ਦੇਸ਼ ਭਰ ’ਚ ਚਾਰ ਘੰਟੇ ਲਈ ‘ਰੇਲਾਂ ਦਾ ਚੱਕਾ’ ਜਾਮ ਅੱਜ

February 18 2021

ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 85 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕੇ 18 ਫਰਵਰੀ ਨੂੰ ਦੇਸ਼ ਭਰ ਵਿੱਚ 4 ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਮੋਰਚੇ ਵੱਲੋਂ ਦਿੱਤੇ ‘ਰੇਲ ਰੋੋਕੋ’ ਦੇ ਸੱਦੇ ਤਹਿਤ ਦਿਨੇਂ 12 ਵਜੇ ਤੋਂ ਸ਼ਾਮ 4 ਵਜੇ ਤੱਕ ਕੌਮੀ ਅਹਿਮੀਅਤ ਵਾਲੇ ਸਾਰੇ ਰੇਲ ਮਾਰਗਾਂ ਸਮੇਤ ਲੋਕਲ ਰੇਲ ਪਟੜੀਆਂ ਉਪਰ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਮੋਰਚੇ ਵੱਲੋਂ ਕਿਸਾਨਾਂ ਨੂੰ ਚਾਰ ਘੰਟੇ ਦੇ ਇਸ ਅੰਦੋਲਨ ਦੌਰਾਨ ਪੂਰੀ ਤਰ੍ਹਾਂ ਸ਼ਾਂਤਮਈ ਰਹਿਣ ਲਈ ਆਖਿਆ ਗਿਆ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੇ ਅਗਲੇ ਪੜਾਅ ਦੌਰਾਨ ਇਹ ‘ਰੇਲ ਰੋਕੋ’ ਪ੍ਰੋਗਰਾਮ ਸ਼ਾਂਤਮਈ ਤਰੀਕੇ ਨਾਲ ਬਿਨਾਂ ਕਿਸੇ ਨੂੰ ਤੰਗ ਕੀਤੇ ਮੋਰਚੇ ਨਾਲ ਜੁੜੀਆਂ 500 ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿੱਚ ਯੂਨੀਅਨਾਂ ਦੀਆਂ ਸਥਾਨਕ ਇਕਾਈਆਂ ਨਾਲ ਮਿਲ ਕੇ ਨੇਪਰੇ ਚਾੜਿ੍ਹਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਉਪਰ ਬੈਠੇ ਹਨ, ਜਿਸ ਕਰਕੇ ਦਿੱਲੀ ਵਿੱਚ ਰੇਲਾਂ ਬੰਦ ਕਰਨ ਦੀ ਥਾਂ ਦੇਸ਼ ਭਰ ਵਿੱਚ ਰੇਲ ਮਾਰਗ ਘੇਰੇ ਜਾਣਗੇ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 16 ਥਾਵਾਂ ਉਪਰ ਪਹਿਲਾਂ ਹੀ ਕਿਸਾਨਾਂ ਨੇ ਰੇਲ ਮਾਰਗਾਂ ਕੋਲ ਪਾਰਕਾਂ ਵਿੱਚ ਡੇਰੇ ਲਾਏ ਹੋਏ ਹਨ ਤੇ ਭਲਕੇ ‘ਰੇਲ ਰੋਕੋ’ ਮੁਹਿੰਮ ਤਹਿਤ ਕਰੀਬ 40 ਥਾਵਾਂ ਉਪਰ ਕਿਸਾਨ ਰੇਲਾਂ ਰੋਕਣਗੇ।

ਕਿਸਾਨ ਆਗੂਆਂ ਨੇ ਮੁਜ਼ੱਫਰਪੁਰ ਵਿੱਚ ‘ਏਆਈਕੇਕੇਐੱਮਐੱਸ’ ਵੱਲੋਂ ਕਰਵਾਏ ਸ਼ਾਂਤਮਈ ਵਿਰੋਧ ਪ੍ਰਦਰਸ਼ਨ ’ਤੇ ‘ਵੀਐੱਚਪੀ’ ਦੇ ਗੁੰਡਿਆਂ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਹਮਲਾਵਰਾਂ ਨੇ ਪ੍ਰਦਰਸ਼ਨਕਾਰੀਆਂ ਦੇ ਬੈਨਰ, ਤਖ਼ਤੀਆਂ ਤੇ ਸਾਊਂਡ ਸਿਸਟਮ ਨੂੰ ਨੁਕਸਾਨਿਆ ਪਹੁੰਚਾਇਆ। ਆਗੂਆਂ ਨੇ ਪੁਲੀਸ ਨਾਕਾਮੀ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਦੇ ਬਿਲਾਰੀ ਵਿੱਚ ਆਯੋਜਿਤ ਮਹਾਪੰਚਾਇਤ /ਜਨ ਸਭਾ ਵਿੱਚ ਕਿਸਾਨਾਂ ਦੀ ਪ੍ਰਭਾਵਸ਼ਾਲੀ ਹਾਜ਼ਰੀ ਨੇ ਸੰਕੇਤ ਦਿੱਤਾ ਕਿ ਚੱਲ ਰਹੀ ਕਿਸਾਨੀ ਲਹਿਰ ਵਧੇਰੇ ਤਾਕਤ ਇਕੱਠੀ ਕਰ ਰਹੀ ਹੈ। ਇਸ ਜਨ ਸਭਾ ਵਿੱਚ ਬੁਲਾਰਿਆਂ ਵਿੱਚ ਮੇਧਾ ਪਾਟਕਰ, ਤਜਿੰਦਰ ਵਿਰਕ, ਗੁਰਨਾਮ ਸਿੰਘ ਚੜੂਨੀ, ਹਰਪਾਲ ਸਿੰਘ ਬਿਲਾਰੀ ਤੇ ਹੋਰ ਸ਼ਾਮਲ ਸਨ। 

ਰੇਲਵੇ ਬਲਾਂ ਦੀਆਂ 20 ਵਾਧੂ ਕੰਪਨੀਆਂ ਤਾਇਨਾਤ

ਖੇਤੀ ਕਾਨੂੰਨਾਂ ਖ਼ਿਲਾਫ਼ ਡਟੀਆਂ ਕਿਸਾਨ ਜਥੇਬੰਦੀਆਂ ਵੱਲੋਂ ਭਲਕੇ ਚਾਰ ਘੰਟਿਆਂ ਲਈ ਦੇਸ਼ਵਿਆਪੀ ‘ਰੇਲ ਰੋਕੋ’ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਰੇਲਵੇ ਨੇ ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ (ਆਰਪੀਐੱਸਐੱਫ) ਦੀਆਂ 20 ਵਾਧੂ ਕੰਪਨੀਆਂ ਪੂਰੇ ਦੇਸ਼ ਵਿੱਚ ਤਾਇਨਾਤ ਕਰ ਦਿੱਤੀਆਂ ਹਨ। ਪੰਜਾਬ, ਹਰਿਆਣਾ, ਯੂਪੀ ਤੇ ਪੱਛਮੀ ਬੰਗਾਲ ’ਚ ਵਾਧੂ ਬਲਾਂ ਦੀ ਤਾਇਨਾਤੀ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ। ਰੇਲਵੇ ਸੁਰੱਖਿਆ ਫੋਰਸ ਦੇ ਡੀਜੀ ਅਰੁਣ ਕੁਮਾਰ ਨੇ ਕਿਹਾ, ‘ਮੈਂ ਸਾਰਿਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦਾ ਹਾਂ। ਅਸੀਂ ਜ਼ਿਲ੍ਹਾ ਪ੍ਰਸ਼ਾਸਨਾਂ ਨਾਲ ਸੰਪਰਕ ਬਣਾ ਕੇ ਰੱਖਾਂਗੇ ਤੇ ਇਸ ਕੰਮ ਲਈ ਕੰਟਰੋਲ ਰੂਮ ਵੀ ਹੋਵੇਗਾ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਜਿਹੇ ਸੂਬਿਆਂ ’ਤੇ ਸਾਡੀ ਖਾਸ ਨਿਗ੍ਹਾ ਰਹੇਗੀ। -ਪੀਟੀਆਈ 

ਭਾਜਪਾ ਆਗੂਆਂ ਨੂੰ ਆਪਸ ’ਚ ਮੀਟਿੰਗਾਂ ਕਰਨ ਦੀ ਥਾਂ ਮਸਲਾ ਸੁਲਝਾਉਣ ਦੀ ਨਸੀਹਤ

ਡਾ. ਦਰਸ਼ਨ ਪਾਲ ਨੇ ਭਾਜਪਾ ਆਗੂਆਂ ਨੂੰ ਨਸੀਹਤ ਦਿੱਤੀ ਕਿ ਉਹ ਆਪਸ ਵਿੱਚ ਬੈਠਕਾਂ ਕਰਕੇ ਵਕਤ ਖ਼ਰਾਬ ਕਰਨ ਦੀ ਥਾਂ ਦੇਸ਼ ਦੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲ ਕਰਨ ਤੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਮੁੱਢੋਂ ਹੀ ਰੱਦ ਕਰਨ ਦੀ ਮੰਗ ਤੁਰੰਤ ਮੰਨਣ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਪਾਰਟੀ ਦੇ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਆਗੂਆਂ ਸਮੇਤ ਕੇਂਦਰੀ ਮੰਤਰੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀ ਮੰਤਰੀ ਨਰੇਂਦਰ ਤੋਮਰ, ਸੰਜੀਵ ਬਾਲਿਆਨ ਆਦਿ ਨਾਲ ਮੰਗਲਵਾਰ ਨੂੰ ਮੀਟਿੰਗ ਕੀਤੀ ਸੀ। ਕਿਸਾਨ ਆਗੂ ਨੇ ਕਿਹਾ ਕਿ ਭਾਜਪਾ ਆਗੂ ਕਿਸਾਨਾਂ ਨਾਲ ਮੁਕਾਬਲਾ ਕਰਨ ਦੀਆਂ ਵਿਉਂਤਾਂ ਘੜਨ ਦੀ ਥਾਂ ਉਨ੍ਹਾਂ ਦੀਆਂ ਮੰਗਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune