ਛੇ ਦਿਨਾਂ ਤੋਂ ਬਿਜਲੀ ਬੰਦ, ਮਹਿੰਗਾ ਡੀਜ਼ਲ ਫੂਕ ਪਾਲ ਰਹੇ ਝੋਨਾ

July 08 2021

ਪੰਜਾਬ ਸਰਕਾਰ ਦਾਅਵਾ ਤਾਂ ਕਰ ਰਹੀ ਹੈ ਕਿ ਕਿਸਾਨਾਂ ਨੂੰ ਖੇਤੀ ਲਈ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਪਰ ਇਹ ਦਾਅਵਾ ਕੀਤੇ ਨਾ ਕਿਤੇ ਝੂਠਾ ਸਾਬਤ ਹੁੰਦਾ ਦਿਖ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਪੈਂਦੇ ਪਿੰਡ ਸ਼ਾਮਪੁਰਾ ਵਿੱਚ ਪਿਛਲੇ ਕਰੀਬ 6 ਦਿਨਾਂ ਤੋਂ ਖੇਤਾਂ ਵਿੱਚ ਬਿਜਲੀ ਨਹੀਂ ਆ ਰਹੀ। ਇਸ ਕਰਕੇ ਖੇਤੀ ਕਰਨ ਵਿੱਚ ਪ੍ਰੇਸ਼ਾਨੀ ਚੁੱਕਣੀ ਪੈ ਰਹੀ ਹੈ।

ਕੁਝ ਕਿਸਾਨਾਂ ਕੋਲ ਤਾਂ ਆਪਣੇ ਜਨਰੇਟਰ ਹਨ, ਪਰ ਕੁਝ ਕਿਸਾਨ ਕਿਰਾਏ ਤੇ ਜਨਰੇਟਰ ਲਿਆ ਕੇ ਖੇਤੀ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡੀਜ਼ਲ ਇੰਨਾ ਮਹਿੰਗਾ ਹੋ ਚੁੱਕਾ ਹੈ ਕਿ ਖੇਤੀ ਕਰਨੀ ਔਖੀ ਹੋ ਗਈ ਹੈ। ਇਸ ਤੋਂ ਅਲਾਵਾ ਉਨ੍ਹਾਂ ਦੇ ਪਿੰਡ ਵਿੱਚ ਘਰਾਂ ਦੀ ਬਿਜਲੀ ਵੀ ਸਹੀ ਢੰਗ ਨਾਲ ਨਹੀਂ ਆ ਰਹੀ। ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ, ਜਿਸ ਕਰਕੇ ਖੇਤ ਤੇ ਘਰ ਵਿੱਚ ਜਨਰੇਟਰ ਚਲਾਉਣਾ ਪੈ ਰਿਹਾ ਹੈ। ਬਿਜਲੀ ਨਾ ਮਿਲਣ ਕਰਕੇ ਫਸਲ ਦਾ ਵੀ ਨੁਕਸਾਨ ਹੋ ਰਿਹਾ ਹੈ।  

ਗੁਰਦਾਸਪੁਰ ਦੇ ਪਿੰਡ ਸ਼ਾਮਪੁਰਾ ਦੇ ਕਿਸਾਨ ਰੁਪਿੰਦਰ ਸਿੰਘ ਸ਼ਾਮਪੁਰਾ, ਹਰਵਿੰਦਰ ਸਿੰਘ, ਸਤਵਿੰਦਰ ਸਿੰਘ ਤੇ ਸੁਰਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਪਿਛਲੇ ਕਰੀਬ 6 ਦਿਨਾਂ ਤੋਂ ਬਿਜਲੀ ਨਹੀਂ ਆਏ ਰਹੀ, ਜਿਸ ਨਾਲ ਖੇਤਾਂ ਵਿੱਚ ਕੰਮ ਵੀ ਨਹੀਂ ਹੋ ਰਿਹਾ ਹੈ। ਬਿਜਲੀ ਨਾ ਆਉਣ ਨਾਲ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਕਿਸਾਨ ਗਰੀਬ ਹਨ ਤੇ ਉਨ੍ਹਾਂ ਕੋਲ ਜਨਰੇਟਰ ਵੀ ਨਹੀਂ, ਜਿਸ ਕਰਕੇ ਉਨ੍ਹਾਂ ਨੂੰ ਜਨਰੇਟਰ ਕਿਰਾਏ ਤੇ ਲਿਆਉਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਅੱਜ ਦੇ ਸਮੇਂ ਵਿੱਚ ਜਨਰੇਟਰ ਦੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਕਰੀਬ 100 ਰੁਪਏ ਲੀਟਰ ਡੀਜ਼ਲ ਹੋ ਗਿਆ ਹੈ ਤੇ ਡੀਜ਼ਲ ਵੀ ਕਿਸਾਨਾਂ ਨੂੰ ਵਾਰਾ ਨਹੀਂ ਖਾਂਦਾ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਉਹ ਹਜਾਰਾਂ ਰੁਪਏ ਦਾ ਡੀਜ਼ਲ ਫੂਕ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਹਿ ਤਾਂ ਰਹੀ ਹੈ ਕਿ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਪਰ ਇਹ ਗੱਲ ਸਿਰਫ ਕਾਗਜਾਂ ਵਿੱਚ ਹੀ ਹੈ, ਹਕੀਕਤ ਵਿੱਚ ਨਹੀਂ।

ਉਨ੍ਹਾਂ ਕਿਹਾ ਕਿ ਛੇ ਦਿਨ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਿਜਲੀ ਸਿਰਫ 3 ਤੋਂ 4 ਘੰਟੇ ਹੀ ਆਉਂਦੀ ਸੀ। ਉਸ ਵਿੱਚ ਵੀ ਬਿਜਲੀ ਦੇ ਕੱਟ ਲੱਗ ਜਾਂਦੇ ਸੀ। ਕਿਸਾਨਾਂ ਨੇ ਕਿਹਾ ਕਿ ਬਿਜਲੀ ਨਹੀਂ ਆਉਣ ਕਰਕੇ ਪਾਣੀ ਨਹੀਂ ਮਿਲ ਰਿਹਾ, ਜਿਸ ਕਰਕੇ ਫਸਲ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਹਨ ਕਿ ਸਾਡੇ ਕੋਲ ਕਰਮਚਾਰੀ ਘੱਟ ਹਨ, ਜਿਸ ਕਰਕੇ ਪ੍ਰੇਸ਼ਾਨੀ ਆ ਰਹੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live