ਟੌਲ ਪਲਾਜ਼ੇ ਦੇ ਕਿਸਾਨ ਮੋਰਚੇ ਵਿੱਚ ਡਟੀ 82 ਸਾਲਾ ਬਜ਼ੁਰਗ ਦਲੀਪ ਕੌਰ

December 18 2020

ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਮੁੱਖ ਮਾਰਗ ’ਤੇ ਪੱਕਾ ਕਿਸਾਨ ਮੋਰਚਾ ਲਗਾਤਾਰ 78ਵੇਂ ਦਿਨ ਵੀ ਜਾਰੀ ਹੈ। ਅੱਜ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮਹਿਲ ਕਲਾਂ, ਜਸਵੀਰ ਕੌਰ, ਸੁਖਵਿੰਦਰ ਕੌਰ, ਗੁਰਮੇਲ ਠੁੱਲੀਵਾਲ ਆਦਿ ਨੇ ਕਿਹਾ ਕਿ ਪੱਕਾ ਮੋਰਚਾ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਲਗਾਤਾਰ ਜਾਰੀ ਰਹੇਗਾ। ਇਸ ਪੱਕੇ ਕਿਸਾਨ ਮੋਰਚੇ ਵਿੱਚ ਨੇੜਲੇ ਪਿੰਡ ਕ੍ਰਿਪਾਲ ਸਿੰਘ ਵਾਲਾ ਦੀ 82 ਸਾਲਾ ਬਜ਼ੁਰਗ ਮਾਤਾ ਦਲੀਪ ਕੌਰ ਪਿਛਲੇ 78 ਦਿਨਾਂ ਤੋਂ ਲਗਾਤਾਰ ਸ਼ਮੂਲੀਅਤ ਕਰ ਰਹੀ ਹੈ। ਪੱਕੇ ਮੋਰਚੇ ਵਿੱਚ ਸ਼ਾਮਲ ਸਮੂਹ ਕਿਸਾਨਾਂ ਲਈ ਮਾਤਾ ਦਲੀਪ ਕੌਰ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ ਅਤੇ ਸਾਰੇ ਹੀ ਕਿਸਾਨ ਦਲੀਪ ਕੌਰ ਨੂੰ ‘ਮਾਤਾ ਜੀ’ ਕਹਿ ਸੰਬੋਧਨ ਕਰਦੇ ਹਨ। ਮਾਤਾ ਦਲੀਪ ਕੌਰ ਨੇ ਦੱਸਿਆ ਕਿ ਉਸ ਦੇ ਤਿੰਨ ਲੜਕੇ ਅਤੇ ਦੋ ਪੋਤਰੇ ਹਨ ਜਿਨ੍ਹਾਂ ਵਿਚੋਂ ਇੱਕ ਪੋਤਰਾ ਦਿੱਲੀ ਮੋਰਚੇ ’ਤੇ ਡਟਿਆ ਹੋਇਆ ਹੈ ਉਥੇ ਦੂਸਰਾ ਪੋਤਰਾ ਮਹਿਲ ਕਲਾਂ ਦੇ ਇਸ ਪੱਕੇ ਮੋਰਚੇ ਵਿੱਚ ਆਪਣੀ ਦਾਦੀ ਨਾਲ ਆਉਂਦਾ ਹੈ। ਮਾਤਾ ਦਲੀਪ ਕੌਰ ਨੇ ਪੱਕੇ ਇਰਾਦੇ ਨਾਲ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਉਹ ਮਹਿਲ ਕਲਾਂ ਦੇ ਟੌਲ ਪਲਾਜ਼ਾ ਅੱਗੇ ਪੱਕੇ ਮੋਰਚੇ ਵਿੱਚ ਪੂਰੀ ਤਰ੍ਹਾਂ ਡਟੀ ਰਹੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune