ਗਧੀ ਨੂੰ ਮਿਲੇਗਾ ਦੁਧਾਰੂ ਪਸ਼ੂ ਦਾ ਦਰਜਾ

September 12 2020

ਹੁਣ ਤਕ ਅਸੀਂ ਸਿਰਫ਼ ਗਾਂ, ਮੱਝ, ਭੇਡ, ਬਕਰੀ ਅਤੇ ਊਠਣੀ ਦੇ ਦੁੱਧ ਅਤੇ ਉਨ੍ਹਾਂ ਦੇ ਉਤਪਾਦਨ ਬਾਰੇ ਪੜ੍ਹਿਆ ਹੈ ਪਰ ਹੁਣ ਗਧੀ ਦਾ ਦੁੱਧ ਵੀ ਇਨ੍ਹਾਂ ਚ ਸ਼ਾਮਲ ਹੋ ਗਿਆ ਹੈ ਜਿਸ ਦਾ ਉਤਪਾਦਨ ਗੁਜਰਾਤ ਚ ਸ਼ੁਰੂ ਹੋਵੇਗਾ। ਹੁਣ ਤਕ ਗਧੇ ਨੂੰ ਭਾਰ ਚੁੱਕਣ ਲਈ ਹੀ ਜਾਣਿਆ ਜਾਂਦਾ ਸੀ ਪਰ ਹਾਲਾਰੀ ਨਸਲ ਦੀ ਗਧੀ ਨੂੰ ਦੁਧਾਰੂ ਪਸ਼ੂ ਦਾ ਨਵਾਂ ਦਰਜਾ ਮਿਲਣ ਜਾ ਰਿਹਾ ਹੈ।

ਆਨੰਦ ਦੀ ਐਗਰੀਕਲਚਰ ਯੂਨੀਵਰਸਿਟੀ ਸੰਚਾਲਤ ਵੈਟਰਨਰੀ ਕਾਲਜ ਦੇ ਵਿਗਿਆਨੀਆਂ ਨੇ ਅਜਿਹੇ ਦੋ ਪ੍ਰਕਾਰ ਦੀ ਗਧੀ ਦੀ ਨਸਲ ਦੀ ਮਾਨਤਾ ਪ੍ਰਾਪਤ ਕੀਤੀ ਹੈ। ਇਕ ਹਾਲਾਰੀ ਅਤੇ ਦੂਜੀ ਕੱਛੀ। ਸਫ਼ੇਦ ਰੰਗ ਦੀ ਹਾਲਾਰੀ ਗਧੀ ਵਿਖਣ ਚ ਘੋੜੇ ਵਰਗੀ ਹੁੰਦੀ ਹੈ ਪਰ ਹਾਲਾਰੀ ਗਧੀ ਘੋੜਿਆਂ ਤੋਂ ਕੱਦ ਚ ਛੋਟੀ ਤੇ ਬਾਕੀ ਗਧਿਆਂ ਦੇ ਮੁਕਾਬਲੇ ਵੱਡੀ ਹੁੰਦੀ ਹੈ ਜਿਸ ਦੇ ਨਾਲ ਹਾਲਾਰੀ ਗਧੀ ਦੇ ਦੁੱਧ ਦਾ ਉਤਪਾਦਨ ਸ਼ੁਰੂ ਹੋਇਆ ਹੈ।

ਹਾਲਾਰੀ ਨਸਲ ਦੀ ਗਧੀ ਗੁਜਰਾਤ ਦੇ ਸੌਰਾਸ਼ਟਰ ਖੇਤਰ ਚ ਪਾਈ ਜਾਂਦੀ ਹੈ। ਹੁਣ ਗੁਜਰਾਤ ਸਰਕਾਰ ਹਾਲਾਰੀ ਨਸਲ ਦੀ ਗਧੀ ਨੂੰ ਦੁਧਾਰੂ ਪਸ਼ੁ ਦੀ ਸ਼੍ਰੇਣੀ ਚ ਰੱਖ ਕੇ ਕਮਾਈ ਦਾ ਜ਼ਰੀਆ ਬਣਾਉਣ ਬਾਰੇ ਸੋਚ ਰਹੀ ਹੈ। ਯੂਨੀਵਰਸਿਟੀ ਦੇ ਵੈਟਰਨਰੀ ਡਾਕਟਰ ਡੀ.ਐਨ. ਰੰਕ ਨੇ ਦਸਿਆ ਕਿ ਗੁਜਰਾਤ ਦੀ ਸਥਾਨਕ ਹਾਲਾਰੀ ਨਸਲ ਦੀ ਗਧੀ ਦੇ ਦੁੱਧ ਚ ਬਹੁਤ ਚਿਕਿਤਸਕ ਗੁਣ ਹੁੰਦੇ ਹਨ।

ਮਿਸਰ ਦੇਸ਼ ਰਾਣੀ ਕਲਿਉਪੇਟਰਾ ਗਧੀ ਦੇ ਦੁੱਧ ਨਾਲ ਇਸਨਾਨ ਕਰਦੀ ਸੀ ਕਿਉਂਕਿ ਦੁੱਧ ਚ ਐਂਟੀ ਏਜਿੰਗ, ਐਂਟੀ ਆਕਸੀਡੈਂਟ ਅਤੇ ਕਈ ਦੂਜੇ ਤੱਤ ਹੁੰਦੇ ਹਨ ਜਿਸ ਦੇ ਨਾਲ ਇਹ ਦੁੱਧ ਕੀਮਤੀ ਹੋ ਜਾਂਦਾ ਹੈ। ਇਸ ਦੁੱਧ ਦੀ ਬਿਊਟੀ ਪ੍ਰੋਡਕਟ ਬਣਾਉਣ ਚ ਵਰਤੋਂ ਕੀਤੀ ਜਾਵੇਗੀ ਜਿਸ ਦੇ ਚਲਦੇ ਹੁਣ ਗੁਜਰਾਤ ਚ ਗਧੀ ਦੇ ਦੁੱਧ ਦਾ ਉਤਪਾਦਨ ਸ਼ੁਰੂ ਹੋਵੇਗਾ।

ਬਾਜ਼ਾਰ ਚ ਇਸ ਦੁੱਧ ਦੀ ਕੀਮਤ 7 ਹਜ਼ਾਰ ਰੁਪਏ ਪ੍ਰਤੀ ਲਿਟਰ ਦੱਸੀ ਗਈ ਹੈ ਜਿਸਦੇ ਨਾਲ ਇਹ ਦੁਨੀਆਂ ਚ ਸੱਭ ਤੋਂ ਮਹਿੰਗਾ ਦੁੱਧ ਸਾਬਤ ਹੋਵੇਗਾ। ਡਾਕਟਰ ਰੰਕ ਨੇ ਦਸਿਆ ਕਿ ਸਾਡੀ ਸੰਸਥਾ ਨੇ ਦੋ ਨਸਲ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ। ਸਹਜੀਵਨ ਟਰੱਸਟ, ਕੱਛ ਦੇ ਨਾਲ ਮਿਲ ਕੇ ਅਸੀਂ ਸ਼ੋਧ ਕੀਤਾ ਅਤੇ ਉਸ ਦਾ ਪ੍ਰਪੋਜਲ ਸੂਬਾ ਸਰਕਾਰ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਭੇਜਿਆ ਸੀ ਜਿਸ ਚ ਮਾਨਤਾ ਮਿਲੀ ਹੈ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman