ਦਿੱਲੀ ਪਰੇਡ ਦੀ ਤਿਆਰੀ ਲਈ ਟਰੈਕਟਰ ਮਾਰਚ

January 15 2021

ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਰੇ ਦੇਸ਼ ਵਿੱਚ ਕਿਸਾਨਾਂ ਦਾ ਵੱਡੇ ਪੱਧਰ ’ਤੇ ਦੇਸ਼-ਵਿਆਪੀ ਅੰਦੋਲਨ ਦਿਲੀ ਵਿੱਚ ਸਾਰੇ ਬਾਰਡਰਾਂ ’ਤੇ ਚੱਲ ਰਿਹਾ ਹੈ। ਜਿਸ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਪਿੰਡ ਜੋਗਾ ਤੋਂ ਟਰੈਕਟਰਾਂ ਦਾ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਜੋਗਾ ਤੋਂ ਸ਼ਰੂ ਹੋ ਕੇ ਬੁਰਜ ਝੱਬਰ, ਅਕਲੀਆ, ਰੱਲਾ, ਮਾਖਾ ਚਹਿਲਾਂ ਤੇ ਅਨੂਪਗੜ੍ਹ ਹੁੰਦੇ ਹੋਏ ਵਾਪਸ ਜੋਗਾ ਵਿੱਚ ਸਮਾਪਤ ਹੋਇਆ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵੇਚਣ ਦੀ ਨੀਤੀ ਤਹਿਤ ਤਿੰਨ ਆਰਡੀਨੈਂਸ ਬਣਾ ਕੇ ਸਿੱਧਾ ਹੀ ਦੇਸ਼ ਦੀ ਧਰਤੀ ’ਤੇ ਕਬਜ਼ਾ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

26 ਜਨਵਰੀ ਦੇ ਦਿੱਲੀ ਟਰੈਕਟਰ ਮਾਰਚ ਲਈ ਨੂੰ ਲਾਮਬੰਦ ਕਰਨ ਲਈ ਅੱਜ ਪਿੰਡ ਭਗਤਾ ਭਾਈ ਦੇ ਕਿਸਾਨਾਂ ਵੱਲੋਂ ਬਲਾਕ ਭਗਤਾ ਦੇ ਪਿੰਡਾਂ ’ਚ ਖੇਤੀਬਾੜੀ ਮਾਰੂ ਕਾਨੂੰਨਾਂ ਖ਼ਿਲਾਫ਼ ਵੱਡਾ ਟਰੈਕਟਰ ਮਾਰਚ ਕੀਤਾ ਗਿਆ। ਜਿਸ ਦੀ ਅਗਵਾਈ ਟਰੈਕਟਰ ਮਾਰਚ ਨਾਲ ਸਬੰਧਤ ਕਮੇਟੀ ਮੈਂਬਰਾਂ ਨੇ ਕੀਤੀ। ਮਾਰਚ ਦੀ ਸ਼ੁਰੂਆਤ ਮੌਕੇ ਇਕੱਤਰ ਨੌਜਵਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਹ ਮਾਰਚ ਭਗਤਾ ਭਾਈ ਦੇ ਭੂਤਾਂ ਵਾਲੇ ਖੂਹ ਤੋਂ ਸ਼ੁਰੂ ਹੋ ਕੇ ਸ਼ਹਿਰ ਵਿੱਚ ਦੀ ਹੁੰਦਾ ਹੋਇਆ ਪਿੰਡ ਸਿਰੀਏਵਾਲਾ, ਬੁਰਜ ਲੱਧਾ ਸਿੰਘ ਵਾਲਾ, ਕੇਸਰ ਸਿੰਘ ਵਾਲਾ, ਭੋਡੀਪੁਰਾ, ਆਕਲੀਆ, ਗੁਰੂਸਰ, ਜਲਾਲ, ਗੁੰਮਟੀ, ਦਿਆਲਪੁਰਾ ਮਿਰਜ਼ਾ, ਕੋਠਾ ਗੁਰੂ, ਮਲੂਕਾ ਤੇ ਬੁਰਜ ਥਰੋੜ ਵਿੱਚੋਂ ਹੁੰਦਾ ਹੋਇਆ ਭਗਤਾ ਭਾਈ ਵਿੱਚ ਸਮਾਪਤ ਹੋਇਆ। ਮਾਰਚ ’ਚ ਸ਼ਾਮਲ ਟਰੈਕਟਰਾਂ ’ਤੇ ਕਿਸਾਨੀ ਅੰਦੋਲਨ ਦੇ ਗੀਤ ਗੂੰਜ ਰਹੇ ਸਨ। ਇਸ ਮੌਕੇ ਕਮੇਟੀ ਮੈਂਬਰ ਜਗਸੀਰ ਪੰਨੂ ਤੇ ਵਿੱਕੀ ਸਿੱਧੂ ਨੇ ਕਿਹਾ ਕਿ ਦਿੱਲੀ ਟਰੈਕਟਰ ਮਾਰਚ ਪ੍ਰਤੀ ਕਿਸਾਨਾਂ ’ਚ ਭਾਰੀ ਉਤਸ਼ਾਹ ਹੈ ਤੇ 26 ਜਨਵਰੀ ਨੂੰ ਵੱਡੇ ਪੱਧਰ ’ਤੇ ਕਿਸਾਨ ਆਪਣੇ ਟਰੈਕਟਰਾਂ ਤੇ ਹੋਰ ਸਾਧਨਾਂ ਰਾਹੀਂ ਦਿੱਲੀ ’ਚ ਹੋਣ ਵਾਲੇ ਟਰੈਕਟਰ ਮਾਰਚ ’ਚ ਸ਼ਿਕਰਤ ਕਰਨਗੇ।

ਇੱਥੇ ਅੱਜ 30 ਕਿਸਾਨ ਜੱਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਕੀਤੇ ਗਏ ਟਰੈਕਟਰ ਮਾਰਚ ਉੱਤੇ ਆੜ੍ਹਤੀ ਵਰਗ ਅਤੇ ਸ਼ਹਿਰੀਆਂ ਨੇ ਟਰੈਕਟਰ ਮਾਰਚ ’ਤੇ ਫੁੱਲਾਂ ਦੀ ਵਰਖਾ ਕੀਤੀ। 200 ਤੋਂ ਵੱਧ ਟਰੈਕਟਰਾਂ ਵਾਲਾ ਇਹ ਮਾਰਚ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਜਾਰੀ ਕਿਸਾਨੀ ਧਰਨੇ ਤੋਂ ਆਰੰਭ ਹੋਇਆ। ਇਸ ਐਕਸ਼ਨ ਦੀ ਅਗਵਾਈ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਬੀਕੇਯੂ ਕਾਦੀਆਂ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਚੱਕਭਾਈ ਕੇ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਬੋੜਾਵਾਲ, ਕੁਲ ਹਿੰਦ ਕਿਸਾਨ ਸਭਾ ਦੇ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸਵਰਨਜੀਤ ਸਿੰਘ ਦਲਿਓ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ ਕਰ ਰਹੇ ਸਨ। ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦਾ ਹੋਇਆ ਇਹ ਟਰੈਕਟਰ ਮਾਰਚ ਅੰਬੇਦਰਕਰ ਚੌਕ ਵਿੱਚ ਰੁਕਿਆ ਤਾਂ ਬੁਲਾਰਿਆਂ ਨੇ 26 ਜਨਵਰੀ ਗਣਤੰਤਰ ਦਿਵਸ ਮੌਕੇ ਦਿੱਲੀ ਦੀ ਕਿਸਾਨ ਪਰੇਡ ਵਿੱਚ ਸ਼ਾਮਲ ਹੋਣ ਦੀ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ। ਬੁਲਾਰਿਆਂ ਦਾ ਕਹਿਣਾ ਸੀ ਕਿ ਬੁਢਲਾਡਾ ਤੋਂ ਇਹ ਟਰੈਕਟਰ ਮਾਰਚ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਇੱਥੋਂ ਰਵਾਨਾ ਹੋਵੇਗਾ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪਿੰਡ ਬੀਬੀਵਾਲਾ ਇਕਾਈ ਦੇ ਕਿਸਾਨਾਂ ਨੇ ਖੇਤੀ ਕਨੂੰਨਾਂ ਖ਼ਿਲਾਫ਼ ਭੁੱਚੋ ਕਲਾਂ ਤੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਟਰੈਕਟਰ ਮਾਰਚ ਕੀਤਾ ਤੇ ਬੈਸਟ ਪਰਾਈਸ ਮਾਲ ਮੋਰਚੇ ਵਿੱਚ ਸ਼ਾਮਲ ਹੋਏ। ਮਾਰਚ ’ਚ ਲਗਪਗ 40 ਟਰੈਕਟਰ ਸ਼ਾਮਲ ਸਨ।

ਮਾਲਵਾ ਖੇਤਰ ਵਿੱਚ ਕਿਸਾਨੀ ਸੰਘਰਸ਼ ਨੂੰ ਲੋਹੜੀ ਮਗਰੋਂ ਹੋਰ ਬਲ ਮਿਲਿਆ

ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਉਣ ਤੋਂ ਅਗਲੇ ਦਿਨ ਹੁਣ ਕਿਸਾਨ ਜਥੇਬੰਦੀਆਂ ਨੇ ਮਾਲਵਾ ਖੇਤਰ ਵਿੱਚ 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਵਜੋਂ ਮਨਾਉਣ ਦੀਆਂ ਤਿਆਰੀਆਂ ਵਿੱਢ ਦਿੱਤਿਆਂ ਹਨ, ਤਾਂ ਜੋ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੀ ਲੜਾਈ ਵਿੱਚ ਔਰਤਾਂ ਦੀ ਭੂਮਿਕਾ ਨੂੰ ਹੋਰ ਤੱਕੜਾ ਕੀਤਾ ਜਾ ਸਕੇ। ਇਸ ਅੰਦੋਲਨ ਵਿੱਚ ਔਰਤਾਂ ਦੀ ਵੱਡੀ ਭਾਗਦਾਰੀ ਤੋਂ ਸਰਕਾਰ ਸਮੇਤ ਹਰ ਕੋਈ ਪ੍ਰਭਾਵਿਤ ਹੋਣ ਲੱਗਿਆ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਮਨਾਈ ਗਈ ਲੋਹੜੀ ਤੋਂ ਸਾਰੇ ਹਿੱਲ ਗਏ ਹਨ। ਇਸ ਦੌਰਾਨ ਮਾਨਸਾ ਦੇ ਰੇਲਵੇ ਸਟੇਸ਼ਨ ਉੱਪਰ 30 ਕਿਸਾਨ ਜਥੇਬੰਦੀਆਂ ਦੇ ਸੱਦੇ ਉੱਪਰ ਚੱਲ ਰਹੇ 106ਵੇਂ ਦਿਨ ਧਰਨੇ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਵੱਲੋਂ ਸੁਪਰੀਮ ਕੋਰਨ ਕੋਲੋਂ ਬਣਵਾਈ ਗਈ 4 ਮੈਂਬਰੀ ਕਮੇਟੀ ’ਚੋਂ ਭੁਪਿੰਦਰ ਸਿੰਘ ਮਾਨ ਬਾਹਰ ਨਿੱਕਲ ਗਏ ਹਨ, ਉਸੇ ਤਰ੍ਹਾਂ ਹੋਰ ਮੈਂਬਰਾਂ ਦੇ ਵੀ ਬਾਹਰ ਜਾਣ ਦੀ ਉਮੀਦ ਹੈ, ਜਿਸ ਕਾਰਨ ਕੇਂਦਰ ਸਰਕਾਰ ਦੀ ਹੋਰ ਵੱਡੀ ਹਾਰ ਹੋਣ ਦੀ ਸਭਾਵਨਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune