ਦੂਜੇ ਦਿਨ ਹੀ ਸਰਕਾਰ ਨੇ ਝੋਨੇ ਦੀ ਖਰੀਦ ਤੋਂ ਹੱਥ ਖੜ੍ਹੇ ਕੀਤੇ

September 30 2020

ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਹੁਕਮਾ ਮੁਤਾਬਕ ਮਾਰਕੀਟ ਕਮੇਟੀ ਲਾਲੜੂ ਅਧੀਨ ਆਉਂਦੀ ਦਾਣਾ ਮੰਡੀਆਂ ’ਚ ਭਾਂਵੇ ਬੀਤੇ ਕੱਲ੍ਹ ਝੋਨੇ ਦੀ ਖਰੀਦ ਰਸਮੀ ਤੌਰ ’ਤੇ ਸੁਰੂ ਹੋ ਗਈ ਸੀ, ਪਰ ਅੱਜ ਸਾਰਾ ਦਿਨ ਬੀਤ ਜਾਣ ਤੋਂ ਬਾਅਦ ਵੀ ਖਰੀਦ ਏਜੰਸੀਆਂ ਨੇ ਕਿਸੇ ਵੀ ਮੰਡੀ ਤੋਂ ਇਕ ਦਾਣਾ ਵੀ ਝੋਨੇ ਦਾ ਨਹੀਂ ਖਰੀਦਿਆ, ਜਿਸ ਕਾਰਨ ਕਿਸਾਨ ਅਤੇ ਆੜ੍ਹਤੀ ਪੂਰਾ ਦਿਨ ਮੰਡੀਆਂ ’ਚ ਖੱਜਲ-ਖੁਆਰ ਹੁੰਦੇ ਰਹੇ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ੈੱਲਰ ਮਾਲਕਾਂ ਨੇ ਦਾਣਾ ਮੰਡੀਆਂ ਵਿੱਚ ਆਈ ਝੋਨੇ ਦੀ ਪੀਆਰ-126 ਕਿਸਮ ਨੂੰ ਇਹ ਕਹਿ ਕੇ ਖਰੀਦਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਝੋਨੇ ਵਿਚੋਂ ਚੌਲਾਂ ਦੀ ਮਾਤਰਾ ਘੱਟ ਨਿਕਲਦੀ ਹੈ, ਜਦਕਿ ਐੱਫਸੀਆਈ ਦੀ ਸ਼ਰਤ ਪੂਰੀ ਕਰਨੀ ਮੁਸ਼ਕਲ ਹੈ। ਲਾਲੜੂ ਦੀ ਦਾਣਾ ਮੰਡੀ ’ਚ ਬੈਠੇ ਕਿਸਾਨਾਂ ਨੇ ਦੱਸਿਆ ਕਿ ਬਾਅਦ ਦੁਪਹਿਰ 3 ਵਜੇ ਤੋਂ ਉਨ੍ਹਾਂ ਨੂੰ ਏਹੀ ਕਿਹਾ ਜਾ ਰਿਹਾ ਸੀ ਕਿ ਖਰੀਦ ਏਜੰਸੀਆਂ ਦੇ ਇੰਸਪੈਕਟਰ ਮੀਟਿੰਗ ਵਿੱਚ ਹਨ, ਉਹ ਛੇਤੀ ਹੀ ਆ ਕੇ ਬੋਲੀ ਲਾਉਣਗੇ, ਪਰ ਜਦੋਂ ਉਹ ਸ਼ਾਮੀ 6 ਵਜੇ ਤੱਕ ਵੀ ਲਾਲੜੂ ਮਾਰਕੀਟ ਕਮੇਟੀ ਅਧੀਨ ਆਉਂਦੀ ਮੰਡੀ ਲਾਲੜੂ, ਤਸਿੰਬਲੀ, ਜੜੌਤ ਵਿੱਚ ਬੋਲੀ ਲਾਉਣ ਨਹੀਂ ਪੁੱਜੇ ਤਾਂ ਕਿਸਾਨਾਂ ਨੇ ਸਖ਼ਤ ਰੋਸ ਪ੍ਰਗਟ ਕੀਤਾ ਤੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਮਾਰਕੀਟ ਕਮੇਟੀ ਲਾਲੜੂ ਦੇ ਸਕੱਤਰ ਗੁਰਨਾਮ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਅੱਜ ਕਿਸੇ ਵੀ ਮੰਡੀ ’ਚ ਬੋਲੀ ਨਹੀ ਲੱਗੀ। ਖਰੀਦ ਏਜੰਸੀਆਂ ਦੇ ਇੰਸਪੈਕਟਰ ਦੇਰ ਸ਼ਾਮ ਤੱਕ ਲਾਰੇ ਲਾਉਂਦੇ ਰਹੇ, ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀਆਂ ਵਿੱਚ 50 ਫ਼ੀਸਦ ਝੋਨਾ ਪੀਆਰ-126 ਕਿਸਮ ਦਾ ਹੀ ਆ ਰਿਹਾ ਹੈੈ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune