ਦਿੱਲੀ ’ਚ ਬਾਹਰੀ ਰਿੰਗ ਰੋਡ ’ਤੇ ਹੋਵੇਗੀ ਟਰੈਕਟਰ ਪਰੇਡ

January 18 2021

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਰਾਹ ਪਈਆਂ ਕਿਸਾਨ ਯੂਨੀਅਨਾਂ ਨੇ ਅੱਜ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਤਜਵੀਜ਼ਤ ਕਿਸਾਨ ਟਰੈਕਟਰ ਪਰੇਡ ਦਿੱਲੀ ਦੇ ਬਾਹਰੀ ਰਿੰਗ ਰੋਡ ਉਪਰ ਹੀ ਕੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਪਰੇਡ ਪੂਰੀ ਤਰ੍ਹਾਂ ਸ਼ਾਂਤੀਪੂਰਨ ਤੇ ਗੈਰ-ਸਿਆਸੀ ਹੋਵੇਗੀ।

ਸਿੰਘੂ ਬਾਰਡਰ ’ਤੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ, ‘ਅਸੀਂ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਦਿੱਲੀ ਦੇ ਆਊਟਰ ਰਿੰਗ ਰੋਡ ’ਤੇ ਕਿਸਾਨ ਟਰੈਕਟਰ ਪਰੇਡ ਕੱਢਾਂਗੇ। ਪਰੇਡ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗੀ। ਗਣਤੰਤਰ ਦਿਵਸ ਪਰੇਡ (ਕੌਮੀ ਪਰੇਡ) ’ਚ ਕਿਸੇ ਤਰ੍ਹਾਂ ਦਾ ਕੋਈ ਖ਼ਲਲ ਨਹੀਂ ਪਾਇਆ ਜਾਵੇਗਾ। ਕਿਸਾਨ ਆਪੋ-ਆਪਣੇ ਟਰੈਕਟਰਾਂ ’ਤੇ ਕੌਮੀ ਝੰਡੇ ਅਤੇ ਯੂਨੀਅਨਾਂ ਦੇ ਹੀ ਝੰਡੇ ਝੁਲਾਉਣਗੇ। ਕਿਸੇ ਵੀ ਸਿਆਸੀ ਧਿਰ ਦਾ ਝੰਡਾ ਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ।’ ਇਹ ਟਰੈਕਟਰ ਪਰੇਡ ਪੀਰਾਗੜ੍ਹੀ, ਜਨਕਪੁਰੀ, ਧੌਲਾ ਕੂੰਆਂ, ਮੁਨੀਰਕਾ, ਆਈਆਈਟੀ, ਖੇਲ ਗਾਉਂ, ਚਿਰਾਗ, ਦਿੱਲੀ, ਨਹਿਰੂ ਪੈਲੇਸ, ਓਖਲਾ, ਮਜਨੂੰ ਕਾ ਟਿੱਲਾ, ਬੁਰਾੜੀ, ਆਜ਼ਾਦਪੁਰ, ਰੋਹਿਣੀ ਰਾਹੀਂ ਕਰੀਬ 60 ਕਿਲੋਮੀਟਰ ਰੂਟ ਤੋਂ ਕੱਢੀ ਜਾਵੇਗੀ। ਉਨ੍ਹਾਂ ਉਮੀਦ ਕੀਤੀ ਕਿ ਹਰਿਆਣਾ ਤੇ ਦਿੱਲੀ ਪੁਲੀਸ ਇਸ ਪਰੇਡ ਵਿੱਚ ਵਿਘਨ ਨਹੀਂ ਪਾਉਣਗੇ। ਜਵਾਨਾਂ ਦੇ ਨਾਲ ਹੀ ਕਿਸਾਨ ਵੀ ਗਣਤੰਤਰ ਦਿਵਸ ਮਨਾਏਗਾ।

ਕਿਸਾਨ ਆਗੂ ਨੇ ਕਿਹਾ ਕਿ ਪਰੇਡ ਵਿੱਚ ਕਿਸੇ ਵੀ ਤਰ੍ਹਾਂ ਦਾ ਹਥਿਆਰ ਲਿਜਾਣ ਦੀ ਮਨਾਹੀ ਰਹੇਗੀ। ਹਿੰਸਕ ਕਾਰਵਾਈ ਤੇ ਭੜਕਾਊ ਭਾਸ਼ਣ ਨਹੀਂ ਹੋਣਗੇ ਤੇ ਟਰੈਕਟਰ ਚਾਲਕ ਕਿਸੇ ਤਰ੍ਹਾਂ ਦੀ ਸਟੰਟਬਾਜ਼ੀ ਨਹੀਂ ਵਿਖਾਉਣਗੇ। ਟਰੈਕਟਰ ਪਰੇਡ ਸ਼ਾਂਤਮਈ ਹੋਵੇਗੀ, ਕਿਉਂਕਿ ਇਸ ਅੰਦੋਲਨ ਦਾ ਹਾਸਲ ਹੀ ਸ਼ਾਂਤੀ ਹੈ। ਰਾਜਪਥ ’ਤੇ ਹੋਣ ਵਾਲੀ ਕੌਮੀ ਪਰੇਡ ਵਿੱਚ ਖ਼ਲਲ ਪਾਉਣ ਜਾਂ ਲਾਲ ਕਿਲ੍ਹੇ ’ਤੇ ਕੌਮੀ ਝੰਡਾ ਝੁਲਾਉਣ ਦੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਕਿਸੇ ਵੀ ਕੌਮੀ ਸਮਾਰਕ ’ਤੇ ਕਬਜ਼ਾ ਕਰਨ, ਧਾਵਾ ਬੋਲਣ, ਨੁਕਸਾਨ ਕਰਨ, ਝੰਡਾ ਲਹਿਰਾਉਣ ਦੇ ਬਿਆਨਾਂ ਨੂੰ ਰੱਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਹਰਕਤ ਨਹੀਂ ਕੀਤੀ ਜਾਵੇਗੀ। ਸਗੋਂ ਦੇਸ਼ ਦੇ ਕੌਮੀ ਝੰਡੇ ਦੀ ਆਨ, ਬਾਨ ਤੇ ਸ਼ਾਨ ਵਿੱਚ ਵਾਧਾ ਕੀਤਾ ਜਾਵੇਗਾ। ਦੇਸ਼ ਦੇ ਜਿਨ੍ਹਾਂ ਇਲਾਕਿਆਂ ਤੋਂ ਲੋਕ ਦਿੱਲੀ ਨਹੀਂ ਆ ਸਕਣਗੇ, ਉਨ੍ਹਾਂ ਵੱਲੋਂ ਰਾਜਾਂ ਦੀਆਂ ਰਾਜਧਾਨੀਆਂ ਜਾਂ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਇਨ੍ਹਾਂ ਗੱਲਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਯਾਦਵ ਨੇ ਟਰੈਕਟਰ ਮਾਰਚ ਨੂੰ ਰੋਕਣ ਲਈ ਸੁਪਰੀਮ ਕੋਰਟ ’ਚ ਦਾਇਰ ਪਟੀਸ਼ਨ ਦੇ ਹਵਾਲੇ ਨਾਲ ਕਿਹਾ ਕਿ ਭਲਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਲਈ ਅਜੀਬ ਜਿਹਾ ਮਾਮਲਾ ਆ ਰਿਹਾ ਹੈ, ਜਿਸ ਵਿੱਚ ਪੁਲੀਸ ਅਦਾਲਤ ਵਿੱਚ ਜਾ ਰਹੀ ਹੈ। ਜਦੋਂ ਕਿ ਪਹਿਲਾਂ ਲੋਕ ਅਦਾਲਤ ਵਿੱਚ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਲੈਣ ਜਾਂਦੇ ਹਨ।

ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਪੰਜਾਬ) ਦੇ ਪ੍ਰਧਾਨ ਡਾ.ਦਰਸ਼ਨ ਪਾਲ ਨੇ ਕਿਹਾ ਕਿ ਮਹਿਲਾ ਕਿਸਾਨ ਦਿਵਸ ਮੌਕੇ ਬੁੱਧੀਜੀਵੀ ਔਰਤਾਂ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ 20 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 11 ਵਜੇ ਤੋਂ 1 ਵਜੇ ਤੱਕ ਦੇਸ਼ ਭਰ ਵਿੱਚ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਪੜ੍ਹਨਗੇ ਤੇ ਅੰਦੋਲਨ ਨੂੰ ਕਾਮਯਾਬ ਕਰਨ ਦੀ ਸਹੁੰ ਚੁੱਕਣਗੇ। ਕਾਰਪੋਰੇਟਾਂ ਤੇ ਐੱਨਡੀਏ ਭਾਈਵਾਲਾਂ ਨੂੰ ਨੰਗਾ ਕਰਨਾ ਜਾਰੀ ਰਹੇਗਾ। 24, 25 ਤੇ 26 ਜਨਵਰੀ ਨੂੰ ਪਰਵਾਸੀ ਭਾਰਤੀ ਵੀ ਇਹ ਗਣਤੰਤਰ ਦਿਵਸ ਮਨਾਉਣਗੇ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਟਰੈਕਟਰ ਪਰੇਡ ਨੂੰ ਜ਼ਾਬਤੇ ’ਚ ਰੱਖਣ ਲਈ ਵਾਲੰਟੀਅਰਾਂ ਦੀ ਜ਼ਿੰਮੇਵਾਰੀ ਲਾਈ ਜਾਵੇਗੀ। ਆਈਟੀ ਸੈੱਲ ਰਾਹੀਂ ਨਜ਼ਰ ਰੱਖਦੇ ਹੋਏ ਟਰੈਕਟਰ ਚਾਲਕ ਜਾਂ ਸਾਥੀ ਨੂੰ ਸੰਦੇਸ਼ ਭੇਜਿਆ ਜਾਵੇਗਾ। ਉੱਤਰਾਖੰਡ ਤਰਾਈ ਸੰਗਠਨ ਦੇ ਆਗੂ ਤੇਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਤਰਾਈ ਖੇਤਰ ਦੇ 20 ਹਜ਼ਾਰ ਟਰੈਕਟਰ ਆਉਣ ਲਈ ਤਿਆਰ ਹਨ। ਯੁਧਵੀਰ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਜਾਵੇਗੀ ਕਿ ਪਰੇਡ ਉਪਰ ਰੋਕ ਨਾ ਲਾਈ ਜਾਵੇ, ਜੇ ਰੋਕ ਲੱਗੀ ਵੀ ਤਾਂ ਕਿਸਾਨ ਪਰੇਡ ਤਾਂ ਦਿੱਲੀ ਵਿੱਚ ਕੱਢਣਗੇ। ਉਨ੍ਹਾਂ ਕਿਹਾ ਕਿਵੇਂ ਵੀ ਹੋਵੇ ਕਿਸਾਨ ਦਿੱਲੀ ਵਿੱਚ ਦਾਖ਼ਲ ਹੋਣਗੇ ਹੀ। ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਸੰਘਰਸ਼ ਦੌਰਾਨ ਸ਼ਹੀਦ ਹੋਏ 121 ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਘਰ ਤੋਂ ਇਕ ਚਮਚਾ ਘਿਓ ਤੇ ਪਿੰਡ ਦੀ ਮਿੱਟੀ ਲਿਆ ਕੇ ਧਰਨੇ ਉਪਰ ਅਖੰਡ ਜਿਓਤੀ ਜਗਾਈ ਜਾਵੇਗੀ। ਇਸ ਦੌਰਾਨ ਟਿਕਰੀ ਬਾਰਡਰ ’ਤੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਿਆਣਾ ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਮਨਦੀਪ ਨੱਥਵਾਨ ਨੇ ਕਿਹਾ, “ਸਰਕਾਰ ਦੇ ਇਸ਼ਾਰੇ’ ਤੇ ਕੁਝ ਲੋਕ ਇਸ ਅੰਦੋਲਨ ਨੂੰ ਹਿੰਸਕ ਬਣਾਉਣਾ ਚਾਹੁੰਦੇ ਹਨ। ਇਹ ਅੰਦੋਲਨ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਹੈ ਨਾ ਕਿ ਦਿੱਲੀ ਵਿਰੁੱਧ। ਸਾਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਪ੍ਰੋਗਰਾਮ ਨੂੰ ਲਾਗੂ ਕਰਨਾ ਚਾਹੀਦਾ ਹੈ ਤੇ ਇਸ ਨੂੰ ਸ਼ਾਂਤੀਪੂਰਵਕ ਜਾਰੀ ਰੱਖਣਾ ਹੈ।

‘ਅੰਦੋਲਨ ਕਰਨਾ ਸਾਡਾ ਹੱਕ’

ਕਿਸਾਨ ਆਗੂ ਕਰਨਜੀਤ ਸਿੰਘ ਰਾਜੂ (ਰਾਜਸਥਾਨ) ਨੇ ਕਿਹਾ ਕਿ ਅੰਦੋਲਨ ਕਰਨਾ ਸਾਡਾ ਹੱਕ ਹੈ, ਪਰ ਐੱਨਆਈਏ ਵਰਗੀਆਂ ਏਜੰਸੀਆਂ ਕਿਸਾਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਪਿੱਛੇ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇੱਥੇ ਖਾਲਿਸਤਾਨੀ ਤੇ ਦਹਿਸ਼ਤਗਰਦ ਮਿਲਦੇ ਹਨ ਤਾਂ ਏਜੰਸੀਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀਆਂ। ਆਗੂ ਨੇ ਕਿਹਾ ਕਿ ਰਾਜਸਥਾਨ ਦੀਆਂ ਔਰਤਾਂ ਘਰਾਂ ਵਿੱਚ ਸ਼ਹੀਦਾਂ ਨੂੰ ਯਾਦ ਕਰਦੀਆਂ ਹੋਈਆਂ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਭਲਕੇ ਔਰਤ ਕਿਸਾਨ ਦਿਵਸ ਮਨਾਉਣਗੀਆਂ।  

ਕਿਸਾਨ ‘ਮਈ 2024’ ਤੱਕ ਸੰਘਰਸ਼ ਲਈ ਤਿਆਰ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਡੇਰੇ ਲਾਈ ਬੈਠੇ ਕਿਸਾਨ ਆਪਣੇ ਇਸ ਅੰਦੋਲਨ ਨੂੰ ‘ਮਈ 2024 ਤੱਕ’ ਮਘਾਈ ਰੱਖਣ ਲਈ ਤਿਆਰ ਬਰ ਤਿਆਰ ਹਨ। ਟਿਕੈਤ ਨੇ ਕਿਸਾਨਾਂ ਦੇ ਇਸ ਅੰਦੋਲਨ ਨੂੰ ‘ਵਿਚਾਰਧਾਰਕ ਇਨਕਲਾਬ’ ਕਰਾਰ ਦਿੱਤਾ ਹੈ। ਐੱਨਆਈਏ ਦੇ ਨੋਟਿਸਾਂ ਦੇ ਹਵਾਲੇ ਨਾਲ ਟਿਕੈਤ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੇ ਚਾਹਵਾਨਾਂ ਨੂੰ ਜੇਲ੍ਹ, ਜਾਇਦਾਦ ਜ਼ਬਤ ਕਰਨ ਤੇ ਕੋਰਟ ਕੇਸਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਲਈ ਤਿਆਰ ਰਹਿਣ। ਦੇਸ਼ ’ਚ ਅਗਲੀਆਂ ਆਮ ਚੋਣਾਂ ਅਪਰੈਲ-ਮਈ 2024 ’ਚ ਹੋਣੀਆਂ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune