ਗੋਹੇ ਨਾਲ ਹੋਇਆ ਕਮਾਲ, ਕਿਸਾਨ ਹੋ ਰਹੇ ਮਾਲਾਮਾਲ; ਜੈਵਿਕ ਖਾਦ ਨਾਲ ਲੱਖਾਂ ਦੀ ਹੋ ਰਹੀ ਕਮਾਈ

July 06 2021

ਰਸਾਇਣਕ ਖਾਦ ਦੇ ਇਸਤੇਮਾਲ ਨਾਲ ਪੈਦਾ ਹੋਈਆਂ ਫ਼ਸਲਾਂ ਜਿੱਥੇ ਸਾਨੂੰ ਚੁਫੇਰਿਓਂ ਨੁਕਸਾਨ ਪਹੁੰਚਾ ਰਹੀਆਂ ਹਨ, ਉੱਥੇ ਹੀ ਰਵਾਇਤੀ ਤੌਰ ਤੇ ਜੈਵਿਕ ਖਾਦ ਦਾ ਮਜ਼ਬੂਤ ਬਦਲ ਉਪਲਬਧ ਹੋਣ ਤੋਂ ਬਾਅਦ ਵੀ ਇਸਦਾ ਇਸਤੇਮਾਲ ਨਾ ਕਰਨਾ ਖ਼ੁਦ ਹੀ ਆਪਣੇ ਪੈਰਾਂ ਤੇ ਕੁਹਾੜੀ ਮਾਰਨ ਵਰਗਾ ਹੈ। ਲੋਹਰਦਗਾ ਜ਼ਿਲ੍ਹੇ ਦੇ ਸਨੇਹਾ ਪ੍ਰਖੰਡ ਦੇ ਮੁਰਕੀ ਪਿੰਡ ਨਿਵਾਸੀ ਸੁਰੇਸ਼ ਮੁੰਡਾ ਨੇ ਜਦੋਂ ਇਸ ਮੰਤਰ ਨੂੰ ਸਮਝਿਆ ਤਾਂ ਉਨ੍ਹਾਂ ਜੈਵਿਕ ਖਾਦ ਇਸੇਤਮਾਲ ਕਰਨ ਦੇ ਨਾਲ ਇਸ ਨੂੰ ਰੁਜ਼ਗਾਰ ਦਾ ਵੀ ਸਾਧਨ ਬਣ ਲਿਆ। ਜੈਵਿਕ ਖਾਦ ਤਿਆਰ ਕਰ ਕੇ ਸੁਰੇਸ਼ ਮੁੰਡਾ ਸਾਲਾਨਾ ਇਕ ਤੋਂ ਡੇਢ ਲੱਖ ਰੁਪਏ ਤਕ ਦੀ ਕਮਾਈ ਕਰ ਰਹੇ ਹਨ।

ਸੁਰੇਸ਼ ਦੀ ਸਫਲਤਾ ਦੇਖ ਕੇ ਹੁਣ ਪਿੰਡ ਦੇ ਦਰਜਨਾਂ ਹੋਰ ਲੋਕਾਂ ਨੇ ਵੀ ਜੈਵਿਕ ਖਾਦ ਦੇ ਉਤਪਾਦਨ ਨੂੰ ਆਪਣੀ ਆਮਦਨੀ ਦਾ ਜ਼ਰੀਆ ਬਣਾਇਆ ਹੈ। ਇਸ ਦਾ ਇਕ ਵੱਡਾ ਫਾਇਦਾ ਇਹ ਵੀ ਹੋ ਰਿਹਾ ਹੈ ਕਿ ਲੋਹਰਦਗਾ ਦੇ ਇਕ ਪਿੰਡ ਵਿਚ ਲਗਪਗ ਸਾਰੇ ਲੋਕ ਜੈਵਿਕ ਖਾਦ ਦੀ ਵਰਤੋਂ ਕਰ ਰਹੇ ਹਨ। ਸੁਰੇਸ਼ ਦੱਸਦੇ ਹਨ ਜੈਵਿਕ ਖਾਦ ਦੇ ਇਸਤੇਮਾਲ ਨਾਲ ਜ਼ਮੀਨ ਦੀ ਉਪਜਾਊ ਸਮਰੱਥਾ ਵੀ ਵਧ ਰਹੀ ਹੈ ਤੇ ਲੋਕਾਂ ਦੀ ਸਿਹਤ ਤੇ ਵੀ ਬੁਰਾ ਅਸਰ ਨਹੀਂ ਪੈ ਰਿਹਾ ਹੈ। ਅਨਾਜ ਸਬਜ਼ੀਆਂ ਤੇ ਹੋਰ ਫ਼ਸਲਾਂ ਦੀ ਪੌਸ਼ਟਿਕਤਾ ਵਧਣ ਕਾਰਨ ਲੋਕ ਸਾਡੀਆਂ ਫ਼ਸਲਾਂ ਜ਼ਿਆਦਾ ਕੀਮਤ ਦੇ ਕੇ ਵੀ ਖਰੀਦਣ ਨੂੰ ਤਿਆਰ ਰਹਿੰਦੇ ਹਨ।

ਮਹਿਲਾ ਮੰਡਲ ਤੋਂ ਮਿਲੀ ਪ੍ਰੇਰਨਾ

ਸੁਰੇਸ਼ ਮੁੰਡਾ ਦੱਸਦੇ ਹਨ ਕਿ ਉਨ੍ਹਾਂ ਨੂੰ ਅੱਜ ਤੋਂ ਪੰਜ ਸਾਲ ਪਹਿਲਾਂ ਪਿੰਡ ਦੇ ਹੀ ਕੁਝ ਲੋਕਾਂ ਨੇ ਜੈਵਿਕ ਖਾਦ ਦੇ ਉਤਪਾਦਨ ਤੇ ਪ੍ਰਯੋਗ ਲਈ ਪ੍ਰੇਰਿਤ ਕੀਤਾ। ਫਿਰ ਇਸ ਬਾਰੇ ਕੁਝ ਖੇਤੀ ਮਾਹਿਰਾਂ ਨਾਲ ਗੱਲਬਾਤ ਕੀਤੀ ਤੇ ਇਸ ਨੂੰ ਰੁਜ਼ਗਾਰ ਦੇ ਤੌਰ ਤੇ ਅਪਣਾਇਆ। ਗੋਬਰ ਦੀ ਖਾਦ ਤੋਂ ਚੰਗੀ ਫ਼ਸਲ ਪ੍ਰਾਪਤ ਕਰ ਸਕਦੇ ਹਨ, ਇਹ ਤਾਂ ਪਤਾ ਸੀ ਪਰ ਇਸ ਤੋਂ ਵੱਡੇ ਪੱਧਰ ਤੇ ਆਮਦਨੀ ਵੀ ਕਰ ਸਕਦੇ ਹੋ, ਇਸ ਦੀ ਜਾਣਕਾਰੀ ਨਹੀਂ ਸੀ। ਸ਼ੁਰੂ ਵਿਚ ਗੋਬਰ ਤੋਂ ਬਿਨਾਂ ਪੂੰਜੀ ਦੇ ਕਮਾਈ ਹੋਣ ਲੱਗੀ। ਬਾਅਦ ਵਿਚ ਇਸ ਦਾ ਦਾਇਰਾ ਵਧਾਉਣ ਲਈ ਗੋਬਰ ਖਰੀਦ ਕੇ ਉਸ ਤੋਂ ਜੈਵਿਕ ਖਾਦ ਤਿਆਰ ਕਰਨ ਲੱਗੇ। ਜੈਵਿਕ ਖਾਦ ਤਿਆਰ ਹੋਣ ਤੋਂ ਬਾਅਦ ਵਪਾਰੀ ਪਿੰਡ ਆ ਕੇ ਇੱਥੋਂ ਜੈਵਿਕ ਖਾਦ ਖਰੀਦ ਕੇ ਲੈ ਜਾਂਦੇ ਹਨ। ਪਿੰਡ ਵਿਚ ਹੁਣ ਕਰੀਬ 60 ਲੋਕ ਜੈਵਿਕ ਖਾਦ ਤਿਆਰ ਕਰ ਰਹੇ ਹਨ।

7 ਤੋਂ 8 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਵਿਕ ਜਾਂਦੀ ਹੈ ਖਾਦ

ਸੁਰੇਸ਼ ਦੱਸਦੇ ਹਨ ਕਿ ਇਕ ਟ੍ਰੈਕਟਰ ਟਰਾਲੀ ਗੋਬਰ 2500 ਰੁਪਏ ਚ ਮਿਲਦੀ ਹੈ। ਗੰਡੋਏ ਵੀ ਆਸਾਨੀ ਨਾਲ ਪਿੰਡਾਂ ਚ ਮਿਲ ਜਾਂਦੇ ਹਨ। ਇਸ ਤੋਂ ਬਾਅਦਜ ਇਸ ਨੂੰ ਪ੍ਰੋਸੈੱਸ ਕਰਨ ਤੇ ਮਜ਼ਦੂਰੀ ਆਦਿ ਵਿਚ ਪ੍ਰਤੀ ਕਿੱਲੋ ਲਗਪਗ 2 ਰੁਪਏ ਦਾ ਵਾਧੂ ਖਰਚ ਆਉਂਦਾ ਹੈ। ਤਿਆਰ ਹੋਣ ਤੋਂ ਬਾਅਦ ਇਹ ਖਾਦ ਬਾਜ਼ਾਰ ਵਿਚ 7 ਤੋਂ 8 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਵਿਕ ਜਾਂਦੀ ਹੈ। ਲੋਹਰਦਗਾ ਦੇ ਅਲੱਗ-ਅਲੱਗ ਖੇਤਰਾਂ ਤੋਂ ਇਲਾਵਾ ਰਾਂਚੀ, ਗੁਮਲਾ, ਲਾਤੇਹਾਰ, ਪਲਾਮੂ ਆਦਿ ਖੇਤਰ ਦੇ ਵਪਾਰੀ ਵੀ ਇਸ ਨੂੰ ਖਰੀਦ ਕੇ ਲੈ ਜਾਂਦੇ ਹਨ।

ਹੋਰ ਕਿਸਾਨਾਂ ਨੂੰ ਵੀ ਦਿੰਦੇ ਹਨ ਟ੍ਰੇਨਿੰਗ

ਸੁਰੇਸ਼ ਪਿੰਡ ਦੇ ਦੂਸਰੇ ਲੋਕਾਂ ਨੂੰ ਜੈਵਿਕ ਖਾਦ ਤਿਆਰ ਕਰਨ ਲਈ ਕਿਸਾਨਾਂ ਨੂੰ ਟ੍ਰੇਨਿੰਗ ਵੀ ਦਿੰਦੇ ਹਨ। ਵੱਡੀ ਗਿਣਤੀ ਚ ਲੋਕ ਉਨ੍ਹਾਂ ਨਾਲ ਜੁੜ ਰਹੇ ਹਨ। ਹਾਲਾਤ ਇਹ ਹੈ ਕਿ ਮੁਰਕੀ ਪਿੰਡ ਚ ਹਰੇਕ ਘਰ ਵਿਚ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ। ਇਸ ਨਾਲ ਸੁਰੇਸ਼ ਸਮੇਤ ਪਿੰਡ ਦੇ ਲੋਕ ਆਤਮਨਿਰਭਰ ਹੋ ਰਹੇ ਹਨ।

ਬਣਾਉਣਾ ਵੀ ਆਸਾਨ ਤੇ ਵੇਚਣਾ ਵੀ

ਸੁਰੇਸ਼ ਤੋਂ ਪ੍ਰਭਾਵਿਤ ਹੋ ਕੇ ਮੁਰਕੀ ਪਿੰਡ ਦੇ ਰਾਜੇਸ਼ ਮੁੰਡਾ, ਜਗਦੀਸ਼ ਮੁੰਡਾ, ਗੰਗਾ ਉਰਾਂਵ, ਮੈਮੂਨ ਖਾਤੂਨ, ਰਾਣੀ ਦੇਵੀ, ਕੁਸ਼ੱਲਿਆ ਦੇਵੀ, ਸੁਸ਼ਾਂਤੀ ਉਰਾਂਵ ਜੈਵਿਕ ਖਾਦ ਬਣਾ ਕੇ ਇਸ ਨੂੰ ਜੀਵਿਕਾ ਦੇ ਰੂਪ ਚ ਅਪਣਾ ਚੁੱਕੇ ਹਨ। ਰਾਜੇਸ਼ ਮੁੰਡਾ ਕਹਿੰਦੇ ਹਨ ਕਿ ਪਹਿਲਾਂ ਗੋਹਾ ਜੀਅ ਦਾ ਜੰਜਾਲ ਬਣਿਆ ਰਹਿੰਦਾ ਸੀ। ਹੁਣ ਜੈਵਿਕ ਖਾਦ ਬਣਾ ਕੇ ਵੇਚਣ ਤੇ ਆਪਣੇ ਖੇਤਾਂ ਚ ਵੀ ਇਸਤੇਮਾਲ ਕਰਨ ਨਾਲ ਆਮਦਨ ਚੰਗੀ ਹੋ ਰਹੀ ਹੈ ਤੇ ਪੈਦਾਵਾਰ ਵੀ।

ਜੈਵਿਕ ਖਾਦ ਦੀ ਮੰਗ ਦੇ ਨਾਲ ਸਾਡੀ ਆਮਦਨ ਵੀ ਵਧ ਰਹੀ ਹੈ। ਇਸ ਨੂੰ ਬਣਾਉਣਾ ਵੀ ਆਸਾਨ ਹੈ ਤੇ ਵਿਕਰੀ ਚ ਵੀ ਕੋਈ ਪਰੇਸ਼ਾਨੀ ਨਹੀਂ ਹੈ। ਖੇਤੀ-ਕਿਸਾਨਾਂ ਨਾਲ ਜੁੜੇ ਲੋਕਾਂ ਲਈ ਬਿਹਤਰ ਵਪਾਰ ਹੈ। ਪ੍ਰਗਤੀਸ਼ੀਲ ਕਿਸਾਨ ਸੁਰੇਸ਼ ਕਹਿੰਦੇ ਹਨ ਕਿ ਜੈਵਿਕ ਖਾਦ ਆਪਣੇ ਖੇਤਾਂ ਚ ਵਰਤ ਕੇ ਰਸਾਇਣਕ ਖਾਦ ਚ ਹੋਣ ਵਾਲਾ ਖਰਚਾ ਬਚਦਾ ਹੈ। ਉੱਥੇ ਹੀ ਖੇਤੀ ਦੀ ਮਿੱਟੀ ਵੀ ਖਰਾਬ ਨਹੀਂ ਹੁੰਦੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran