ਦਿੱਲੀ ਰੈਲੀ ਲਈ ਖੇਤਾਂ ਦਾ ਰਾਜਾ ਬਣਿਆ ਸੜਕਾਂ ਦਾ ਸ਼ਿੰਗਾਰ

January 22 2021

ਖੇਤਾਂ ਦੀ ਮਿੱਟੀ ’ਚੋਂ ਅਨਾਜ ਪੈਦਾ ਕਰਕੇ ਦੇਸ਼ ਦੇ ਅੰਨ ਭੰਡਾਰ ਭਰਨ ਵਾਲਾ ਅੰਨਦਾਤਾ ਇੰਨ੍ਹੀ ਦਿਨੀਂ ਆਪਣੇ ਟਰੈਕਟਰਾਂ ਸਮੇਤ ਦੇਸ਼ ਦੀ ਰਾਜਧਾਨੀ ਤੱਕ ਸੜਕਾਂ ’ਤੇ ਉਤਰਿਆ ਹੋਇਆ ਹੈ। ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ 26 ਜਨਵਰੀ ਨੂੰ ਦਿੱਲੀ ’ਚ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਪ੍ਰਤੀ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਅੱਜ ਨਥਾਣਾ ਬਲਾਕ ਦੇ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਡਾ ਟਰੈਕਟਰ ਮਾਰਚ ਕੱਢਿਆ ਗਿਆ। ਜਥੇਬੰਦੀ ਦੇ ਸੱਦੇ ’ਤੇ ਅੱਜ ਸਵੇਰੇ ਵੱਡੀ ਗਿਣਤੀ ਕਿਸਾਨ ਆਪਣੇ ਟਰੈਕਟਰਾਂ ਸਮੇਤ ਖੇਡ ਸਟੇਡੀਅਮ ਵਿੱਚ ਇਕੱਠੇ ਹੋਏ। ਇਹ ਮਾਰਚ ਨਥਾਣਾ, ਪੂਹਲਾ, ਬਾਠ, ਮਾੜੀ, ਭੈਣੀ, ਬੁਰਜਡੱਲਾ, ਬੱਜੋਆਣਾ, ਕਲਿਆਣ ਸੁੱਖਾ, ਕਲਿਆਣ ਸੱਦਾ, ਨਾਥਪੁਰਾ, ਗੰਗਾ, ਗਿੱਦੜ, ਢੇਲਵਾਂ, ਹਰਰੰਗਪੁਰਾ, ਗੋਬਿੰਦਪੁਰਾ ਅਤੇ ਬੀਬੀਵਾਲਾ ਵਿੱਚੋਂ ਲੰਘਿਆ। ਵੱਖ ਵੱਖ ਥਾਵਾਂ ’ਤੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਲਖਵੀਰ ਸਿੰਘ, ਅਵਤਾਰ ਸਿੰਘ, ਗੁਰਜੰਟ ਸਿੰਘ, ਸਿਮਰਜੀਤ ਸਿੰਘ, ਅਜਮੇਰ ਸਿੰਘ ਅਤੇ ਅਮਨਦੀਪ ਸਿੰਘ ਨੇ ਕਿਸਾਨ ਵਰਕਰਾਂ ਨੂੰ ਅਪੀਲ ਕੀਤੀ ਕਿ 26 ਜਨਵਰੀ ਦੇ ਦਿੱਲੀ ਮਾਰਚ ’ਚ ਸ਼ਾਮਲ ਹੋਣ ਲਈ ਜਾਬਤੇ ’ਚ ਰਹਿ ਕੇ ਜਥੇਬੰਦੀ ਦੇ ਆਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਇਸ ਮਾਰਚ ਮੌਕੇ ਨੌਜਵਾਨ ਕਿਸਾਨ ਵਰਕਰਾਂ ’ਚ ਕਾਲੇ ਕਾਨੂੰਨਾਂ ਖਿਲਾਫ਼ ਰੋਹ ਅਤੇ ਰੋਸ ਝਲਕਦਾ ਸੀ।

ਜ਼ਿੰਦਗੀ ਦੇ ਆਖਰੀ ਪੜਾਅ ’ਚ ਬਜ਼ੁਰਗ ਘੋਲ ’ਚ ਕੁੱਦੇ

ਮੋਦੀ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ ਚੱਲ ਰਹੇ ਅੰਦੋਲਨ ਵਿੱਚ ਨੌਜਵਾਨਾਂ ਦੇ ਨਾਲ-ਨਾਲ ਜ਼ਿਦਗੀ ਦੇ ਆਖਰੀ ਪੜਾਅ ਵਿੱਚ ਪਹੁੰਚ ਚੁੱਕੇ ਬਜ਼ੁਰਗ ਵੀ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਕਿਸਾਨੀ ਸੰਘਰਸ਼ ਵਿੱਚ ਡਟੇ ਹੋਏ ਹਨ। ਇਸ ਸਬੰਧੀ ਟਿੱਕਰੀ ਬਾਰਡਰ ਤੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰੋੜੀ ਕਪੂਰਾ ਦੇ 90 ਸਾਲਾ ਬਜ਼ੁਰਗ ਬਲੌਰ ਸਿੰਘ ਤੇ ਪਿੰਡ ਸੂਰਘੁਰੀ ਦੇ 70 ਸਾਲਾ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ 25 ਨਵੰਬਰ 2020 ਤੋਂ ਹੀ ਇੱਥੇ ਟਿੱਕਰੀ ਬਾਰਡਰ ਤੇ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੋਸਲੇ ਬੁਲੰਦ ਹਨ ਤੇ ਉਹ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਮੁਸ਼ਕਿਲਾਂ ਆ ਰਹੀਆਂ ਹਨ ਪਰ ਆਪਣੇ ਹੱਕਾਂ ਖਾਤਰ ਲੜਨਾ ਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਉਹ ਹਰ ਕੁਰਬਾਨੀ ਕਰਨ ਲਈ ਤਿਆਰ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੰਜਮ ਬਣਾਈ ਰਖਣ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune