ਗਰਮੀ ਵਧਣ ਕਾਰਨ ਅਗਾਊਂ ਪੀਲੀਆਂ ਪੈਣ ਲੱਗੀਆਂ ਕਣਕ ਦੀਆਂ ਬੱਲੀਆਂ

March 21 2022

ਮੌਸਮ ਵਿੱਚ ਆਈ ਅਚਾਨਕੀ ਤਬਦੀਲੀ ਨੇ ਕਣਕ ਦੀ ਫ਼ਸਲ ਦੇ ਭਰਪੂਰ ਝਾੜ ਲਈ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਦਿਨ ਵੇਲੇ ਤਾਪਮਾਨ ਉੱਚਾ ਹੋਣ ਕਰਕੇ ਬਹੁਤ ਸਾਰੇ ਖੇਤਰਾਂ ਵਿੱਚ ਪਛੇਤੀਆਂ ਕਣਕਾਂ ਨਿਸਰਨੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨੂੰ ਖੇਤੀ ਮਾਹਿਰਾਂ ਨੇ ਖਤਰੇ ਦੀ ਘੰਟੀ ਕਰਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਆਪਣੀ ਕਣਕ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਲਈ ਉਸ ਨੂੰ ਲਗਾਤਾਰ ਪਤਲਾ ਪਾਣੀ ਦਿੰਦੇ ਰਹਿਣ ਦੀ ਸਲਾਹ ਦਿੱਤੀ ਹੈ। ਉਧਰ ਭਾਖੜਾ ਸਮੇਤ ਇਸ ਖੇਤਰ ’ਚੋਂ ਲੰਘਦੀਆਂ ਹੋਰਨਾਂ ਨਹਿਰਾਂ ਵਿੱਚ ਪਾਣੀ ਨਾ ਹੋਣ ਕਾਰਨ ਅਤੇ ਕਿਸਾਨਾਂ ਨੂੰ ਖੇਤੀ ਮੋਟਰਾਂ ਲਈ ਤਿੰਨ ਘੰਟੇ ਤੋਂ ਵੱਧ ਬਿਜਲੀ ਨਾ ਦੇਣ ਕਾਰਨ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਆਪਣੀ ਹਾੜੀ ਦੀ ਫ਼ਸਲ ਬਚਾਉਣ ਲੱਗੇ ਹਨ।

ਇਥੇ ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਵਿਚ ਆਮ ਤੌਰ ’ਤੇ ਨਰਮੇ ਦੀ ਫ਼ਸਲ ਜ਼ਿਆਦਾ ਹੋਣ ਕਰਕੇ ਕਣਕ ਦੀ ਬਿਜਾਈ ਅਕਸਰ ਲੇਟ ਹੀ ਹੋ ਜਾਂਦੀ ਹੈ, ਇਸ ਲੇਟ ਬਿਜਾਈ ਕਰਕੇ ਪਹਿਲਾਂ ਹੀ ਕਣਕ ਦੇ ਕਮਜ਼ੋਰ ਰਹਿਣ ਦਾ ਖਦਸ਼ਾ ਬਣਿਆ ਹੋਇਆ ਹੈ। 

ਹੁਣ ਅਚਾਨਕ ਵਧੀ ਤਪਸ਼ ਕਾਰਨ ਖੇਤੀਬਾੜੀ ਵਿਭਾਗ ਨੇ ਜ਼ਿਲ੍ਹੇ ਵਿੱਚ ਬਕਾਇਦਾ ਰੂਪ ਵਿੱਚ ਫ਼ਸਲ ਸਬੰਧੀ ਇੱਕ ਸਰਵੇਖਣ ਸ਼ੁਰੂ ਕਰਵਾਇਆ ਹੈ। ਇਸ ਸਰਵੇ ਵਿੱਚ ਫ਼ਸਲ ਦੀ ਹੁਣ ਤੱਕ ਦੀ ਸਥਿਤੀ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਮਹਿਕਮੇ ਦੀ ਪੜਤਾਲੀਆ ਰਿਪੋਰਟ ਤੋਂ ਫਿਲਹਾਲ ਇਹੋ ਜਾਣਕਾਰੀ ਮਿਲੀ ਹੈ ਕਿ ਅਜੇ ਤੱਕ ਫ਼ਸਲ ਸਥਿਰ ਸਥਿਤੀ ਵਿੱਚ ਹੈ ਅਤੇ ਕਿਸਾਨਾਂ ਵੱਲੋਂ ਕਣਕ ਨੂੰ ਸੰਭਾਲਣ ਦਾ ਸਹੀ ਸਮਾਂ ਹੈ।

ਖੇਤੀ ਵਿਭਾਗ ਦੇ ਬਠਿੰਡਾ ਸਥਿਤ ਜ਼ਿਲ੍ਹਾ ਮੁੱਖ ਅਫਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਵਿਭਾਗ ਦੇ ਕਹਿਣ ’ਤੇ ਫ਼ਸਲ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਥੇ ਕਣਕ ਨੂੰ ਪਾਣੀ ਲੱਗ ਗਿਆ ਹੈ, ਉਥੇ ਉਹ ਪੂਰੀ ਜਲੌਅ ਵਿੱਚ ਖੜ੍ਹੀ ਹੈ। 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਦਾ ਮੰਨਣਾ ਹੈ ਕਿ ਇਸ ਵਾਰ ਮਾਲਵਾ ਪੱਟੀ ਵਿਚ ਅਜੇ ਤੱਕ ਫੱਗਣ ਮਹੀਨੇ ਵਿਚ ਭਰਵਾਂ ਮੀਂਹ ਵੀ ਨਹੀਂ ਪਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਵਰਖਾ ਨਾ ਪੈਣ ਨੂੰ ਖੇਤੀ ਮਾਹਿਰਾਂ ਵਲੋਂ ਕਣਕ ਲਈ ਸ਼ੁਭ ਨਹੀਂ ਮੰਨਿਆ ਜਾ ਰਿਹਾ ਹੈ।

ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਵਾਰ-ਵਾਰ ਮੌਸਮ ਵਿੱਚ ਬਦਲਾਅ ਕਾਰਨ ਅਤੇ ਪੱਕਣ ’ਤੇ ਆਈ ਕਣਕ ਦੀ ਫ਼ਸਲ ਦੇ ਝਾੜ ਘੱਟਣ ਦਾ ਖਦਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤੀ ਸੈਕਟਰ ਲਈ 10, ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਜਿਸ ਨਾਲ ਪਾਣੀ ਪਤਲਾ ਲਗ ਸਕੇਂ ਅਤੇ ਕਣਕ ਡਿੱਗਣ ਤੋਂ ਵੀ ਬਚਾਅ ਹੋ ਸਕਦਾ ਹੈ।

ਕਣਕ ਦੀ ਫ਼ਸਲ ’ਤੇ ਕਾਲੀ ਭੂਰੀ ਸੁੰਡੀ ਦਾ ਹਮਲਾ

ਇਲਾਕੇ ਦੇ ਬਜ਼ੁਰਗ ਕਿਸਾਨ ਆਗੂ ਹਰਦੇਵ ਸਿੰਘ ਕੋਟਧਰਮੂ ਅਤੇ ਹੋਰਾਂ ਨੇ ਦੱਸਿਆ ਕਿ ਬੀਤੇ ਇਕ ਹਫ਼ਤੇ ਤੋਂ ਕਣਕ ਦੀ ਫ਼ਸਲ ’ਤੇ ਕਾਲੇ  ਭੂਰੇ ਰੰਗ ਦੀ ਸੁੰਡੀ ਦਾ ਹਮਲਾ ਕਾਫ਼ੀ ਤੇਜ਼ ਹੋ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਇਹ ਸੁੰਡੀ ਬੱਲੀ ਦੇ ਦਾਣਿਆਂ ਦਾ ਦੁੱਧ ਚੂਸ ਕੇ ਤੇਜ਼ੀ ਨਾਲ ਬਾਹਰ ਕੱਢ ਦਿੰਦੀ ਹੈ, ਜਿਸ ਨਾਲ ਕਣਕ ਦੀ ਬੱਲੀ ਦੇ ਦਾਣੇ ਬਹੁਤ ਕਮਜ਼ੋਰ ਪੈ ਜਾਂਦੇ ਹਨ। ਕਿਸਾਨਾਂ ਨੇ ਦੱਸਿਆ ਕਿ ਜੇਕਰ ਕਣਕ ਦੀ ਪੱਕਣ ਉੱਤੇ ਆਈ ਫ਼ਸਲ ’ਤੇ ਇਸ ਸੁੰਡੀ ਦਾ ਹਮਲਾ ਨਾ ਰੁਕਿਆ ਤਾਂ ਕਣਕ ਦੀ ਫ਼ਸਲ ’ਤੇ ਬਹੁਤ ਮਾਰੂ ਅਸਰ ਪਵੇਗਾ। ਕਿਸਾਨਾਂ ਨੇ ਖੇਤੀ ਮਾਹਿਰਾਂ ਤੋਂ ਇਸ ਸਬੰਧੀ ਉੱਚ ਪੱਧਰੀ ਜਾਂਚ ਕਰਕੇ ਇਸ ਸੁੰਡੀ ਦੇ ਖਾਤਮੇ ਲਈ ਲੋੜੀਂਦੇ ਕੀਟਨਾਸ਼ਕਾਂ ਦੀ ਸਿਫ਼ਾਰਸ਼ ਕੀਤੇ ਜਾਣ ਦੀ ਮੰਗ ਕੀਤੀ ਹੈ।

ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਾਉਣ ਦੀ ਮੰਗ

ਇਲਾਕੇ ਦੇ ਕਿਸਾਨ ਭੋਲਾ ਸਿੰਘ, ਸਰਦੂਲ ਸਿੰਘ ਬੋਹਾ ਤੇ ਸਿੰਕਦਰ ਸਿੰਘ ਨੇ ਦੱਸਿਆ ਕਿ ਇੱਕਦਮ ਗਰਮੀ ਵਧਣ ਕਾਰਨ ਕਣਕ ਦੀ ਫ਼ਸਲ ਸਮੇਂ ਤੋਂ ਪਹਿਲਾਂ ਸੁੱਕਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਵਧੇ ਤਾਪਮਾਨ ਕਾਰਨ ਕਣਕ ਦੀਆਂ ਬੱਲੀਆਂ ਵਿਚਲੇ ਦਾਣੇ ਬਾਰੀਕ ਹੋਣ ਦੇ ਅਸਾਰ ਹਨ, ਜਿਸ ਕਾਰਨ ਇਸ ਵਾਰ ਝਾੜ ਘੱਟ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਗਰਮੀ ਕਾਰਨ ਸਰ੍ਹੋਂ ਦੀ ਫ਼ਸਲ ਵੀ ਪ੍ਰਭਾਵਿਤ ਹੋਈ ਹੈ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਿਚ ਕੈਂਪ ਲਗਾ ਕੇ ਫ਼ਸਲਾਂ ਨੂੰ ਪੈ ਰਹੀ ਬੇਮੌਸਮੀ ਗਰਮੀ ਦੀ ਮਾਰ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune