ਗੱਲਬਾਤ ਲਈ ਤਿਆਰ, ਪਰ ਸਰਕਾਰ ਕੋਈ ‘ਠੋਸ ਹੱਲ’ ਰੱਖੇ

December 22 2020

ਖੇਤੀ ਮੰਤਰਾਲੇ ’ਚ ਜੁਆਇੰਟ ਸਕੱਤਰ ਵੱਲੋੋਂ ਅਗਲੇ ਗੇੜ ਦੀ ਗੱਲਬਾਤ ਲਈ ਤਰੀਕ ਤੇ ਸਮਾਂ ਨਿਰਧਾਰਿਤ ਕਰਨ ਲਈ ਭੇਜੇ ਪੱਤਰ ਤੋਂ ਇਕ ਦਿਨ ਮਗਰੋਂ ਕਿਸਾਨ ਆਗੂਆਂ ਨੇ ਅੱਜ ਕਿਹਾ ਕਿ ਉਹ ਗੱਲਬਾਤ ਲਈ ਹਮੇਸ਼ਾ ਤਿਆਰ ਹਨ ਬਸ਼ਰਤੇ ਸਰਕਾਰ ਕਿਸੇ ‘ਠੋੋਸ ਹੱਲ’ ਦੀ ਪੇਸ਼ਕਸ਼ ਕਰੇ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਸ ਸੱਜਰੇ ਪੱਤਰ ਵਿੱਚ ਕੁਝ ਵੀ ਨਵਾਂ ਨਹੀਂ ਹੈ ਤੇ ਪੁਰਾਣੀਆਂ ਗੱਲਾਂ ਨੂੰ ਹੀ ਦੁਹਰਾਇਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੇ ਪੱਤਰ ਵਿੱਚ ਨਵੇਂ ਖੇਤੀ ਕਾਨੂੰਨਾਂ ’ਚ ਸੋਧ ਦੀ ਆਪਣੀ ਪਹਿਲੀ ਤਜਵੀਜ਼ ਬਾਰੇ ਗੱਲਬਾਤ ਕਰਨ ਦੀ ਹੀ ਗੱਲ ਆਖੀ ਹੈ। ਟਿਕੈਤ ਨੇ ਕਿਹਾ, ‘ਅਸੀਂ ਇਸ ਮੁੱਦੇ (ਸਰਕਾਰੀ ਤਜਵੀਜ਼) ’ਤੇ ਉਨ੍ਹਾਂ ਨਾਲ ਪਹਿਲਾਂ ਵੀ ਗੱਲਬਾਤ ਨਹੀਂ ਕੀਤੀ ਸੀ। ਅਸੀਂ ਹਾਲ ਦੀ ਘੜੀ ਇਸ ਗੱਲ ’ਤੇ ਵਿਚਾਰ ਕਰ ਰਹੇ ਹਾਂ ਕਿ ਸਰਕਾਰ ਨੂੰ ਕੀ ਜਵਾਬ ਦੇਣਾ ਹੈ।’

ਸਰਕਾਰ ਤੇ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦਰਮਿਆਨ 6ਵੇਂ ਗੇੜ ਦੀ ਗੱਲਬਾਤ 9 ਦਸੰਬਰ ਨੂੰ ਰੱਦ ਹੋ ਗਈ ਸੀ। ਖੇਤੀ ਮੰਤਰਾਲੇ ’ਚ ਜੁਆਇੰਟ ਸਕੱਤਰ ਵਿਵੇਕ ਅਗਰਵਾਲ ਨੇ 40 ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਲਿਖੇ ਪੱਤਰ ਵਿੱਚ ਖੇਤੀ ਕਾਨੂੰਨਾਂ ਵਿੱਚ ਸੋਧ ਦੀ ਸਰਕਾਰ ਦੀ ਤਜਵੀਜ਼ ਬਾਰੇ ਆਪਣੇ ਤੌਖਲੇ ਦੱਸਣ ਅਤੇ ਅਗਲੇ ਗੇੜ ਦੀ ਗੱਲਬਾਤ ਲਈ ਕੋਈ ਤਰੀਕ ਨਿਰਧਾਰਿਤ ਕਰਨ ਲਈ ਕਿਹਾ ਸੀ ਤਾਂ ਜੋ ਅੰਦੋਲਨ ਛੇਤੀ ਖ਼ਤਮ ਹੋ ਸਕੇ। ਕਿਸਾਨ ਆਗੂ ਅਭਿਮੰਨਿਊ ਕੋਹਾਰ ਨੇ ਕਿਹਾ, ‘ਸਰਕਾਰ ਦੇ ਪੱਤਰ ’ਚ ਕੁਝ ਵੀ ਨਵਾਂ ਨਹੀਂ ਹੈ। ਅਸੀਂ ਨਵੇਂ ਖੇਤੀ ਕਾਨੂੰਨਾਂ ’ਚ ਸੋਧ ਦੀ ਸਰਕਾਰ ਦੀ ਤਜਵੀਜ਼ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਾਂ। ਕੀ ਸਰਕਾਰ ਨੂੰ ਸਾਡੀਆਂ ਮੰਗਾਂ ਬਾਰੇ ਨਹੀਂ ਪਤਾ? ਅਸੀਂ ਚਾਹੁੰਦੇ ਹਾਂ ਕਿ ਨਵੇਂ ਖੇਤੀ ਕਾਨੂੰਨਾਂ ’ਤੇ ਮੁਕੰਮਲ ਲੀਕ ਮਾਰੀ ਜਾਵੇ।’ ਦੋਆਬਾ ਕਿਸਾਨ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਰਾੜਾ ਨੇ ਕਿਹਾ ਕਿ ਕਿਸਾਨ ਗੱਲਬਾਤ ਲਈ ਹਮੇਸ਼ਾਂ ਤੋਂ ਤਿਆਰ ਹਨ, ਪਰ ਸਰਕਾਰ ਕੋਈ ਠੋਸ ਹੱਲ ਲੈ ਕੇ ਆਏ।’

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰਮੀਤ ਸਿੰਘ ਨੇ ਕਿਹਾ, ‘ਅਸੀਂ ਉਨ੍ਹਾਂ ਦੀਆਂ ਤਜਵੀਜ਼ਾਂ ਦਾ ਕਲਾਜ਼ ਦਰ ਕਲਾਜ਼ ਅਧਿਐਨ ਕੀਤਾ ਹੈ ਤੇ ਵਾਰ ਵਾਰ ਇਹ ਆਖ ਚੁੱਕੇ ਹਾਂ ਕਿ ਅਸੀਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਾਂ। ਭਲਕੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਸਰਕਾਰ ਦੇ ਪੱਤਰ ਦਾ ਜਵਾਬ ਕਦੋਂ ਤੇ ਕਿਵੇਂ ਦੇਣ ਬਾਰੇ ਫੈਸਲਾ ਹੋਵੇਗਾ। ਅਸੀਂ ਪੱਤਰ ਦੀ ਸਮੀਖਿਆ ਕਰਨ ਮਗਰੋਂ ਫੈਸਲਾ ਲਵਾਂਗੇ।’ ਅੰਬੇਦਕਰ ਸੰਘਰਸ਼ ਮੋਰਚਾ ਦੇ ਹਰਿਆਣਾ ਇਕਾਈ ਦੇ ਪ੍ਰਧਾਨ ਰਾਮ ਸਿੰਘ ਨੇ ਕਿਹਾ, ‘ਅਸੀਂ ਭਲਕੇ ਮੀਟਿੰਗ ਕਰਕੇ ਕੋਈ ਫੈਸਲਾ ਲਵਾਂਗੇ, ਪਰ ਸਾਡੀਆਂ ਮੰਗਾਂ ਉਹੀ ਰਹਿਣਗੀਆਂ।’

‘ਅਸੀਂ ਸਾਰਾ ਦਿਨ ਬੈਠੇ ਸਰਕਾਰ ਨੂੰ ਹੀ ਉਡੀਕਦੇ ਹਾਂ’

ਆਲ ਇੰਡੀਆ ਕਿਸਾਨ ਸਮਿਤੀ (ਪੰਜਾਬ) ਦੇ ਸਹਾਇਕ ਸਕੱਤਰ ਤੇ ਕਿਸਾਨ ਆਗੂ ਕਸ਼ਮੀਰ ਸਿੰਘ ਨੇ ਕਿਹਾ, ‘ਸਰਕਾਰ ਵੱਲੋਂ ਮੀਟਿੰਗ ਦੀ ਤਰੀਕ ਬਾਰੇ ਪੁੱਛਣ ਦੀ ਕੋਈ ਤੁੱਕ ਨਹੀਂ ਬਣਦੀ। ਅਸੀਂ ਇਥੇ ਸਾਰਾ ਦਿਨ ਬੈਠੇ ਸਰਕਾਰ ਦੀ ਹੀ ਉਡੀਕ ਕਰਦੇ ਹਾਂ ਕਿ ਉਹ ਸਾਡੀ ਗੱਲ ਸੁਣੇ। ਸਾਡਾ ਨਹੀਂ ਬਲਕਿ ਉਨ੍ਹਾਂ (ਸਰਕਾਰ) ਦਾ ਸ਼ਡਿਊਲ ਰੁਝੇਵਿਆਂ ਭਰਪੂਰ ਹੈ। ਉਹ ਸਾਨੂੰ ਤਰੀਕ ਦੇਣ ਜਾਂ ਫਿਰ ਸਾਡੇ ਟੈਂਟਾਂ ’ਚ ਆ ਜਾਣ, ਆ ਕੇ ਵੇਖਣ ਅਸੀਂ ਕਿਵੇਂ ਰਹਿ ਰਹੇ ਹਾਂ ਤੇ ਸਾਡੇ ਨਾਲ ਗੱਲਬਾਤ ਕਰਨ।’

ਕਿਸਾਨਾਂ ਵੱਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ

ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਕਿਸਾਨਾਂ ਨੇ ਕੜਾਕੇ ਦੀ ਠੰਢ ਦੇ ਬਾਵਜੂਦ ਅੱਜ ਤੋਂ ਦਿੱਲੀ ਦੇ ਹਰਿਆਣਾ ਤੇ ਉੱਤਰ ਪ੍ਰਦੇਸ਼ ਨਾਲ ਲਗਦੀਆਂ ਸਰਹੱਦਾਂ ’ਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਪਹਿਲੇ ਦਿਨ 11-11 ਕਿਸਾਨ ਵੱਖ ਵੱਖ ਮੋਰਚਿਆਂ ਵਿੱਚ ਭੁੱਖ ਹੜਤਾਲ ’ਤੇ ਬੈਠੇ ਤੇ ਭਲਕੇ 11 ਹੋਰ ਕਿਸਾਨ ਇਨ੍ਹਾਂ ਦੀ ਥਾਂ ਲੈਣਗੇ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨ ਆਗੂ ਖੇਤੀ ਕਾਨੂੰਨਾਂ ਦੇ ਸੋਹਲੇ ਗਾਉਣ ਵਾਲੇ ਕਿਸਾਨਾਂ ਨੂੰ ਮਿਲ ਕੇ ਇਹ ਪਤਾ ਲਾਉਣਗੇ ਕਿ ਕਿਵੇਂ ਇਹ ਕਾਨੂੰਨ ਲਾਹੇਵੰਦ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ ’ਤੇ ਕਾਇਮ ਹਜ਼ਾਰਾਂ ਕਿਸਾਨ ਪਿਛਲੇ ਚਾਰ ਹਫ਼ਤਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ। ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਲੰਘੇ ਦਿਨ ਭੁੱਖ ਹੜਤਾਲ ਦੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਵੀ ਭੁੱਖ ਹੜਤਾਲ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ।

ਭਾਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਜਨਰਲ ਸਕੱਤਰ ਬਲਵੰਤ ਸਿੰਘ ਬਹਿਰਾਮਕੇ ਵੱਲੋਂ ਅਰਦਾਸ ਕਰਕੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਵੱੱਖ-ਵੱਖ ਬੁਲਾਰਿਆਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਦੂਰਗਾਮੀਂ ਭਿਆਨਕ ਸਿੱਟਿਆਂ ਦੇ ਹਰ ਪੱਖ ਤੋਂ ਜਾਣੂ ਕਰਵਾਇਆ। ਖੇਤੀ ਮਾਹਿਰ ਤੇ ਉੱਘੇ ਅਰਥਸ਼ਾਸਤਰੀ ਦਵਿੰਦਰ ਕੁਮਾਰ ਸ਼ਰਮਾ ਨੇ ਖੇਤੀ ਖੇਤਰ ਦੇ ਕਈ ਪੱਖਾਂ ਨੂੰ ਅੰਕੜਿਆਂ ਨਾਲ ਸੌਖੀ ਭਾਸ਼ਾ ਵਿੱਚ ਸਮਝਾਉਂਦਿਆਂ ਦੱਸਿਆ ਕਿ ਦੇਸ਼ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਬਦ ਤੋਂ ਬਦਤਰ ਹੁੰਦੀ ਗਈ ਕਿਉਂਕਿ ਕੇਂਦਰ ਸਰਕਾਰ ਨੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਇਸ ਖੇਤਰ ਲਈ ਯੋਗ ਮੰਡੀਕਰਨ ਹੋਰ ਸੂਬਿਆਂ ਨੂੰ ਨਹੀਂ ਦਿੱਤਾ। ਨਿੱਜੀਕਰਨ ਦੀ ਹਨੇਰੀ ਨੇ ਬਹੁਤ ਖੇਤਰ ਤਬਾਹ ਕੀਤੇ। ਇਸ ਦੌਰਾਨ ਮੋਰਚੇ ਨੂੰ ਇੱਥੋਂ ਨਾ ਚੁੱਕਣ ਦਾ ਐਲਾਨ ਵੀ ਕੀਤਾ ਗਿਆ ਤੇ ਫੰਡਾਂ ਬਾਰੇ ਵੀ ਸਥਿਤੀ ਸਪਸ਼ਟ ਕੀਤੀ ਗਈ।

ਇਸ ਦੌਰਾਨ ਕਬੱਡੀ ਖਿਡਾਰੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸੁਰਜੀਤ ਸਿੰਘ ਫੂਲ ਤੇ ਰਾਜਦੀਪ ਸਿੰਘ ਦੀਪਵਾਲਾ ਨੂੰ ਫੋਨ ’ਤੇ ਧਮਕੀਆਂ ਦੇਣ ਦੀ ਨਿੰਦਾ ਕਰਦਿਆਂ ਚੇਤਾਵਨੀ ਦਿੱਤੀ ਕਿ ਅਜਿਹੇ ਅਨਸਰ ਬਾਜ ਆਉਣ। ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਦੇ ਆਗੂਆਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ। ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ 7 ਤਨਖ਼ਾਹ ਕਮਿਸ਼ਨ ਆ ਚੁੱਕੇ ਹਨ ਤੇ ਮੁਲਾਜ਼ਮਾਂ ਤੋਂ ਲੈ ਕੇ ਸੰਸਦ ਮੈਂਬਰਾਂ ਤੱਕ ਦੀ ਤਨਖ਼ਾਹ ਕਈ ਗੁਣਾ ਵਧ ਗਈ ਹੈ, ਪਰ ਕਿਸਾਨਾਂ ਦੀ ਆਮਦਨੀ ਘਟਦੀ ਗਈ। ਬੁਲਾਰਿਆਂ ਨੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ। ਅਗਲੇ ਦਿਨਾਂ ਦੌਰਾਨ ਮੋਰਚੇ ਵੱਲੋਂ ਐਲਾਨੇ ਗਏ ਪ੍ਰੋਗਰਾਮਾਂ ਨੂੰ ਸਫਲਤਾ ਨਾਲ ਪੂਰਾ ਕਰਨ ਦਾ ਸੱਦਾ ਦਿੱਤਾ ਗਿਆ। ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਦਰਜ ਮੁਕੱਦਮੇ ਵਾਪਸ ਲੈਣ, ‘ਜੈ ਜਵਾਨ, ਜੈ ਕਿਸਾਨ’ ਅਤੇ ਬਿਜਲੀ-ਪਾਣੀ ਮੁਫ਼ਤ ਦਿਓ ਦੇ ਨਾਅਰੇ ਲਾਏ ਗਏ। ਅੱਜ ਦੇ ਧਰਨਿਆਂ ਦੌਰਾਨ ਸਿੱਖ ਧਰਮ ਅਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲੱਗਦੇ ਰਹੇ। ਧਰਨਿਆਂ ਦੌਰਾਨ ਕਿਸਾਨਾਂ ਦਾ ਉਤਸ਼ਾਹ ਦੇਖਣ ਵਾਲਾ ਰਿਹਾ। ਅੱਜ ਵੀ ਪੰਜਾਬ ਹਰਿਆਣਾ ਤੇ ਹੋਰ ਰਾਜਾਂ ਤੋਂ ਕਿਸਾਨਾਂ ਦਾ ਮੁੱਖ ਮਾਰਗਾਂ ਉਪਰ ਲੱਗੇ ਮੋਰਚਿਆਂ ਵਿੱਚ ਆਉਣ ਦਾ ਸਿਲਸਿਲਾ ਜਾਰੀ ਰਿਹਾ।

ਭੁੱਖ ਹੜਤਾਲ ’ਚ ਬੈਠੇ ਕਿਸਾਨਾਂ ਦਾ ਵੇਰਵਾ

ਸਿੰਘੂ ਬਾਰਡਰ ’ਤੇ ਕੀਤੀ ਭੁੱਖ ਹੜਤਾਲ ’ਚ ਜੈ ਕਿਸਾਨ ਅੰਦੋਲਨ ਦੇ ਰਵਿੰਦਰਪਾਲ ਕੌਰ ਗਿੱਲ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ, ਦੋਆਬਾ ਕਿਸਾਨ ਯੂਨੀਅਨ ਪੰਜਾਬ ਦੇ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾ, ਬੀਕੇਯੂ ਪੰਜਾਬ ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ, ਪੰਜਾਬ ਕਿਸਾਨ ਯੂਨੀਅਨ ਦੇ ਸੁਬਾਈ ਆਗੂ ਬੂਟਾ ਸਿੰਘ ਚੱਕਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਅਵਤਾਰ ਸਿੰਘ ਕੌਰਜੀਵਾਲਾ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਲੌਂਗੋਵਾਲ, ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਬੀਰ ਸਿੰਘ ਚੌਹਾਨ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁਕੇਸ਼ ਚੰਦਰ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਵਾਲ) ਦੇ ਬਲਜੀਤ ਸਿੰਘ ਤੇ ਲੋਕ ਇਨਸਾਫ ਵੈੱਲਫੇਅਰ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਸ਼ਾਮਲ ਹੋਏ।ਇਸੇ ਤਰ੍ਹਾਂ ਟਿਕਰੀ ਬਾਰਡਰ ’ਤੇ ਕੀਤੀ ਭੁੱਖ ਹੜਤਾਲ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸਵਰਨ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਗੁਰਯੋਧ ਸਿੰਘ, ਜਮਹੂਰੀ ਕਿਸਾਨ ਸਭਾ ਦੇ ਮਿੱਠੂ ਸਿੰਘ ਗੁੱਡੇ, ਕੁੱਲ ਹਿੰਦ ਕਿਸਾਨ ਸਭਾ (ਅਜੀਤ ਭਵਨ) ਦੇ ਹਰਦੇਵ ਸਿੰਘ, ਕੁੱਲ ਹਿੰਦ ਕਿਸਾਨ ਸਭਾ(ਪੁੰਨਾਵਾਲ) ਦੇ ਨਛੱਤਰ ਸਿੰਘ, ਬੀਕੇਯੂ ਏਕਤਾ (ਡਕੌਂਦਾ) ਦੇ ਸੁਖਚੈਨ ਸਿੰਘ ਮੋਗਾ, ਬੀਕੇਯੂ (ਕਾਦੀਆਂ) ਦੇ ਪਟਵਾਰੀ ਗੁਰਤੇਜ ਸਿੰਘ ਨੰਦਗੜ੍ਹ, ਬੀਕੇਯੂ (ਰਾਜੇਵਾਲ) ਦੇ ਲਖਵਿੰਦਰ ਸਿੰਘ, ਬੀਕੇਯੂ ਏਕਤਾ ਸਿੱਧੂਪੁਰ ਦੇ ਮਿੱਠੂ ਸਿੰਘ ਜੋਗਾ, ਬੀਕੇਯੂ ਏਕਤਾ (ਲੱਖੋਵਾਲ) ਦੇ ਨਿਰਮਲ ਸਿੰਘ ਝੰਡੂਕੇ, ਕੁੱਲ ਹਿੰਦ ਕਿਸਾਨ ਫੈਡਰੇਸ਼ਨ (ਭੰਗੂ) ਦੇ ਪ੍ਰੇਮ ਸਿੰਘ ਭੰਗੂ ਸ਼ਾਮਲ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune