ਤਿੰਨ ਪੀੜ੍ਹੀਆਂ ਇੱਕਠੀਆਂ ਹੋ ਕੇ ਲੜ ਰਹੀਆਂ ਨੇ ਹੋਂਦ ਬਚਾਉਣ ਦੀ ਲੜਾਈ

November 13 2020

ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਜਾਮ ਕਰਨ ਦੇ ਪ੍ਰੋਗਰਾਮ ਤਹਿਤ ਅੱਜ ਰਿਲਾਇੰਸ ਪੰਪ ਲਹਿਲ ਖੁਰਦ ਦਾ ਘਿਰਾਓ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਵਿੱਚ 43ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜ਼ਿਲ੍ਹਾ ਆਗੂ ਦਰਸ਼ਨ ਚੰਗਾਲੀਵਾਲਾ, ਸੁਖਦੇਵ ਸ਼ਰਮਾ ਭੂਟਾਲ ਖੁਰਦ, ਰਾਮ ਸਿੰਘ ਨੰਗਲਾ, ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੂਟਾਲ ਖੁਰਦ, ਸੁਖਦੇਵ ਸਿੰਘ ਕੜੈਲ, ਹਰਜੀਤ ਭੂਟਾਲ, ਬੂਟਾ ਭੂਟਾਲ, ਜਗਸੀਰ ਖੰਡੇਵਾਦ, ਜਸ਼ਨਦੀਪ ਪਿਸ਼ੌਰ, ਪ੍ਰੀਤਮ ਲਹਿਲ ਕਲਾਂ, ਪਾਲ ਗਿਦੜਿਆਣੀ, ਦਰਸ਼ਨ ਕੋਟੜਾ ਆਦਿ ਨੇ ਕਿਹਾ ਕਿ ਜਿਹੜੇ ਕਾਲੇ ਕਾਨੂੰਨ ਕੇਂਦਰ ਦੀ ਮੋਦੀ ਸਰਕਾਰ ਲੈ ਕੇ ਅਈ ਹੈ ਪਰ ਦੇਸ਼ ਅੰਦਰ ਕਾਨੂੰਨਾਂ ਦਾ ਦੇਸ਼ ਦੇ ਸੰਘਰਸ਼ੀਲ ਤੇ ਚਿੰਤਕ ਲੋਕਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਕਾਨੂੰਨ ਸਿਰਫ ਸਰਮਾਏਦਾਰ ਜਮਾਤ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਬਣਾਏ ਗਏ ਹਨ। ਦੇਸ਼ ਦੀ ਜਰਖੇਜ਼ ਖੇਤੀਯੋਗ ਜ਼ਮੀਨ ਕੁਝ ਦੇਸ਼ੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਸਾਡੇ ਦੇਸ਼ ਦੀਆਂ ਸਰਕਾਰਾਂ ਦੇਣਾ ਚਾਹੁੰਦੀਆਂ ਹਨ। ਇਸ ਮੌਕੇ ਮੋਰਚੇ ਵਿੱਚ ਲੰਗਰ ਦੀ ਸੇਵਾ ਨਿਭਾਅ ਰਹੇ ਸੇਵਾਦਾਰਾਂ ਦਾ ਬਲਾਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਿਸਾਨਾਂ ਦੇ ਚੱਲ ਰਹੇ ਪੱਕੇ ਮੋਰਚਿਆਂ ਵਿੱਚ ਮਾਵਾਂ-ਭੈਣਾਂ ਬਹੁਤ ਵੱਡੀ ਗਿਣਤੀ ਵਿੱਚ ਛੋਟੇ ਬੱਚਿਆਂ ਸਮੇਤ ਆ ਰਹੀਆਂ ਹਨ। ਨੌਜਵਾਨ ਜਿਸ ਨੂੰ ਕਦੇ ਵੱਖ-ਵੱਖ ਸਰਕਾਰਾਂ ਨੇ ਨਸ਼ੇੜੀਆਂ ਵਜੋਂ ਪੇਸ਼ ਕੀਤਾ ਸੀ, ਹੁਣ ਉਨਾਂ ਦਾ ਧਰਨਿਆਂ ਵਿੱਚ ਆਉਣਾ ਸ਼ੁਭ ਸ਼ੰਕੇਤ ਹੈ। ਇਹ ਲੜਾਈ ਸਾਡੀ ਹੋਂਦ ਬਚਾਉਣ ਦੀ ਲੜਾਈ ਹੈ। ਜਿਸਨੂੰ ਜੇਕਰ ਦੇਖਿਆ ਜਾਵੇ ਤਾਂ ਇਹ ਲੜਾਈ ਤਿੰਨ ਪੀੜੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਹਨ। ਜਿਸਨੂੰ ਕਿ ਜ਼ਿੰਦਗੀ ਦੇ ਆਖਰੀ ਦਮ ਤੱਕ ਲੜਿਆ ਜਾਵੇਗਾ। ਬੁਲਾਰਿਆਂ ਨੇ ਮੰਗ ਕੀਤੀ ਕਿ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਤੇ ਬਿਜਲੀ ਸੋਧ ਕਾਨੂੰਨ ਰੱਦ ਕੀਤਾ ਜਾਵੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune