ਜੈਵਿਕ ਖੇਤੀ ਦੇ ਨਾਲ-ਨਾਲ ਵਾਤਾਵਰਣ ਨੂੰ ਸਾਫ ਰੱਖਣ ਚ ਵੀ ਆਪਣਾ ਯੋਗਦਾਨ ਪਾ ਰਿਹੈ ਇਹ ਕਿਸਾਨ

November 13 2020

ਅੱਜ ਕੱਲ੍ਹ ਕਈ ਕਿਸਾਨ ਆਪਣੀ ਫਸਲ ਦਾ ਧਿਆਨ ਰੱਖਣ ਦੇ ਨਾਲ-ਨਾਲ ਆਪਣੇ ਵਾਤਾਵਰਣ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਉਂਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਕਿਸਾਨ ਪਿੰਡ ਭਲਵਾਨ ਬਲਾਕ ਧੂਰੀ ਦਾ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਜਿੱਥੇ ਕੁਦਰਤੀ ਖੇਤੀ ਕਰ ਕੇ ਸ਼ੁੱਧ ਅਨਾਜ ਪੈਦਾ ਕਰ ਰਿਹਾ ਹੈ, ਇਸ ਦੇ ਨਾਲ ਹੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ।ਕਰਮਜੀਤ ਨੇ ਦੱਸਿਆ ਕਿ ਉਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਖੇਤੀਬਾੜੀ ਚ ਗ੍ਰੈਜੂਏਟ ਦੀ ਡਿਗਰੀ ਹਾਸਲ ਕੀਤੀ ਹੋਈ ਹੈ ਪਰ ਨੌਕਰੀ ਕਰਨ ਦੀ ਬਜਾਏ ਉਸ ਨੇ ਕੁਦਰਤੀ ਅਤੇ ਜੈਵਿਕ ਖੇਤੀ ਕਰਨ ਨੂੰ ਤਰਜੀਹ ਦਿੱਤੀ। ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਜੈਵਿਕ ਖ਼ੇਤੀ ਕਰ ਰਿਹਾ ਹੈ ਜਿਸ ਚ ਕਣਕ, ਝੋਨਾ, ਸਰੋਂ, ਛੋਲੇ, ਮਸਰ, ਮਟਰ, ਮੂੰਗ ਤੇ ਗੰਨਾ ਆਦਿ ਫਸਲਾਂ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਵੀ ਕਰਦਾ ਹੈ ਅਤੇ ਇਨ੍ਹਾਂ ਫ਼ਸਲਾਂ ਤੇ ਸਬਜ਼ੀਆਂ ਦਾ ਮੰਡੀਕਰਨ ਨੈਚੂਰਲ ਫਾਰਮਿੰਗ ਗਰੋਅਰ ਗਰੁੱਪ, ਭਲਵਾਨ ਰਾਹੀਂ ਕਰ ਰਿਹਾ ਹੈ। ਇਸ ਗਰੁੱਪ ਵਲੋਂ ਤਿਆਰ ਕੀਤੇ ਜੈਵਿਕ ਉਤਪਾਦਾਂ ਦੀ ਪੈਕਿੰਗ ਕਰਕੇ ਲੋਕਾਂ ਨੂੰ ਵਿਕਰੀ ਕੀਤਾ ਜਾ ਰਿਹਾ ਹੈ। ਜੈਵਿਕ ਖੇਤੀ ਦੇ ਨਾਲ ਕਿਸਾਨ ਵਲੋਂ ਪਿਛਲੇ 13 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾਂ ਹੀ ਕਣਕ/ਝੋਨਾ ਅਤੇ ਹੋਰ ਫਸਲਾਂ ਦੀ ਬੀਜਾਈ ਕੀਤੀ ਜਾਂਦੀ ਹੈ।ਇਸ ਸਾਲ ਵੀ ਕਿਸਾਨ ਵਲੋਂ ਝੋਨੇ ਦੀ ਪਰਾਲੀ ਦੀਆਂ ਗੱਠਾ ਬਣਾ ਕੇ ਪਰਾਲੀ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰਪਾਲ ਸਿਘ ਗਰੇਵਾਲ ਨੇ ਦੱਸਿਆ ਕਿ ਇਹ ਅਗਾਂਹਵਧੂ ਕਿਸਾਨ ਜਿਥੇ ਇੱਕ ਪਾਸੇ ਵਾਤਾਵਰਣ ਦੀ ਸਾਂਭ-ਸੰਭਾਲ ਚ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਕਿਸਾਨਾਂ ਨੂੰ ਆਪਣੇ ਉਤਪਾਦਾਂ ਦੇ ਸਵੈ-ਮੰਡੀਕਰਨ ਬਾਰੇ ਜਾਗਰੂਕ ਕਰ ਰਿਹਾ ਹੈ।ਮੁੱਖ ਖ਼ੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਕਿਸਾਨ ਵਿਭਾਗ ਵਲੋਂ ਲਾਏ ਜਾਂਦੇ ਕਿਸਾਨ ਸਿਖਲਾਈ ਕੈਂਪਾਂ ਚ ਹੋਰ ਕਿਸਾਨਾਂ ਨਾਲ ਆਪਣੇ ਜੈਵਿਕ ਖੇਤੀ ਦੇ ਤਜਰਬੇ ਸਾਂਝੇ ਕਰਦਾ ਹੈ ਅਤੇ ਵਿਭਾਗ ਵਲੋਂ ਸਮੇਂ-ਸਮੇਂ ਤੇ ਵੱਖ-ਵੱਖ ਮੰਚਾਂ ਤੇ ਇਸ ਕਾਰਜ ਲਈ ਸਨਮਾਨ ਵੀ ਕੀਤਾ ਗਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman