ਚੌਥੇ ਗੇੜ ਦੀ ਗੱਲਬਾਤ ਬੇਸਿੱਟਾ ਹੋਣ ਮਗਰੋਂ ਕਿਸਾਨਾਂ ਦਾ ਰੋਹ ਵਧਿਆ

December 05 2020

ਤਿੰਨ ਖੇਤੀ ਕਾਨੂੰਨਾਂ ਨੂੰ ਮਨਸੂਖ ਕਰਵਾਉਣ ਲਈ ਸੰਘਰਸ਼ ਦੇ ਰਾਹ ਪਏ ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਚੌਥੇ ਗੇੜ ਦੀ ਗੱਲਬਾਤ ਇਕ ਵਾਰ ਫਿਰ ਕਿਸੇ ਤਣ-ਪੱਤਣ ਨਾ ਲੱਗਣ ਤੋਂ ਬਾਅਦ ਮਾਲਵਾ ਖੇਤਰ ਦੇ ਕਿਸਾਨਾਂ ਦਾ ਗੁੱਸਾ ਮੋਦੀ ਸਰਕਾਰ ਖਿਲਾਫ਼ ਲਾਵਾ ਬਣ ਉੱਠਿਆ ਹੈ। ਇਸ ਖੇਤਰ ਵਿੱਚ ਲੱਗੇ ਧਰਨਿਆਂ ਦੀ ਸੁਰ ਭਾਜਪਾ ਹਕੂਮਤ ਵਿਰੁੱਧ ਸਾਰਾ ਦਿਨ ਰਹੱਸਮਈ ਰਹੀ ਅਤੇ ਕਿਸਾਨਾਂ ਨੇ ਦਿੱਲੀ ਧਰਨੇ ਵਿੱਚ ਗਏ ਆਗੂਆਂ ਨੂੰ ਹੌਸਲਾ ਦਿੰਦੀਆਂ ਕਿਹਾ ਕਿ ਦਿੱਲੀ ਜਿੱਤਣ ਲਈ ਲਗਾਤਾਰ ਮਾਲਵਾ ਖੇਤਰ ’ਚੋਂ ਕਿਸਾਨਾਂ ਦੇ ਜਥੇ ਆਉਂਦੇ ਰਹਿਣਗੇ, ਜਦੋਂ ਕਿ ਇਨਸਾਫ ਹਾਸਲ ਹੋਣ ਤੋਂ ਬਾਅਦ ਹੀ ਵਾਪਸ ਜਾਣਗੇ।

ਮਾਨਸਾ ਵਿੱਚ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਸੂਬਾਈ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਅਜੇ ਅੰਦੋਲਨ ਚੱਲ ਰਿਹਾ ਸੀ ਕਿ ਕੇਂਦਰ ਸਰਕਾਰ ਵੱਲੋਂ ਪਰਾਲੀ ਸਮੇਟਣ ਲਈ ਕੋਈ ਵੀ ਮਾਲੀ ਮਦਦ ਕਰਨ ਦੀ ਬਜਾਏ ਸਗੋਂ ਪਰਾਲੀ ਸਾੜਨ ਉੱਪਰ 1 ਕਰੋੜ ਰੁਪਏ ਜੁਰਮਾਨਾ ਤੇ ਪੰਜ ਸਾਲ ਦੀ ਸਜ਼ਾ ਦਾ ਫੁਰਮਾਨ ਜਾਰੀ ਕਰ ਦਿੱਤਾ, ਜਿਸ ਨੂੰ ਮਜਬੂਰ ਹੋਏ ਕਿਸਾਨ ਕਦੇ ਬਰਦਾਸ਼ਤ ਨਹੀਂ ਕਰਨਗੇ। ਜ਼ਿਲ੍ਹਾ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲਿਆ ਨੇ ਕਿਹਾ ਕਿ ਕਿਸਾਨੀ ਨਾਲ ਨਹੁੰ ਮਾਸ ਦਾ ਰਿਸ਼ਤਾ ਰੱਖਣ ਵਾਲਾ ਆੜ੍ਹਤੀਆ ਵਰਗ ਇਸ ਵਾਰ ਆਰ ਪਾਰ ਦੀ ਲੜਾਈ ਵਿੱਚ ਮੋਢੇ ਨਾਲ ਮੋਢਾ ਲਾ ਕੇ ਅੰਦੋਲਨ ਜਿੱਤਣ ਤੱਕ ਕਿਸਾਨਾਂ ਦਾ ਸਾਥ ਦੇਵੇਗਾ। ਇਸ ਮੌਕੇ ਰਾਜਵਿੰਦਰ ਸਿੰਘ ਰਾਣਾ ਰਾਜਵਿੰਦਰ ਰਾਣਾ, ਸੋਮ ਦੱਤ ਸ਼ਰਮਾ, ਜਮਹੂਰੀ ਮਾ.ਛੱਜੂ ਰਾਮ ਰਿਸ਼ੀ, ਨਰਿੰਦਰ ਕੌਰ, ਰਤਨ ਭੋਲਾ, ਗੁਰਜੰਟ ਸਿੰਘ ਮਾਨਸਾ, ਲੱਖਾ ਸਿੰਘ ਸਹਾਰਨਾ, ਹੰਸ ਰਾਜ ਮੋਫਰ, ਹਰਬੰਸ ਕੌਰ ਭੈਣੀਬਾਘਾ, ਮੱਖਣ ਸਿੰਘ ਉੱਡਤ, ਕ੍ਰਿਸ਼ਨਾ ਕੌਰ ਨੇ ਵੀ ਸੰਬੋਧਨ ਕੀਤਾ।

ਦਿੱਲੀ ਦੀਆਂ ਬਰੂਹਾਂ ਉਪਰ ਗੂੰਜਦੇ ਨਾਅਰਿਆਂ ਨੇ ਹਿਲਾਈਆਂ ਹਾਕਮਾਂ ਦੀਆਂ ਰੂਹਾਂ

ਦਿੱਲੀ ਦੀਆਂ ਬਰੂਹਾਂ ਉਪਰ ਗੂੰਜਦੇ ਨਾਅਰਿਆਂ ਨੇ ਹੁਣ ਹਾਕਮਾਂ ਦੀਆਂ ਰੂਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਕਿਸਾਨਾਂ ਤੋਂ ਇਲਾਵਾ ਹੋਰਨਾਂ ਹਮਾਇਤੀਆਂ ਦੀ ਅਵਾਜ਼ ਤੋਂ ਤਾਂ ਹੁਣ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਬਾਜ਼ੀ ਨੂੰ ਉਹ ਹੁਣ ਜਿੱਤ ਕੇ ਵਾਪਸ ਘਰਾਂ ਨੂੰ ਪਰਤਣਗੇ। ਜ਼ਮੀਨਾਂ ਬਣਾਉਣ ਲਈ ਬਚਪਨ ਤੋਂ ਲੈਕੇ ਬੁਢਾਪੇ ਤੱਕ ਮਿੱਟੀ ਨਾਲ ਮਿੱਟੀ ਹੋਣ ਵਾਲੇ ਬਜ਼ੁਰਗਾਂ ਅਤੇ ਬੀਬੀਆਂ ਨੇ ਰੋਹ ਭਰੇ ਸ਼ਬਦਾਂ ਵਿਚ ਆਖਿਆ ਕਿ ਭਾਰੀ ਮੁਸ਼ੱਕਤਾਂ ਨਾਲ ਬਣਾਈਆਂ ਜ਼ਮੀਨਾਂ ਨੂੰ ਬਚਾਉਣ ਲਈ ਭਲਾ ਕਿਵੇਂ ਨਾ ਹੁਣ ਉਹ ਸੰਘਰਸ਼ ਵਿਚ ਨਿੱਤਰਨ। ਡੰਗੋਰੀ ਲਈ ਫਿਰਦੇ ਬਾਪੂ ਦਰਸ਼ਨ ਸਿੰਘ ਨੇ ਕਿਹਾ ਕਿ ਜੰਗਾਂ ਨੂੰ ਜਿੱਤ ਦੇ ਮੁਕਾਮ ਤੱਕ ਲਿਜਾਣ ਦਾ ਸਿਹਰਾ ਹਮੇਸ਼ਾ ਪੰਜਾਬੀਆਂ ਸਿਰ ਬੱਝਦਾ ਆ ਰਿਹਾ ਹੈ ਅਤੇ ਜੇਕਰ ਹੁਣ ਆਪਣੇ ਹੱਕਾਂ ਲਈ ਦਿੱਲੀ ਖਿਲਾਫ਼ ਲੜੀ ਜਾ ਰਹੀ ਜੰਗ ਵਿਚ ਹੋਰਨਾਂ ਸੂਬਿਆਂ ਦੇ ਕਿਸਾਨਾਂ ਅਤੇ ਹਿਤੈਸ਼ੀ ਜਥੇਬੰਦੀਆਂ ਦਾ ਹਿੱਕ ਠੋਕਵਾਂ ਸਾਥ ਮਿਲ ਰਿਹਾ ਹੈ ਤਾਂ ਫਿਰ ਹੈ ਕੋਈ ਮਾਈ ਦਾ ਲਾਲ ਜੋ ਇਸ ਜੰਗ ਵਿਚ ਅੜਿੱਕਾ ਬਣਨ ਦੀ ਜੁਰੱਅਤ ਕਰ ਸਕੇ। ਮੰਜੇ ਉਪਰ ਪਏ ਕਿਸਾਨਾਂ ਅੰਦਰ ਵੀ ਹੁਣ ਅਜਿਹਾ ਰੋਹ ਪ੍ਰਚੰਡ ਹੋ ਗਿਆ ਹੈ ਕਿ ਗੁਰਦੁਆਰੇ ਵਿਚੋਂ ਦਿੱਲੀ ਜਾਣ ਲਈ ਆਉਂਦੀ ਪਹਿਲੀ ਅਵਾਜ਼ ਸੁਣਦਿਆਂ ਬਿਮਾਰੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਬਿਮਾਰ ਬਜ਼ੁਰਗ ਵੀ ਦਿੱਲੀ ਲਈ ਜਾਣ ਵਾਲੀ ਟਰਾਲੀ ਦੇ ਨੇੜੇ ਆ ਢੁਕਦੇ ਹਨ। ਮੋਦੀ ਸਰਕਾਰ ਜੋ ਪਹਿਲਾਂ ਕਿਸਾਨੀ ਸੰਘਰਸ਼ ਨੂੰ ਮੱਠਾ ਪਾਉਣ ਲਈ ਵਾਰ ਵਾਰ ਤਰਕੀਬਾਂ ਘੜਦੀ ਦਿਖ ਰਹੀ ਸੀ, ਸ਼ਾਇਦ ਹੁਣ ਉਸ ਨੂੰ ਵੀ ਸਮਝ ਆ ਗਈ ਹੈ ਕਿ ਕਿਸਾਨਾਂ ਦੇ ਦਿਨ ਬ ਦਿਨ ਭਖਦੇ ਸੰਘਰਸ਼ ਮੂਹਰੇ ਕਿਸੇ ਵੀ ਤਰਕੀਬ ਦੀ ਪੇਸ਼ ਨਹੀਂ ਚੱਲਣੀ, ਇਹੀ ਕਾਰਣ ਹੈ ਕਿ ਕੇਂਦਰ ਦੀ ਸਰਕਾਰ ਵੀ ਹੁਣ ਆਪਣੇ ਰਵੱਈਏ ਵਿਚ ਨਰਮੀ ਲਿਆਉਂਦੀ ਦਿਖਾਈ ਦੇ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune