱਲ ਕਰਨ ਲਈ ਬਕਾਇਦਾ ਤੌਰ ਉੱਤੇ ਸਵੇਰੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਕਿਸਾਨਾਂ ਵਾਸਤੇ ਕੰਮ ਕਰਨ ਲਈ ਬਣਾਈਆਂ ਇਹ ਟੀਮਾਂ ਦਿੱਲੀ ਸਰਕਾਰ, ਪਾਰਟੀ ਵਿਧਾਇਕਾਂ ਅਤੇ ਆਗੂਆਂ ਨਾਲ 24 ਘੰਟੇ ਸੰਪਰਕ ‘ਚ ਰਹਿੰਦੀਆਂ ਹਨ। ਜਿਨ੍ਹਾਂ ‘ਚ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਆਗੂ ਅਤੇ ਵਾਲੰਟੀਅਰ ਸ਼ਾਮਲ ਸਨ। ਇਹ ਜਾਣਕਾਰੀ ਇੱਥੇ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ ਤੇ ਸ਼ਹਿਰੀ ਪ੍ਰਧਾਨ ਜਸਬੀਰ ਸਿੰਘ ਗਾਂਧੀ ਨੇ ਦਿੱਤੀ ਹੈ। ਸਿੰਘੂ ਬਾਰਡਰ ਉਪਰ ਅੰਦੋਲਨਕਾਰੀ ਕਿਸਾਨਾਂ ਦੀ ਸੇਵਾ ‘ਚ ਜੁਟੀ ‘ਆਪ’ ਦੇ ਪਟਿਆਲਾ ਤੋਂ ਸ਼ਹਿਰੀ ਪ੍ਰਧਾਨ ਜਸਵੀਰ ਸਿੰਘ ਗਾਂਧੀ ਅਤੇ ਪਟਿਆਲਾ ਦਿਹਾਤੀ ਤੋਂ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਟੀਮਾਂ ਪਾਰਟੀ ਦੇ ਝੰਡੇ ਜਾਂ ਚਿੰਨ੍ਹ ਤੋਂ ਬਗੈਰ ਪਰਦੇ ਪਿੱਛੇ ਰਹਿ ਕੇ ਕੰਮ ਕਰ ਰਹੀਆਂ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune