ਗੰਨੇ ਦੀ ਫ਼ਸਲ ’ਤੇ ਭੇਤ-ਭਰੀ ਬਿਮਾਰੀ ਦਾ ਹਮਲਾ

September 17 2020

ਨੇੜਲੇ ਪਿੰਡ ਨਿਹੋਲਕਾ ਵਿੱਚ ਇੱਕ ਕਿਸਾਨ ਦੀ ਗੰਨੇ ਦੀ ਫ਼ਸਲ ਭੇਤਭਰੀ ਬਿਮਾਰੀ ਕਾਰਨ ਸੁੱਕ ਕੇ ਖ਼ਰਾਬ ਹੋ ਰਹੀ ਹੈ। ਗੰਨੇ ਦੀ ਫ਼ਸਲ ਨੂੰ ਪਈ ਬਿਮਾਰੀ ਕਾਰਨ ਇਲਾਕੇ ਦੇ ਹੋਰਨਾਂ ਗੰਨਾ ਕਾਸ਼ਤਕਾਰਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਕਿਸਾਨ ਨੇ ਮਾਹਿਰਾਂ ਤੋਂ ਫ਼ਸਲ ਦਾ ਜਾਇਜ਼ਾ ਲੈਣ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਕਿਸਾਨ ਸੁਰਿੰਦਰ ਸਿੰਘ ਦੁਸਾਰਨਾਂ ਨੇ ਦੱਸਿਆ ਕਿ ਉਸ ਨੇ ਪਿੰੰਡ ਨਿਹੋਲਕਾ ਵਿੱਚ ਠੇਕੇ ’ਤੇ ਲਏ ਖੇਤ ਵਿੱਚ 8436 ਕਿਸਮ ਦਾ ਗੰਨਾ ਬੀਜਿਆ ਸੀ। ਉਸ ਨੇ ਦੱਸਿਆ ਕਿ ਮਾਹਿਰਾਂ ਦੀ ਸਲਾਹ ਅਤੇ ਸਿਫਾਰਿਸ਼ਾਂ ਅਨੁਸਾਰ ਗੰਨੇ ਦੀ ਫ਼ਸਲ ਨੂੰ ਲੋੜੀਂਦੀਆਂ ਖ਼ਾਦਾਂ ਤੇ ਦਵਾਈਆਂ ਪਾਈਆਂ ਗਈਆਂ। ਉਸ ਨੇ ਦੱਸਿਆ ਕਿ ਜਦੋਂ ਕੁਝ ਦਿਨ ਪਹਿਲਾਂ ਉਸ ਦੀ ਖੇਤ ਵਿਚ ਲਹਿਰਾਉਦੀ ਖੜ੍ਹੀ ਗੰਨੇ ਦੀ ਫ਼ਸਲ ਅਚਾਨਕ ਸੁੱਕਣੀ ਸ਼ੁਰੂ ਹੋ ਗਈ। ਕਿਸਾਨ ਸੁਰਿੰਦਰ ਸਿੰਘ ਤੇ ਕਈ ਹੋਰਾਂ ਨੇ ਦੱਸਿਆ ਕਿ ਇਸ ਭੇਤਭਰੀ ਬਿਮਾਰੀ ਕਾਰਨ ਕੁਰਾਲੀ ਖੇਤਰ ਵਿਚ ਗੰਨਾ ਕਾ਼ਸ਼ਤਕਾਰਾਂ ਅੰਦਰ ਸਹਿਮ ਪਾਇਆ ਜਾ ਰਿਹਾ ਹੈ। ਇਸ ਸੰਬਧੀ ਸੂਚਨਾ ਮਿਲਣ ਤੋਂ ਬਾਅਦ ਖੇਤੀਵਾੜੀ ਵਿਭਾਗ ਵਲੋਂ ਖੇਤੀਬਾੜੀ ਅਫ਼ਸਰ ਡਾ: ਗੁਰਬਚਨ ਸਿੰਘ, ਸ਼ੂਗਰ ਮਿੱਲ ਮੋਰਿੰਡਾ ਦੇ ਗੰਨਾ ਇੰਸਪੈਕਟਰ ਗਗਨਜੋਤ ਸਿੰਘ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰ ਨਵਜੋਤ ਸਿੰਘ ਬਰਾੜ ’ਤੇ ਆਧਾਰਿਤ ਟੀਮ ਵਲੋਂ ਕਿਸਾਨ ਦੇ ਖੇਤ ਦਾ ਦੌਰਾ ਕੀਤਾ ਅਤੇ ਗੰਨੇ ਦੀ ਫਸਲ ਦਾ ਜਾਇਜ਼ਾ ਲਿਆ। ਟੀਮ ਨੇ ਦੱਸਿਆ ਕਿ ਗੰਨੇ ਦੀ ਇਹ ਕਿਸਮ ਬਹੁਤ ਪੁਰਾਣੀ ਹੈ, ਜਿਸਦੀ ਹੁਣ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ। ਊਨ੍ਹਾਂ ਕਿਹਾ ਕਿ ਫ਼ਸਲ ਦਾ ਨੁਕਸਾਨ ਉਸ ਪੜਾਅ ਵਿੱਚ ਹੈ, ਜਿਸ ਦਾ ਇਲਾਜ ਸੰਭਵ ਨਹੀਂ। ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਤੇ ਮਾਹਿਰਾਂ ਵਲੋਂ ਸਿਫਾਰਿਸ਼ ਫਸਲਾਂ ਹੀ ਬੀਜਣ ਦੀ ਅਪੀਲ ਕੀਤੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune