ਟੌਲ ਪਲਾਜ਼ਿਆਂ ਉੱਤੇ ਧਰਨਿਆਂ ’ਚ ਕਿਸਾਨਾਂ ਦਾ ਜੋਸ਼ ਬਰਕਰਾਰ

February 17 2021

ਖੇਤੀ ਕਾਨੂੰਨਾ ਖਿਲਾਫ਼ ਇਥੇ ਧਰੇੜੀ ਜੱਟਾਂ ਟੌਲ ਪਲਾਜ਼ੇ ’ਤੇ ਜਾਰੀ ਧਰਨੇ ਦੌਰਾਨ ਕਿਸਾਨਾਂ ਦੇ ਮਸੀਹਾ ਸਰ ਛੋਟੂ ਰਾਮ ਜੀ ਦਾ ਜਨਮ ਦਿਨ ਮਨਾਉਂਦਿਆਂ ਕਿਸਾਨ ਆਗੂਆਂ ਨੇ ਉਨ੍ਹਾਂ ਦੀ ਕਿਰਸਾਨੀ ਪ੍ਰਤੀ ਸਮਰਪਣ ਭਾਵਨਾ ਸਮੇਤ ਕਿਰਸਾਨੀ ਨੂੰ ਦੇਣ ਬਾਰੇ ਚਾਨਣਾ ਪਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਗਾਇਕ ਪੰਮੀ ਬਾਈ ਦਾ ਕਹਿਣਾ ਸੀ ਕਿ ਗੁਲਾਮੀ ਦੌਰਾਨ ਤਾਂ ਸਾਡੇ ਪੁਰਖਿਆਂ ਨੇ ਮਾਰਾਂ ਝੱਲੀਆਂ ਹੀ, ਪਰ ਦੇਸ਼ ਦੀ ਵਰਤਮਾਨ ਹਕੂਮਤ ਦੀਆਂ ਨੀਤੀਆਂ ਵਿਚੋਂ ਝਲਕਾਰਾ ਅੱਜ ਵੀ ਬੀਤੇ ਵੇਲ਼ਿਆਂ ਵਾਲਾ ਹੀ ਪੈ ਰਿਹਾ ਹੈ। ਆਪਣੇ ਸੰਬੋਧਨ ’ਚ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਪ੍ਰੋ ਬਾਵਾ ਸਿੰਘ, ਗੁਰਮੀਤ ਸਿੰਘ ਦਿੱਤੂਪੁਰ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਆਗੂ ਮਨਿੰਦਰ ਤਰਖਾਣਮਾਜਰਾ, ਤਰਕਸ਼ੀਲ ਸੁਸਾਇਟੀ ਦੇ ਆਗੂ ਡਾ ਰਾਮ ਕੁਮਾਰ, ਜਮਹੂਰੀ ਅਧਿਕਾਰ ਸਭਾ ਦੇ ਤਰਸੇਮ ਗੋਇਲ, ਹਰਦੇਵ ਕੌਰ ਦੌਣਕਲਾਂ, ਜਮਹੂਰੀ ਕਿਸਾਨ ਸਭਾ ਦੇ ਰਾਮ ਕਿ੍ਰਸ਼ਨ, ਕਿਰਤੀ ਕਿਸਾਨ ਯੂਨੀਅਨ ਦੇ ਦਵਿੰਦਰ ਪੂਨੀਆ ਆਦਿ ਨੇ ਸੰਬੋਧਨ ਕੀਤਾ।

ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਦੇ ਟੋਲ ਪਲਾਜ਼ਾ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਾਮ ਸਿੰਘ ਕੱਕੜਵਾਲ, ਦਰਸ਼ਨ ਸਿੰਘ ਕਿਲ੍ਹਾ ਹਕੀਮਾਂ ਦੀ ਅਗਵਾਈ ਵਿੱਚ ਲੱਗਾ ਕਿਸਾਨੀ ਧਰਨਾ ਅੱਜ 139 ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਇਹ ਕਿਸਾਨੀ ਅੰਦੋਲਨ ਕਿਸੇ ਇੱਕ ਜਾਤੀ ਦਾ ਅੰਦੋਲਨ ਨਹੀਂ ਸਾਰੇ ਜਾਤਾਂ ਦੇ ਸਮੂਹ ਦੇਸ਼ ਦੇ ਕਿਸਾਨਾਂ ਦਾ ਸਾਝਾ ਅੰਦੋਲਨ ਹੈ। ਉਨ੍ਹਾਂ ਕਿਹਾ ਕਿ 18 ਫਰਵਰੀ ਨੂੰ ਰੇਲਾ ਰੋਕਣ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਤੇ ਇਹ ਪ੍ਰੋਗਰਾਮ ਸ਼ਾਂਤ ਮਈ ਤਰੀਕੇ ਨਾਲ ਕੀਤਾ ਜਾਵੇਗਾ।ਮੌਕੇ ਉੱਪਰ ਲੱਡਾ, ਗਮਦੂਰ ਸਿੰਘ ਲੱਡਾ,ਹਮੀਰ ਸਿੰਘ ਬੇਨੜਾ, ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਹਮੀਰ ਸਿੰਘ ਬੇਨੜਾ, ਹਰਪਾਲ ਸਿੰਘ ਪੇਧਨੀ, ਬਲਵਿੰਦਰ ਸਿੰਘ ਪੇਧਨੀ, ਮਨਜੀਤ ਸਿੰਘ ਜਹਾਂਗੀਰ ਵੀ ਹਾਜ਼ਰ ਸਨ।

ਟੌਲ ਪਲਾਜ਼ਾ ਮਾਹੋਰਾਣਾ ’ਤੇ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ 130 ਵੇਂ ਦਿਨ ਕਿਸਾਨ ਆਗੂ ਨਰਿੰਦਰਜੀਤ ਸਿੰਘ ਸਲਾਰ, ਜਗਦੇਵ ਸਿੰਘ ਜੱਗੀ ਚੌਂਦਾ, ਨੇਤਰ ਸਿੰਘ ਬਾਠਾਂ, ਲਾਲ ਸਿੰਘ ਤੋਲੇਵਾਲ, ਸੁਖਦੇਵ ਸਿੰਘ ਸਲਾਰ, ਕਰਮਜੀਤ ਸਿੰਘ ਬਨਭੌਰਾ ਆਦਿ ਨੇ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ਼ ਲੱਗੇ ਪੱਕੇ ਮੋਰਚੇ ਵਿੱਚ ਹਰ ਰੋਜ਼ ਸੈਂਕੜੇ ਕਿਸਾਨਾਂ ਦੀ ਸ਼ਮੂਲੀਅਤ ਇਹ ਹਾਮੀ ਭਰਦੀ ਹੈ ਕਿ ਅਸੀ ਕਾਲੇ ਕਾਨੂੰਨ ਰੱਦ ਕਰਵਾਉਣ ਵਿੱਚ ਕਾਮਯਾਬ ਹੋਵਾਂਗੇ। ਆਗੂਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ 18 ਫਰਵਰੀ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਮਾਲੇਰਕੋਟਲਾ ਰੇਲਵੇ ਸਟੇਸ਼ਨ ’ਤੇ ਦਿੱਤੇ ਜਾ ਰਹੇ ਧਰਨੇ ਲਈ ਇਥੋਂ ਨੇਤਰ ਸਿੰਘ ਬਾਠਾਂ ਦੀ ਅਗਵਾਈ ਹੇਠ ਵੱਡਾ ਜੱਥਾ ਰਵਾਨਾ ਹੋਵੇਗਾ।

ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲੱਗਦੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਧਰਨਾ 139ਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ’ਚ ਔਰਤਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਸ ਮੌਕੇ ਸੂਬਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ,ਰਾਮ ਸਿੰਘ ਢੀਂਡਸਾ ਕਾਰਜਕਾਰੀ ਪ੍ਰਧਾਨ, ਸੂਬਾ ਸਿੰਘ ਸੰਗਤਪੁਰਾ ਬਲਾਕ ਮੀਤ ਪ੍ਰਧਾਨ, ਹਰਜਿੰਦਰ ਸਿੰਘ ਨੰਗਲਾ, ਜਸ਼ਨਪ੍ਰੀਤ ਕੌਰ ਪਿਸ਼ੌਰ, ਅਮਰਜੀਤ ਕੌਰ, ਜਗਸੀਰ ਸਿੰਘ ਖੰਡੇਬਾਦ, ਲੀਲਾ ਸਿੰਘ ਚੋਟੀਆਂ, ਮੱਖਣ ਸਿੰਘ ਪਾਪੜਾ,ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਰਿੰਕੂ ਮੂਣਕ, ਜਗਦੀਪ ਸਿੰਘ ਲਹਿਲ ਖੁਰਦ ਆਦਿ ਨੇ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ਼ ਲੱਗੇ ਪੱਕੇ ਮੋਰਚੇ ਵਿਚ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਬਰਨਾਲਾ ਵਿੱਚ ਕਿਸਾਨ ਮਜ਼ਦੂਰ ਏਕਤਾ ਦੀ ਮਹਾਂ ਰੈਲੀ ਵਿੱਚ ਬਲਾਕ ਲਹਿਰਾਗਾਗਾ ਵੱਲੋਂ 20ਹਜ਼ਾਰ ਤੋਂ ਵੱਧ ਲੋਕ ਸ਼ਮੂਲੀਅਤ ਕਰਨਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune