ਤਰਨ ਤਾਰਨ ਮੰਡੀ ’ਚ ਮਿਲਦਾ ਹੈ ਬਾਸਮਤੀ ਦਾ ਲਾਹੇਵੰਦ ਭਾਅ

March 24 2022

ਇਥੋਂ ਦੀ ਦਾਣਾ ਮੰਡੀ ਵਿੱਚ ਝੋਨੇ ਦੇ ਆਮ ਸੀਜ਼ਨ ਨਾਲੋਂ 1121 ਬਾਸਮਤੀ ਦੀ ਜਿਣਸ ਦਾ ਕਾਫੀ ਲਾਹੇਵੰਦ ਭਾਅ ਮਿਲਣ ਕਰਕੇ ਦੂਰ ਦੁਰੇਡੇ ਤੋਂ ਕਿਸਾਨ ਆਪਣੀ ਜਿਨਸ ਵੇਚਣ ਲਈ ਇਥੇ ਰਹੇ ਹਨ| ਇਹ ਭਾਅ ਅੱਜ ਬੀਤੇ ਕੱਲ੍ਹ ਨਾਲੋਂ ਭਾਵੇਂ ਥੋੜ੍ਹਾ ਹੇਠਾਂ ਡਿੱਗ ਗਿਆ ਹੈ ਪਰ ਇਸ ਦੇ ਬਾਵਜੂਦ ਕਿਸਾਨ ਇਸ ਮੰਡੀ ਵਿੱਚ ਆਪਣੀ ਸਾਂਭ ਕੇ ਰੱਖੀ ਜਿਨਸ ਵੇਚਣ ਲਈ ਲੈ ਕੇ ਆ ਰਿਹਾ ਹੈ| ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਅਮਰਿੰਦਰ ਸਿੰਘ ਨੇ ਦੱਸਿਆ ਕਿ 1121 (ਹੱਥ ਨਾਲ ਝਾੜੀ) ਦਾ ਬੀਤੇ ਕੱਲ੍ਹ ਵੱਧ ਤੋਂ ਵੱਧ ਭਾਅ 4210 ਰੁਪਏ ਪ੍ਰਤੀ ਕਵਿੰਟਲ ਤੱਕ ਚਲਾ ਗਿਆ ਸੀ| ਅੱਜ ਮੰਡੀ ਵਿੱਚ ਕੋਟਈਸੇ ਖਾਂ (ਫਿਰੋਜ਼ਪੁਰ) ਦੇ ਪਿੰਡ ਮੰਦਰ ਤੋਂ ਕਿਸਾਨ ਜੁਗਰਾਜ ਸਿੰਘ ਆਪਣੀ ਜਿਨਸ ਲੈ ਕੇ ਮੰਡੀ ਆਇਆ ਤਾਂ ਉਸਨੂੰ 4156 ਰੁਪਏ ਪ੍ਰਤੀ ਕੁਵਿੰਟਲ ਦਾ ਭਾਅ ਮਿਲਿਆ ਹੈ| ਜੁਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਕੋਟ ਈਸੇ ਖਾਂ ਦੀ ਮੰਡੀ ’ਚ ਇਕ ਫਰਮ ਵੱਲੋਂ ਹੀ ਬਾਸਮਤੀ ਦੀ ਖਰੀਦ ਕੀਤੀ ਜਾਂਦੀ ਹੈ ਤੇ ਉਹ ਕਿਸਾਨ ਨੂੰ ਆਪਣੀ ਇੱਛਾ ਅਨੁਸਾਰ ਹੀ ਭਾਅ ਦੇ ਰਿਹਾ ਹੈ| ਇਥੋਂ ਦੀ ਮੰਡੀ ਵਿੱਚ ਝੋਨੇ ਦੇ ਸੀਜ਼ਨ ਦੌਰਾਨ 1121 ਦਾ ਵਧੇਰੇ ਤੋਂ ਵਧੇਰੇ ਭਾਅ 3800 ਰੁਪਏ ਤੱਕ ਹੀ ਮਿਲਿਆ ਸੀ| ਮੰਡੀ ਦੇ ਅਧਿਕਾਰੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਥੋਂ ਦੇ ਮੰਡੀ ਵਿੱਚ ਬਾਸਮਤੀ ਦੀਆਂ ਵੱਖ ਵੱਖ ਕਿਸਮਾਂ ਖਰੀਦਣ ਲਈ ਦੂਰ ਦੁਰੇਡੇ ਤੋਂ ਪ੍ਰਾਈਵੇਟ ਕੰਪਨੀਆਂ ਰੋਜ਼ਾਨਾ ਹੀ ਆ ਰਹੀਆਂ ਹਨ ਜਿਸ ਕਰਕੇ ਕਿਸਾਨ ਨੂੰ ਇਸ ਮੰਡੀ ਤੋਂ ਵਧੇਰੇ ਭਾਅ ਮਿਲ ਰਿਹਾ ਹੈ| ਅੱਜ ਮੰਡੀ ਵਿੱਚ 1121 ਬਾਸਮਤੀ ਦੀ 1000 ਬੋਰੀ ਖਰੀਦੀ ਗਈ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune