ਦਿੱਲੀ ਟਰੈਕਟਰ ਪਰੇਡ ਲਈ ਰਿਹਰਸਲਾਂ

January 22 2021

ਅੱਜ ਬੀਕੇਯੂ ਉਗਰਾਹਾਂ ਵੱਲੋਂ ਜ਼ਿਲ੍ਹੇ ਦੇ ਅੱਧੀ ਦਰਜਨ ਬਲਾਕਾਂ ’ਚ ਖੇਤੀ ਬਿੱਲਾਂ ਦੇ ਵਿਰੋਧ ’ਚ ਰੋਸ ਪ੍ਰਗਟ ਕਰਦੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆਪਣੀ ਤਾਕਤ ਮੁਜ਼ਾਹਰਾ ਕੀਤਾ। ਇਸ ਮਾਰਚ ’ਚ ਸ਼ਾਮਲ ਟਰੈਕਟਰਾਂ ਦੀ ਗਿਣਤੀ ਬਾਰੇ ਖੂਫੀਆਂ ਵਿੰਗ ਅੰਕੜੇ ਇਕੱਠਾ ਕਰਦਾ ਰਿਹਾ। ਅੱਜ ਬਠਿੰਡਾ ਜ਼ਿਲ੍ਹਾ ਦੇ ਪਿੰਡ ਦਿਓਣ ਦੀ ਦਾਣਾ ਮੰਡੀ ਤੋਂ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆ, ਗੁਰਪਾਲ ਸਿੰਘ ਦਿਓਣ, ਜਗਸੀਰ ਸਿੰਘ ਝੁੰਬਾਂ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਟਰੈਕਟਰ ਮਾਰਚ ਦੀ ਸ਼ੁਰੂਆਤ ਕੀਤੀ ਗਈ।

ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ’ਤੇ ਜਿਥੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਉਥੇ ਦਿੱਲੀ ’ਚ ਕਿਸਾਨ ਟਰੈਕਟਰ ਪਰੇਡ ਲਈ ਮਸ਼ਕਾਂ ਦੌਰਾਨ ਨੌਜਵਾਨਾਂ ਵਿੱਚ ਕਾਫ਼ੀ ਉਤਸ਼ਾਹ ਹੈ। ਬਜ਼ੁਰਗ ਵੀ ਭਾਜਪਾ ਆਗੂਆਂ ਤੇ ਅੰਬਾਨੀ-ਅਡਾਨੀ ਕਾਰਪੋਰੇਟ ਘਰਾਣਿਆਂ ਅੱਗੇ ਚੱਲ ਰਹੇ ਪੱਕੇ ਮੋਰਚੇ ਉਤੇ ਡਟੇ ਹੋਏ ਹਨ। ਇਥੇ ਜ਼ਿਲ੍ਹੇ ’ਚ ਲੁਧਿਆਣਾ-ਫ਼ਿਰੋਜ਼ਪੁਰ ਕੌਮੀਸ਼ਾਹ ਮਾਰਗ ਉੱਤੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਹਜ਼ਾਰਾਂ ਦੀ ਗਿਣਤੀ ’ਚ ਟਰੈਕਟਰ ਮਾਰਚ ਕੀਤਾ। ਮਾਰਚ ਅੱਗੇ ਪਿੰਡ ਘੱਲ ਕਲਾਂ ਵਿੱਚ ਦੇਸ਼ ਭਗਤ ਪਾਰਕ ਸਥਾਪਤ ਕਰਨ ਵਾਲੇ ਨੌਜਵਾਨ ਮੂਰਤੀਕਾਰ ਮਨਜੀਤ ਸਿੰਘ ਗਿੱਲ ਵੱਲੋਂ ਤਿਆਰ ਬਲਦ ਜੋੜੀ ਨਾਲ ਕਿਸਾਨ ਤੇ ਸਵਾਮੀਨਾਥਨ ਦੀ ਮੂਰਤੀ (ਸਟੈਚੂ) ਖਿੱਚ ਦਾ ਕੇਂਦਰ ਬਣੀ ਰਹੀ। ਇਸ ਮੌਕੇ ਨੌਜਵਾਨਾਂ ਨੇ ਦੱਸਿਆ ਕਿ ਟਰੈਕਟਰਾਂ ਨੂੰ ਧੋ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਕਿਸਾਨ ਪਰੇਡ ਲਈ ਤਿਆਰ ਕੀਤਾ ਹੈ। ਟਰਾਲੀਆਂ ਨੂੰ ਵਾਟਰ ਪਰੂਫ਼ ਬਣਾਇਆ ਗਿਆ ਹੈ। ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਨੇ ਦੱਸਿਆ ਕਿ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ 88ਵੇਂ ਤੇ ਅਡਾਨੀ ਅਨਾਜ ਭੰਡਾਰ ਅੱਗੇ 113ਵੇਂ ਦਿਨ ਪੱਕਾ ਧਰਨਾ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਟਰੈਕਟਰ ਪਰੇਡ ਲਈ ਸੂਬਾ ਭਰ ਵਿੱਚ ਕਿਸਾਨ ਟਰੈਕਟਰ ਪਰੇਡ ਰਿਹਰਸਲ ਕਰ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਸੈਂਕੜੇ ਟਰੈਕਟਰਾਂ ਨਾਲ ਜੈਤੋ ਖੇਤਰ ਦੇ ਦਰਜਨਾਂ ਪਿੰਡਾਂ ’ਚ ਟਰੈਕਟਰ ਮਾਰਚ ਕੀਤਾ ਗਿਆ। ਯੂਨੀਅਨ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਸਕੱਤਰ ਨੱਥਾ ਸਿੰਘ ਰੋੜੀ ਕਪੂਰਾ, ਜ਼ਿਲਾ ਵਿੱਤ ਸਕੱਤਰ ਤਾਰਾ ਸਿੰਘ ਰੋੜੀ ਕਪੂਰਾ ਦੀ ਅਗਵਾਈ ਵਿਚ ਇਹ ਮਾਰਚ ਸੂਰਘੂਰੀ, ਮੱਤਾ, ਰੋਮਾਣਾ ਅਲਬੇਲ ਸਿੰਘ, ਬਹਿਬਲ ਕਲਾਂ, ਰਣ ਸਿੰਘ ਵਾਲਾ, ਸੇਢਾ ਸਿੰਘ ਵਾਲਾ, ਝੱਖੜਵਾਲਾ, ਬਾਜਾਖਾਨਾ, ਰਾਊ ਵਾਲਾ ਆਦਿ ਪਿੰਡਾਂ ਵਿੱਚ ਦੀ ਲੰਘਿਆ।

ਨਰਿੰਦਰ ਮੋਦੀ ਸਰਕਾਰ ਦੀ ਖੇਤੀ ਕਨੂੰਨ ਰੱਦ ਨਾ ਕਰਨ ਦੇ ਅੜੀਅਲ ਰਵੱਈਏ ਖ਼ਿਲਾਫ਼ ਲੋਕ ਰੋਹ ਦਿਨੋਂ ਦਿਨ ਪ੍ਰਚੰਡ ਹੋਣ ਲੱਗਾ ਹੈ। ਇਥੇ ਰੋਹ ਵਿੱਚ ਆਏ ਪਿੰਡਾਂ ਦੇ ਸੈਂਕੜੇ ਕਿਸਾਨਾਂ ਨੇ ਭਾਰਤੀ ਕਿਸਨ ਯੂਨੀਅਨ ਉਗਰਾਹਾਂ ਏਕਤਾ ਦੇ ਝੰਡੇ ਹੇਠ ਆਪੋ ਆਪਣੇ ਸੈਂਕੜੇ ਟਰੈਕਟਰਾਂ ਰਾਹੀਂ ਬਲਾਕ ਭੀਖੀ ਦੇ ਪਿੰਡਾਂ ਅਕਲੀਆ, ਰੜ੍ਹ, ਬੁਰਜ ਢਿੱਲਵਾਂ, ਝੱਬਰ, ਸ਼ਹਿਰ ਜੋਗਾ, ਰੱਲਾਂ, ਅਤਲਾ ਖੁਰਦ, ਅਤਲਾ ਕਲਾਂ, ਮਾਖਾਂ ਚਹਿਲਾ ਆਦਿ ਵਿੱਚੋਂ ਦੀ ਲੰਘਿਆ।

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਹਲਕੇ ਦੇ ਪਿੰਡਾਂ ਵਿੱਚ 350 ਟਰੈਕਟਰ ਨਾਲ ਕਿਸਾਨੀ ਦੇ ਝੰਡੇ ਝੂਲਦਾ, ਜ਼ੋਰਦਾਰ ਨਾਅਰਿਆਂ ਨਾਲ ਦੂਜਾ ਰਿਹਰਸਲ ਮਾਰਚ ਕੀਤਾ ਗਿਆ। ਇਹ ਮਾਰਚ ਕਿਸਾਨ ਪੱਤੋ, ਰੌਂਤਾ, ਰਣਸੀਂਹ ਖੁਰਦ, ਰਣਸੀਂਹ ਕਲਾਂ, ਦਿਦਾਰੇ ਵਾਲਾ, ਖੋਟੇ,ਬਾਰੇਵਾਲਾ, ਬੁਰਜ ਹਮੀਰਾ, ਦੀਨਾ, ਖਾਈ, ਪੱਖਰਵੱਡ ਆਦਿ ਪਿੰਡਾਂ ’ਚ ਗਿਆ।

ਮੋਦੀ ਸਰਕਾਰ ਵਿਰੁੱਧ ਕਿਸਾਨਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ

ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਦੇਸ਼ ’ਚ ਫ਼ਸਲਾਂ ਦੀ ਘੱਟੋ-ਘੱਟ ਖ਼ਰੀਦ ਮੁੱਲ ’ਤੇ ਕਾਨੂੰਨੀ ਗਾਰੰਟੀ ਆਦਿ ਮੰਗਾਂ ਨੂੰ ਲੈ ਕੇ 26 ਜਨਵਰੀ ਨੂੰ ਦਿੱਲੀ ’ਚ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦੀ ਰਿਹਰਸਲ ਵਜੋਂ ਅੱਜ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਬਲਾਕ ਭਗਤਾ ਭਾਈ ਦੇ 25 ਪਿੰਡਾਂ ’ਚ ਟਰੈਕਟਰ ਮਾਰਚ ਕੀਤਾ ਗਿਆ। ਇਸ ਤੋਂ ਪਹਿਲਾਂ ਬਲਾਕ ਭਗਤਾ ਭਾਈ ਦੇ ਪਿੰਡਾਂ ਤੋਂ ਵੱਡੀ ਗਿਣਤੀ ’ਚ ਪੂਰੇ ਉਤਸ਼ਾਹ ਨਾਲ ਕਿਸਾਨ ਆਪ-ਮੁਹਾਰੇ ਆਪਣੇ ਟਰੈਕਟਰ ਲੈ ਕੇ ਭਗਤਾ ਭਾਈ ਦੀ ਦਾਣਾ ਮੰਡੀ ’ਚ ਇਕੱਠੇ ਹੋਏ। ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਇਕੱਤਰ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਕਿਸਾਨੀ ਸਬੰਧੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂ ਪਾਲਾ ਸਰਦਾਰ ਅਤੇ ਸੁਖਜੀਤ ਸਿੰਘ ਕੋਠਾਗੁਰੂ ਨੇ ਕਿਹਾ ਕਿ ਦਿੱਲੀ ’ਚ ਛੱਬੀ ਜਨਵਰੀ ਨੂੰ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਨੂੰ ਸਫਲ ਬਣਾਉਣ ਲਈ ਭਗਤਾ ਭਾਈ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ਇਹ ਰੈਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ’ਚ 26 ਜਨਵਰੀ ਦੀ ਦਿੱਲੀ ਪਰੇਡ ਲਈ ਭਾਰੀ ਉਤਸ਼ਾਹ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਤਾਂ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਪਾਸ ਕੀਤੇ ਗਏ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune