ਦਿੱਲੀ ਮੋਰਚੇ ਲਈ ਕਿਸਾਨ ਜੱਥਿਆਂ ਨੇ ਘੱਤੀਆਂ ਵਹੀਰਾਂ

January 15 2021

ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ 32 ਤੇ ਭਾਰਤ ਦੀਆਂ ਕਰੀਬ ਸਾਢੇ ਚਾਰ ਸੌ ਕਿਸਾਨ ਜੱਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਦਿੱਲੀ ਦੀ ਫਿਰਨੀ ਉੱਤੇ ਲਾਏ ਮੋਰਚੇ ਦਾ ਹਿੱਸਾ ਬਣਨ ਲਈ ਵੱਖ ਵੱਖ ਪਿੰਡਾਂ ਚੋਂ ਕਿਸਾਨ ਜੱਥਿਆਂ ਦਾ ਦਿੱਲੀ ਨੂੰ ਰਵਾਨਾ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪਿੰਡ ਮਦੇਵੀ ਦੇ ਕਾਰਕੁਨਾਂ ਦਾ 13ਵਾਂ ਜੱਥਾ ਪਰਮਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਦਿੱਲੀ ਦੀ ਟਿਕਰੀ ਹੱਦ ’ਤੇ ਪਿੰਡ ਮਦੇਵੀ ਦੇ ਪੱਕੇ ਡੇਰੇ (ਪੋਲ ਨੰਬਰ 181) ਲਈ ਲੋੜੀਂਦੀ ਰਸਦ, ਲੱਕੜਾਂ,ਦੁੱਧ, ਬਿਸਤਰੇ ਅਤੇ ਮਾਲੀ ਮਦਦ ਲੈ ਕੇ ਰਵਾਨਾ ਹੋਇਆ।ਇਸ ਜੱਥੇ ਵਿੱਚ ਮਲਕੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਢਿੱਲੋਂ, ਕਪੂਰ ਸਿੰਘ ਢਿੱਲੋਂ, ਰਣਧੀਰ ਸਿੰਘ ਢਿੱਲੋਂ , ਗੁਰਮੇਲ ਸਿੰਘ,ਕੁਲਵੰਤ ਸਿੰਘ ਧਾਲੀਵਾਲ, ਪ੍ਰੋ. ਪਰਮਜੀਤ ਸਿੰਘ ਢਿੱਲੋਂ ਅਤੇ ਖ਼ਜ਼ਾਨਚੀ ਗੁਰਜੰਟ ਸਿੰਘ ਫ਼ੌਜੀ ਤੋਂ ਇਲਾਵਾ 7 ਸਾਲ ਦੀ ਗੁਰਨੂਰ ਕੌਰ ਢਿੱਲੋਂ ਆਪਣੇ ਦਾਦਾ ਜਰਨੈਲ ਸਿੰਘ ਨਾਲ ਸ਼ਾਮਲ ਹੋਈ ਹੈ।ਪਿੰਡ ਰਾਣਵਾਂ ਤੋਂ ਗੁਰਜੀਤ ਸਿੰਘ ਸੋਹੀ ਬਿੱਟੂ ਨੇ 20 ਜਣਿਆਂ ਛੇਵਾਂ ਜੱਥਾ, ਜਿਨ੍ਹਾਂ 14 ਔਰਤਾਂ, 2ਬੱਚੇ 4 ਮਰਦ ਸ਼ਾਮਲ ਹਨ, ਸਿੰਘੂ ਮੋਰਚੇ ਲਈ ਰਵਾਨਾ ਕੀਤੇ। ਪਿੰਡ ਹਥਨ ਤੋਂ 13ਵਾਂ ਜੱਥਾ ਰਵਾਨਾ ਹੋਇਆ।ਉਧਰ, ਪਿੰਡ ਭੂਦਨ, ਹਥਨ, ਤੱਖਰ ਕਲਾਂ, ਸੇਹਕੇ, ਰਾਣਵਾਂ,ਅਲੀਪੁਰ, ਗੁਰੂ ਤੇਗ ਬਹਾਦਰ ਕੋਲਨੀ ਮਾਲੇਰਕੋਟਲਾ, ਕਿਲਾ ਰਹਿਮਤਗੜ੍ਹ ਸਮੇਤ ਬਲਾਕ ਮਾਲੇਰਕੋਟਲਾ ਦੇ ਦਰਜਨਾ ਪਿੰਡਾਂ ‘ਚ ਤਿਲਾਂ ਦੀ ਥਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫ਼ੂਕੀਆਂ।ਮਾਲੇਰਕੋਟਲਾ-ਪਟਿਆਲਾ ਸੜਕ ਸਥਿਤ ਪਿੰਡ ਮਾਹੋਰਾਣਾ ਦੇ ਟੌਲ ਪਲਾਜ਼ਾ ‘ਤੇ ਧਰਨੇ ਦੇ 96ਵੇਂ ਦਿਨ ਵੀ ਕਿਸਾਨ ਡਟੇ ਰਹੇ।

ਭਾਕਿਯੂ ਏਕਤਾ ਉਗਰਾਹਾਂ ਦੀ ਇਕਾਈ ਪਿੰਡ ਕੁਲ੍ਹਾੜ ਵਿਖੇ ਸਰਪੰਚ ਗੁਰਦੀਪ ਸਿੰਘ ਦੀ ਅਗਵਾਈ ’ਚ ਨੱਥੂਮਾਜਰਾ, ਉਮਰਪੁਰਾ ’ਚ ਰਵਿੰਦਰ ਸਿੰਘ ਗਰੇਵਾਲ ਅਕਬਰਪੁਰ ਛੰਨਾ, ਫੱਲੇਵਾਲ ’ਚ ਗੁਰਵਿੰਦਰ ਸਿੰਘ ਰਟੋਲ ਬੌੜਹਾਈ ਕਲਾਂ/ਖੁਰਦ ਸਰਪੰਚ ਹਰਦੀਪ ਸਿੰਘ, ਕੁੱਪ ਕਲਾਂ-ਖੁਰਦ ਸਰਪੰਚ ਸੁਰਜੀਤ ਸਿੰਘ ਔਲਖ, ਬਾਠਾਂ ਅਤੇ ਜਿੱਤਵਾਲ ਕਲਾਂ ਪਿੰਡਾਂ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ।

ਆਮ ਆਦਮੀ ਪਾਰਟੀ ਵੱਲੋਂ ਧੂਰੀ ਅੰਦਰ ਬਾਗੜੀਆਂ ਰੋਡ ਉੱਪਰ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ।ਇਸ ਮੌਕੇ ਆਪ ਦੇ ਸੀਨੀਅਰ ਆਗੂ ਰਾਜਵੰਤ ਸਿੰਘ ਘੁੱਲੀ,ਅਨਵਰ ਭਸੌੜ, ਸੰਦੀਪ ਸਿੰਗਲਾ, ਅਮਨਦੀਪ ਸਿੰਘ ਧਾਂਦਰਾ, ਪ੍ਰੀਤ ਧੂਰੀ, ਨੇ ਕਿਹਾ ਕੇਂਦਰ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀ ਕਾਨੂੰਨਾਂ ਨੂੰ ਫੋਰੀ ਰੱਦ ਕਰੇ।

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਜਿਥੇ ਹਰ ਵਰਗ ਬਾਰਡਰਾਂ ਤੇ ਪਹੁੰਚ ਕੇ ਕਿਸਾਨਾਂ ਦੀ ਹਮਾਇਤ ਕਰ ਰਿਹਾ ਹੈ, ਉਥੇ ਹੀ ਕਿਸਾਨ ਜਥੇਬੰਦੀਆਂ ਦੀ ਅਪੀਲ ਤੇ ਸ਼ਹਿਰ ਵਿਖੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ, ਅਕਾਲੀ ਦਲ ਦੇ ਵਰਕਰਾਂ ਅਤੇ ਸ਼ਹਿਰ ਵਾਸੀਆਂ ਨੇ ਲੋਹੜੀ ਦਾ ਤਿਉਹਾਰ ਤਿਲ ਪਾਉਣ ਦੀ ਥਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਵਜੋਂ ਮਨਾਇਆ। ਪ੍ਰਕਾਸ਼ ਚੰਦ ਗਰਗ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਲੋਹੜੀ ਦਾ ਤਿਉਹਾਰ ਵੀ ਕਿਸਾਨਾਂ ਦੀ ਹਮਾਇਤ ਅਤੇ ਬਾਰਡਰਾਂ ਤੇ ਬੈਠੇ ਕਿਸਾਨਾਂ ਦਾ ਹੌਸਲਾ ਆਪਣਾ ਰੋਸ ਜਾਹਰ ਕਰ ਰਹੇ ਹਨ|

ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕੌਮਾਂਤਰੀ ਕਬੱਡੀ ਖਿਡਾਰੀਆਂ ਖੁਸ਼ਦੀਪ ਸਿੰਘ ਟਿੰਕੂ ਘਨੌਰ ਅਤੇ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਦੀ ਸਾਂਝੀ ਅਗਵਾਈ ਵਿੱਚ ਨੌਜਵਾਨਾਂ ਦਾ ਕਾਫਲਾ ਸਿੰਘੂ ਬਾਰਡਰ ਲਈ ਰਵਾਨਾ ਹੋਇਆ।

ਟਰੈਟਰ ਰੈਲੀ ਲਈ ਉਤਸ਼ਾਹ

ਪਿੰਡਾਂ ਵਿਚ ਕਿਸਾਨ ਆਗੂ ਲੋਕਾਂ ਨੂੰ 26 ਜਨਵਰੀ ਦੀ ਟਰੈਕਟਰ ਰੈਲੀ ਲਈ ਲਾਮਬੰਦ ਕਰਨ ਵਿਚ ਜੁਟੇ ਹੋਏ ਹਨ। ਸਥਾਨਕ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਜਦੋਂ ਕਿ ਭਾਜਪਾ ਆਗੂ ਦੇ ਘਰ ਅੱਗੇ ਅਤੇ ਰਿਲਾਇੰਸ ਪੰਪ ਖੇੜੀ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਰੋਸ ਧਰਨੇ ਲਗਾਤਾਰ ਜਾਰੀ ਹਨ। ਸਟੇਸ਼ਨ ਨੇੜੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਿਰਮਲ ਸਿੰਘ ਬਟੜਿਆਣਾ, ਸਰਬਜੀਤ ਸਿੰਘ ਵੜੈਚ, ਹਰਜੀਤ ਸਿੰਘ ਕਲੌਦੀ, ਗੱਜਣ ਸਿੰਘ ਲੱਡੀ, ਨਰੰਜਣ ਸਿੰਘ ਦੋਹਲਾ , ਨਰੰਜਣ ਸਿੰਘ ਚੁਨਾਗਰਾ , ਸੁਖਦੇਵ ਸਿੰਘ, ਗੁਰਨਾਮ ਸਿੰਘ ਜਰਨੈਲ ਸਿੰਘ , ਹਰਚਰਨ ਸਿੰਘ ਕਲੌਦੀ , ਜਮਹੂਰੀ ਅਧਿਕਾਰ ਸਭਾ ਦੇ ਆਗੂ ਸਵਰਨਜੀਤ ਸਿੰਘ , ਮਜਦੂਰ ਆਗੂ ਲੱਖਮੀ ਚੰਦ ਅਤੇ ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ ਨੇ ਸੰਬੋਧਨ ਕੀਤਾ ਜਦੋਂ ਕਿ ਭਾਜਪਾ ਆਗੂ ਦੇ ਘਰ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਗੋਬਿੰਦਰ ਸਿੰਘ ਬਡਰੁੱਖਾਂ, ਰਣਜੀਤ ਸਿੰਘ ਲੌਂਗੋਵਾਲ ਅਤੇ ਰਿਲਾਇੰਸ ਪੰਪ ਅੱਗੇ ਸਰੂਪ ਚੰਦ ਕਿਲਾਭਰੀਆਂ ਆਦਿ ਨੇ ਸੰਬੋਧਨ ਕੀਤਾ।ਇਸ ਦੌਰਾਨ ਹੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਸੂਬਾ ਕਮੇਟੀ ਨੇ ਮੀਟਿੰਗ ਕਰਕੇ 21 ਜਨਵਰੀ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਕਾਫ਼ਲੇ ਬੰਨ੍ਹ ਕੇ ਦਿੱਲੀ ਪੁੱਜਣ ਦਾ ਐਲਾਨ ਕੀਤਾ ਹੈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਮਜ਼ਦੂਰ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ 21 ਜਨਵਰੀ ਨੂੰ ਸਿੰਘੂ ਅਤੇ ਟਿਕਰੀ ਬਾਰਡਰ ਨੂੰ ਕਾਫ਼ਲੇ ਬੰਨ੍ਹ ਕੇ ਪਹੁੰਚਿਆ ਜਾਵੇਗਾ। ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਪੂਰੀ ਤਰ੍ਹਾਂ ਤਿਆਰ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune